ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਲਈ ਅਕਾਲੀ ਦਲ ਬਾਦਲ ਹੋਇਆ ਪੱਬਾਂ ਭਾਰ
Tuesday, Nov 05, 2019 - 06:14 PM (IST)

ਕਲਾਨੌਰ (ਵਤਨ) : ਅਕਾਲੀ ਦਲ ਬਾਦਲ ਵਲੋਂ ਸ਼ਿਕਾਰ ਦੇ ਬੀ. ਐੱਸ. ਐੱਫ ਹੈੱਡਕਵਾਟਰ 'ਚ 9 ਨਵੰਬਰ ਨੂੰ ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ ਇਥੋਂ ਥੋੜੀ ਦੂਰ ਪੈਂਦੇ ਪਿੰਡ ਮਸਤਕੋਟ ਵਿਖੇ ਅਕਾਲੀ ਵਰਕਰਾਂ ਦੀ ਭਰਵੀ ਮੀਟਿੰਗ ਕੀਤੀ ਗਈ ਅਤੇ ਇਸ ਮੀਟਿੰਗ 'ਚ ਸਾਬਕਾ ਮੰਤਰੀ ਬਿਕਰਮ ਮਜੀਠੀਆ ਵਿਸੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਮਜੀਠੀਆ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਵਾਲੇ ਸਮਾਗਮ 'ਚ 9 ਨਵੰਬਰ ਨੂੰ ਹਿੱਸਾ ਲੈਣਗੇ ਅਤੇ ਇਸ ਮੌਕੇ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਭਾਰਤ ਸਰਕਾਰ ਵਲੋਂ 500 ਕਰੋੜ ਰੁਪਏ ਦਾ ਕੋਰੀਡੋਰ ਤਿਆਰ ਕਰਵਾਇਆ ਗਿਆ ਹੈ ਅਤੇ 9 ਨਵੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਪਹਿਲੇ ਜਥੇ ਨੂੰ ਕਰਤਾਰਪੁਰ ਸਾਹਿਬ ਲਈ ਰਵਾਨਾ ਕਰਨਗੇ।
ਮਜੀਠੀਆ ਨੇ ਕਿ ਦੋਹਾਂ ਦੇਸ਼ਾਂ ਦਰਮਿਆਨ ਦੇ ਤਨਾਅ ਦੇ ਹਾਲਾਤਾਂ 'ਚ ਦੋਹਾਂ ਸਰਕਾਰ ਵਲੋਂ ਲਾਂਘੇ ਲਈ ਹਾਮੀ ਭਰਨੀ ਸਿਰਫ ਅਤੇ ਸਿਰਫ ਵਾਹਿਗੁਰੂ ਦੀ ਮਿਹਰ ਨਾਲ ਹੋਇਆ ਹੈ, ਇਸ ਲਈ ਸਭ ਨੂੰ ਗਿਲੇ ਸ਼ਿਕਵੇ ਛੱਡ ਕੇ ਇਸ ਸਮਾਗਮ 'ਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਇਕ ਮੰਚ 'ਤੇ ਸ਼ਤਾਬਦੀ ਸਮਾਗਮ ਮਨਾਉਣ ਦਾ ਹੁਕਮ ਦੇ ਚੁੱਕੇ ਹਨ ਪਰ ਇੰਦਰਾ ਗਾਂਧੀ ਦੀ ਕਾਂਗਰਸ ਇਸ ਗੱਲ ਨੂੰ ਨਹੀਂ ਮੰਨਦੀ। ਇਹ ਕੌਮਾਂਤਰੀ ਸਮਾਗਮ ਹੈ ਅਤੇ ਸਾਰੇ ਪ੍ਰਬੰਧ ਭਾਰਤ ਸਰਕਾਰ ਨੇ ਕਰਨੇ ਹੁੰਦੇ ਹਨ ਪਰ ਡੇਰਾ ਬਾਬਾ ਨਾਨਕ ਦੇ ਵਿਧਾਇਕ ਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਫੋਕੀ ਸ਼ੌਹਰਤ ਖੱਟਣ ਲਈ ਕਾਂਗਰਸ ਦੀ ਵੱਖਰੀ ਸਟੇਜ ਲਗਾ ਕੇ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਕਰ ਰਿਹਾ ਹੈ। ਇਸ ਮੌਕੇ ਅਕਾਲੀ ਦਲ ਬਾਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿਖ ਕੌਮ ਲਈ ਬੜੇ ਵੱਡੇ ਮਾਣ ਦੀ ਗੱਲ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਰੀਬਨ ਦਾ ਫੀਤਾ ਕੱਟ ਕੇ ਨਹੀਂ ਸਗੋਂ ਧਾਰਮਿਕ ਸਮਾਗਮ ਅਤੇ ਅਰਦਾਸ ਕਰਨ ਉਪਰੰਤ ਕਰ ਰਹੇ ਹਨ।