ਯੇਦੀਯੁਰੱਪਾ ਨੂੰ ਸੀ. ਐੱਮ. ਅਹੁਦੇ ਦਾ ਉਮੀਦਵਾਰ ਬਣਾਏ ਜਾਣ ਕਾਰਨ ਜਸਟਿਸ ਹੇਗੜੇ ਨਿਰਾਸ਼
Friday, Apr 20, 2018 - 07:19 AM (IST)
ਜਲੰਧਰ (ਧਵਨ) - ਕਰਨਾਟਕ ਦੇ ਸਾਬਕਾ ਲੋਕਾਯੁਕਤ ਜਸਟਿਸ ਹੇਗੜੇ ਭਾਜਪਾ ਵਲੋਂ ਯੇਦੀਯੁਰੱਪਾ ਨੂੰ ਮੁੜ ਤੋਂ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਕਾਰਨ ਨਿਰਾਸ਼ ਅਤੇ ਦੁਖੀ ਹੋਏ ਹਨ। ਉਨ੍ਹਾਂ ਜੁਲਾਈ 2011 'ਚ ਕਰਨਾਟਕ ਵਿਖੇ ਗੈਰ-ਕਾਨੂੰਨੀ ਖਨਨ ਨੂੰ ਲੈ ਕੇ ਯੇਦੀਯੁਰੱਪਾ ਸਰਕਾਰ ਵਿਰੁੱਧ ਉਲਟ ਰਿਪੋਰਟ ਸੌਂਪੀ ਸੀ। ਇਸ ਰਿਪੋਰਟ 'ਚ ਯੇਦੀਯੁਰੱਪਾ ਵਿਰੁੱਧ ਉਲਟ ਟਿੱਪਣੀਆਂ ਕੀਤੀਆਂ ਗਈਆਂ ਸਨ। ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਹੇਗੜੇ ਨੇ ਯੇਦੀਯੁਰੱਪਾ ਅਤੇ ਉਨ੍ਹਾਂ ਦੇ ਪੁੱਤਰਾਂ ਨੂੰ ਵੀ ਆਪਣੀ ਰਿਪੋਰਟ 'ਚ ਲਪੇਟੇ 'ਚ ਲਿਆ ਸੀ।
ਜਸਟਿਸ ਹੇਗੜੇ ਨੇ ਕਿਹਾ ਕਿ ਉਹ ਇਸ ਗੱਲ ਤੋਂ ਦੁਖੀ ਹਨ ਕਿ ਭਾਜਪਾ ਨੇ ਉਸ ਵਿਅਕਤੀ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਚੁਣਿਆ ਹੈ, ਜਿਸ ਵਿਰੁੱਧ ਉਨ੍ਹਾਂ ਰਿਪੋਰਟ ਤਿਆਰ ਕੀਤੀ ਸੀ। ਉਦੋਂ ਯੇਦੀਯੁਰੱਪਾ ਕੋਲ ਖਨਨ ਵਿਭਾਗ ਵੀ ਸੀ। ਜਸਟਿਸ ਹੇਗੜੇ ਨੇ ਆਪਣੀ ਸੇਵਾ-ਮੁਕਤੀ ਤੋਂ ਪਹਿਲਾਂ 26 ਜੁਲਾਈ 2011 ਨੂੰ ਖਨਨ ਸਕੈਂਡਲ ਨੂੰ ਲੈ ਕੇ ਆਪਣੀ ਅੰਤਿਮ ਰਿਪੋਰਟ ਪੇਸ਼ ਕੀਤੀ ਸੀ। ਹੇਠਲੀ ਅਦਾਲਤ ਵਲੋਂ ਯੇਦੀਯੁਰੱਪਾ ਨੂੰ ਬਰੀ ਕੀਤੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ।
ਜਸਟਿਸ ਹੇਗੜੇ ਐਮਰਜੈਂਸੀ ਦੌਰਾਨ ਅਟਲ ਬਿਹਾਰੀ ਵਾਜਪਾਈ, ਐੱਲ. ਕੇ. ਅਡਵਾਨੀ, ਐੱਸ. ਐੱਨ. ਮਿਸ਼ਰਾ ਅਤੇ ਮਧੂ ਦੰਡਵਤੇ ਦੇ ਵਕੀਲ ਵੀ ਰਹੇ ਹਨ।