ਘਰ ’ਚ ਪੁਤਲਾ ਫੂਕਣ ਦੀ ਜ਼ਿੱਦ ਕਰ ਕੇ ਯੂਥ ਕਾਂਗਰਸੀਅਾਂ ਨੇ ਕੀਤੀ ਗੁੰਡਾਗਰਦੀ : ਕਮਲ ਸ਼ਰਮਾ

Wednesday, Jun 27, 2018 - 02:21 AM (IST)

ਘਰ ’ਚ ਪੁਤਲਾ ਫੂਕਣ ਦੀ ਜ਼ਿੱਦ ਕਰ ਕੇ ਯੂਥ ਕਾਂਗਰਸੀਅਾਂ ਨੇ ਕੀਤੀ ਗੁੰਡਾਗਰਦੀ : ਕਮਲ ਸ਼ਰਮਾ

ਫਿਰੋਜ਼ਪੁਰ(ਜ.ਬ.)  ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ  ਕਮਲ ਸ਼ਰਮਾ ਨੇ ਫਿਰੋਜ਼ਪੁਰ ਸ਼ਹਿਰ ਵਿਚ ਯੂਥ ਕਾਂਗਰਸ ਵੱਲੋਂ ਪੁਤਲਾ ਫੂਕਦੇ ਸਮੇਂ ਗੁੰਡਾਗਰਦੀ ਕਰਨ ਤੇ ਉਨ੍ਹਾਂ ਦੇ ਫਿਰੋਜ਼ਪੁਰ ਸ਼ਹਿਰ ਸਥਿਤ ਘਰ ’ਚ ਜ਼ਬਰਦਸਤੀ ਦਾਖਲ ਹੋਣ ਤੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਰਾਜ ਕੁਮਾਰ ਏ. ਐੱਸ. ਆਈ. ਨਾਲ ਹਾਥੋਪਾਈ ਕਰਨ ਦਾ ਦੋਸ਼ ਲਾਇਆ ਹੈ। ਕਮਲ ਸ਼ਰਮਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਫਿਰੋਜ਼ਪੁਰ ਦੀ ਲੋਕਲ ਪੁਲਸ ਨੇ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ।  ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਕਾਂਗਰਸ ਕਿਸ ਕਦਰ ਗੁੰਡਾਗਰਦੀ ਕਰਦੀ ਹੈ, ਉਸ ਦੀ ਮਿਸਾਲ ਅੱਜ ਯੂਥ ਕਾਂਗਰਸ ਨੇ ਜਨਤਾ ਦੇ ਸਾਹਮਣੇ ਪੇਸ਼ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੇਰੇ ਘਰ ’ਚ ਅੌਰਤਾਂ ਸਨ ਤੇ ਸੁਖਵਿੰਦਰ ਸਿੰਘ ਅਟਾਰੀ ਦੀ ਅਗਵਾਈ ਹੇਠ ਮੇਰੇ ਘਰ ਦੇ ਸਾਹਮਣੇ ਪੁਤਲਾ ਫੂਕਣ ਆਏ ਯੂਥ ਕਾਂਗਰਸ ਦੇ ਅਹੁਦੇਦਾਰਾਂ ਨੇ ਮੇਰੇ ਘਰ ਦੇ ਅੰਦਰ ਦਾਖਲ ਹੋ ਕੇ ਘਰ ਦੇ ਅੰਦਰ ਪੁਤਲਾ ਫੂਕਣ ਦੀ ਜ਼ਿੱਦ ਕੀਤੀ ਅਤੇ ਏ. ਐੱਸ. ਆਈ. ਰਾਜ ਕੁਮਾਰ ਵੱਲੋਂ ਰੋਕਣ ’ਤੇ ਉਸ ਦੇ ਨਾਲ ਜ਼ਬਰਦਸਤੀ ਅਤੇ ਹਾਥੋਪਾਈ ਕੀਤੀ।  ਇਹ ਗੰਦੀ ਰਾਜਨੀਤੀ ਹੈ ਅਤੇ ਅਜਿਹੀ ਗੰਦੀ ਰਾਜਨੀਤੀ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। 
