ਕਾਂਗਰਸ ਸਰਕਾਰ ਮਾਂ ਖੇਡ ਕਬੱਡੀ ਨੂੰ ਲਾਉਣ ਜਾ ਰਹੀ ਹੈ ਗ੍ਰਹਿਣ: ਸੁਖਬੀਰ ਸਿੰਘ ਬਾਦਲ
Sunday, Sep 17, 2017 - 10:07 PM (IST)
ਮਾਨਸਾ (ਸੰਦੀਪ ਮਿੱਤਲ)— ਮਾਂ ਖੇਡ ਕਬੱਡੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵਿਸ਼ਵ ਪੱਧਰ ਤੇ ਸੁਰਜੀਤ ਕਰਨ ਲਈ ਅਨੇਕਾਂ ਯਤਨ ਕੀਤੇ ਅਤੇ ਵਿਸ਼ਵ ਕਬੱਡੀ ਕੱਪ ਰਾਹੀਂ ਪੰਜਾਬ ਦੀ ਇਸ ਹਰਮਨ ਪਿਆਰੀ ਖੇਡ ਨੂੰ ਦੁਨੀਆਂ ਦੇ ਕੋਨੇ-ਕੋਨੇ 'ਚ ਪਹੁੰਚਾਇਆ ਪਰ ਕਾਂਗਰਸ ਸਰਕਾਰ ਇਸ ਖੇਡ ਨੂੰ ਗ੍ਰਹਿਣ ਲਾਉਣ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਵਿਸ਼ਵ ਕਬੱਡੀ ਕੱਪ ਦੇ ਟੂਰਨਾਮੈਂਟਾਂ 'ਤੇ ਪਾਬੰਦੀ ਲਾ ਦਿੱਤੀ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਗ੍ਰਹਿ ਵਿਖੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੀ ਯਾਦ 'ਚ ਨੋਵੇਂ ਹੋਣ ਵਾਲੇ ਕਬੱਡੀ ਕੱਪ ਦਾ ਪੋਸਟਰ ਜਾਰੀ ਕਰਨ ਸਮੇਂ ਕਹੇ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਗੁਰੂਆਂ, ਪੀਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਲਈ ਆਪਣਾ ਆਪ ਲੁਟਾਉਣ ਵਾਲੇ ਸਵਰਗੀ ਆਗੂਆਂ ਦੀ ਯਾਦ 'ਚ ਕਬੱਡੀ ਕੱਪ ਅਤੇ ਹੋਰ ਸਮਾਗਮ ਕਰਵਾਉਣਾ ਇਕ ਸਲਾਘਾਯੋਗ ਕਦਮ ਹੈ। ਇਸ ਮੌਕੇ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੋਹੜਾ ਨੇ ਦੱਸਿਆ ਕਿ ਤਿੰਨ ਰੋਜ਼ਾ ਹੋਣ ਵਾਲੇ ਇਸ ਖੇਡ ਮੇਲੇ 28 ਸਤੰਬਰ ਨੂੰ ਗਤਕਾ ਮੁਕਾਬਲੇ, 29 ਸਤੰਬਰ ਨੂੰ ਕੁਸ਼ਤੀ ਮੁਕਬਾਲੇ ਅਤੇ 30 ਸਤੰਬਰ ਨੂੰ ਓਪਨ ਕਬੱਡੀ ਦੇ ਟੂਰਨਾਮੈਂਟ ਕਰਵਾਏ ਜਾਣਗੇ। ਜੇਤੂ ਟੀਮ ਨੂੰ ਇਕ ਲੱਖ ਰੁਪਇਆ ਦਾ ਇਨਾਮ ਦਿੱਤਾ ਜਾਵੇਗਾ। ਇਸ ਸਮਾਗਮ ਦੇ ਮੁੱਖ ਮਹਿਮਾਨ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਹੋਣਗੇ। ਇਸ ਮੌਕੇ ਬੀਬੀ ਬਾਦਲ ਦੇ ਪੀ.ਏ. ਅਨਮੋਲਪ੍ਰੀਤ ਸਿੰਘ, ਯੂਥ ਅਕਾਲੀ ਦਲ ਬਾਦਲ ਮਾਲਵਾ ਜੋਨ ਦੇ ਜਨਰਲ ਸਕੱਤਰ ਰਘੁਵੀਰ ਸਿੰਘ, ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਯੂਥ ਅਕਾਲੀ ਦਲ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਅਵਤਾਰ ਸਿੰਘ ਰਾੜਾ, ਦਿਆਲ ਸਿੰਘ ਕੋਲਿਆਂਵਾਲੀ, ਸਤਿੰਦਰਜੀਤ ਸਿੰਘ ਮੰਟਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
