ਕਬਰਿਸਤਾਨ ਦੀ ਜ਼ਮੀਨ ''ਤੇ ਹੁਣ ਨਹੀਂ ਹੋ ਸਕੇਗਾ ਨਿਰਮਾਣ, ਲੀਜ਼ ਹੋਵੇਗੀ ਰੱਦ!
Monday, Jul 17, 2023 - 01:20 PM (IST)

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਕਬਰਿਸਤਾਨ ਲਈ ਰਾਖਵੀਂ ਰੱਖੀ ਜ਼ਮੀਨ ਨੂੰ ਹੁਣ ਕਿਸੇ ਵੀ ਨਿਰਮਾਣ ਲਈ ਲੀਜ਼ 'ਤੇ ਨਹੀਂ ਦਿੱਤਾ ਜਾ ਸਕੇਗਾ ਅਤੇ ਇਹ ਮੁਸਲਿਮਾਂ ਦੇ ਸੰਵਿਧਾਨਿਕ ਅਤੇ ਧਾਰਮਿਕ ਅਧਿਕਾਰਾਂ ਦੀ ਹਣਨ ਹੈ। ਅਦਾਲਤ ਵੱਲੋਂ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਕਫ਼ ਬੋਰਡ ਨੂੰ ਅਜਿਹੇ ਸਾਰੇ ਵਿਵਾਦਿਤ ਲੀਜ਼ ਰੱਦ ਕਰਨ ਲਈ ਕਬਰਿਸਤਾਨ ਲਈ ਰਾਖਵੀਂ ਜ਼ਮੀਨ ਦੀ ਪਛਾਣ ਕਰਨ ਲਈ ਨਿਰਦੇਸ਼ ਵੀ ਦਿੱਤੇ।
ਜਾਣਕਾਰੀ ਮੁਤਾਬਕ ਪੰਜਾਬ ਵਕਫ਼ ਬੋਰਡ ਸੰਗਰੂਰ ਦੀ ਕਬਰਿਸਤਾਨ ਦੀ ਜ਼ਮੀਨ ਨਾਲ ਜੁੜੇ ਮਾਮਲੇ ਦਾ ਝਗੜਾ ਹਾਈਕੋਰਟ ਪੁੱਜਿਆ ਸੀ। ਅਦਾਲਤ ਨੇ ਇਸ ਮਾਮਲੇ ਦਾ ਦਾ ਨਿਪਟਾਰਾ ਕਰ ਦਿੱਤਾ ਪਰ ਕਬਰਿਸਤਾਨ ਦੀ ਰਾਖਵੀਂ ਰੱਖੀ ਜ਼ਮੀਨ ਦੇ ਗਲਤ ਇਸਤੇਮਾਲ ਦਾ ਮੁੱਦਾ ਚੁੱਕਿਆ।
ਅਦਾਲਤ ਨੇ ਬੋਰਡ ਨੂੰ ਪੁੱਛਿਆ ਕਿ ਸੂਬੇ ਭਰ 'ਚ ਮੌਜੂਦ ਕਬਰਿਸਤਾਨ ਦੀ ਜ਼ਮੀਨ ਨੂੰ ਲੈ ਕੇ ਉਨ੍ਹਾਂ ਦੀ ਕੀ ਯੋਜਨਾ ਹੈ। ਬੋਰਡ ਨੇ ਦੱਸਿਆ ਕਿ ਪੰਜਾਬ 'ਚ ਕਬਰਿਸਤਾਨ ਲਈ ਰਾਖਵੀਂ ਰੱਖੀ ਜ਼ਮੀਨ ਦੀ ਪਛਾਣ ਕੀਤੀ ਜਾਵੇਗੀ ਅਤੇ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ। ਜਿੱਥੇ ਮੁਸਲਮਾਨਾਂ ਦੀ ਆਬਾਦੀ ਹੈ, ਉੱਥੇ ਕਬਰਿਸਤਾਨ ਲਈ ਜ਼ਮੀਨ ਖ਼ਰੀਦੀ ਜਾਵੇਗੀ।