ਕਮਲ ਸ਼ਰਮਾ ਨੇ ‘ਜਗ ਬਾਣੀ’ ਨੂੰ ਟੈਲੀਫੋਨ ’ਤੇ ਆਪਣਾ ਪੱਖ ਦਿੰਦਿਆਂ ਕਿਹਾ ਕਿ ਫਿਰੋਜ਼ਪੁਰ ਸ਼ਹਿਰ ’ਚ ਪੀ. ਜੀ. ਆਈ. ਸੈਟੇਲਾਈਟ ਸੈਂਟਰ ਦੀ ਉਸਾਰੀ ਕਰਨ  ਲਈ ਲਡ਼ਕਿਆਂ ਦੀ ਆਈ. ਟੀ. ਆਈ. ਵਾਲੀ ਜਗ੍ਹਾ ਟਰਾਂਸਫਰ ਕੀਤੀ ਜਾ ਚੁੱਕੀ ਹੈ ਅਤੇ ਫਿਰੋਜ਼ਪੁਰ ਸ਼ਹਿਰ ਦੀ ਜਨਤਾ ਚਾਹੁੰਦੀ ਹੈ ਕਿ ਪੀ. ਜੀ. ਆਈ. ਸੈਟੇਲਾਈਟ ਸੈਂਟਰ ਲਡ਼ਕਿਆਂ ਦੀ ਆਈ. ਟੀ. ਆਈ. ਵਾਲੀ ਫਿਰੋਜ਼ਪੁਰ ਸ਼ਹਿਰ ਦੀ ਜਗ੍ਹਾ ’ਚ ਬਣੇ ਕਿਉਂਕਿ ਇਸ ਸ਼ਹਿਰ ਦੇ ਲੋਕਾਂ ਨੂੰ ਹੈਲਥ ਸਬੰਧੀ ਸਾਰੀਆਂ ਸਹੂਲਤਾਂ ਦੇ ਨਾਲ-ਨਾਲ ਰੋਜ਼ਗਾਰ ਵੀ ਮਿਲੇਗਾ। ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਜਿਹਾ ਪਹਿਲੀ ਵਾਰ ਦੇਖਿਆ ਹੈ ਕਿ ਜਦ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦਾ ਇਕ ਵਿਧਾਇਕ ਇੰਨਾ ਵੱਡਾ ਪ੍ਰਾਜੈਕਟ ਦਿਹਾਤੀ ਹਲਕੇ ਵਿਚ ਲਿਜਾ ਰਿਹਾ ਹੈ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਇਹ ਤਰਕ ਦੇਣਾ ਕਿ ਫਿਰੋਜ਼ਪੁਰ ਸ਼ਹਿਰ ਵਿਚ ਟਰੈਫਿਕ ਦੀ ਮੁਸ਼ਕਲ ਹੈ, ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿਚ ਇਸ ਤੋਂ ਵੀ ਜ਼ਿਆਦਾ ਟਰੈਫਿਕ ਹੈ ਪਰ ਉਥੇ ਡੀ. ਐੱਮ. ਸੀ, ਸੀ. ਐੱਮ. ਸੀ. ਆਦਿ ਕਈ ਵੱਡੇ-ਵੱਡੇ ਹਸਪਤਾਲ ਹਨ, ਫਿਰ ਵੀ ਲੋਕਾਂ ਨੂੰ ਉਥੇ ਕੋਈ ਮੁਸ਼ਕਲ ਨਹੀਂ ਆਉਂਦੀ।  ਸ਼੍ਰੀ ਸ਼ਰਮਾ ਨੇ ਕਿਹਾ ਕਿ ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ ਦਾ 10 ਕਰੋਡ਼ ਦੀ ਲਾਗਤ ਨਾਲ ਅੰਡਰ ਗਰਾਊਂਡ ਰੇਲਵੇ ਪੁਲ ਵੀ ਬਣਾਇਆ ਜਾ ਰਿਹਾ ਹੈ, ਇਸ ਲਈ ਇਥੇ ਟਰੈਫਿਕ ਦੀ ਕੋਈ ਮੁਸ਼ਕਲ ਨਹੀਂ ਰਹੇਗੀ।  ਫਿਰੋਜ਼ਪੁਰ  ਦੇ ਲੋਕਾਂ ਨੂੰ ਵਿਧਾਇਕ ਮੈਡੀਕਲ ਸਹੂਲਤਾਂ ਦੇਣਾ ਚਾਹੁੰਦੇ ਹਨ ਤਾਂ ਇਹ ਹਸਪਤਾਲ ਫਿਰੋਜ਼ਪੁਰ ਸ਼ਹਿਰ ’ਚ ਹੀ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਗਾ ਰੋਡ ’ਤੇ ਇਹ ਹਸਪਤਾਲ ਬਣਵਾਉਣ ਦੀ ਜ਼ਿੱਦ ਕਰ ਕੇ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ। 
ਫਿਰੋਜ਼ਪੁਰ  ਸ਼ਹਿਰ ’ਚ ਪੀ. ਜੀ. ਆਈ. ਬਣਾਉਣ  ਲਈ ਮੈਂ ਕਿਤੇ ਵੀ ਜਾਣ ਨੂੰ ਤਿਆਰ ਹਾਂ  
ਕਮਲ ਸ਼ਰਮਾ ਨੇ ਕਿਹਾ ਕਿ ਜੇਕਰ ਵਿਧਾਇਕ ਫਿਰੋਜ਼ਪੁਰ ਸ਼ਹਿਰ ਦੀ ਆਈ. ਟੀ. ਆਈ. ਵਾਲੀ ਜਗ੍ਹਾ ’ਚ ਮਨਜ਼ੂਰ ਹੋਏ ਪੀ. ਜੀ. ਆਈ. ਨੂੰ ਬਣਾਉਣ ਲਈ ਤਿਆਰ ਹਨ ਤਾਂ ਮੈਂ ਕਿਤੇ ਵੀ ਉਨ੍ਹਾਂ  ਨਾਲ ਜਾਣ ਨੂੰ ਤਿਆਰ ਹਾਂ। ਉਨ੍ਹਾਂ  ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਉਹ ਪੀ. ਜੀ. ਆਈ. ਫਿਰੋਜ਼ਪੁਰ ਸ਼ਹਿਰ ’ਚ ਹੀ ਬਣਵਾ ਕੇ ਰਹਿਣਗੇ। ਉਨ੍ਹਾਂ  ਫਿਰੋਜ਼ਪੁਰ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਤੇ ਲੋਕਾਂ ਨੂੰ ਸ਼ਹਿਰ ਦੇ ਹਿੱਤ ਵਿਚ ਅੱਗੇ ਆਉਣ ਲਈ ਕਿਹਾ। 
 ਮੇਰੇ ਘਰ ’ਚ ਜ਼ਬਰਦਸਤੀ ਦਾਖਲ ਹੋਣ ਵਾਲਿਆਂ ਖਿਲਾਫ ਕਾਰਵਾਈ ਹੋਵੇ  
ਕਮਲ ਸ਼ਰਮਾ ਨੇ ਡੀ. ਜੀ. ਪੀ. ਪੰਜਾਬ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਏ. ਐੱਸ. ਆਈ. ਰਾਜ ਕੁਮਾਰ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜ਼ਬਰਦਸਤੀ ਘਰ ’ਚ ਦਾਖਲ ਹੋਣ ਵਾਲਿਆਂ  ਖਿਲਾਫ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। 


Related News