ਪਿੰਡ ਦਾ ਰਾਜਸੀ ਆਗੂ ਸਮਝੌਤੇ ਲਈ ਬਣਾ ਰਿਹੈ ਦਬਾਅ, ਜਨਮ ਸਰਟੀਫ਼ਿਕੇਟ ’ਚ ਵੀ ਕੀਤੀ ਹੇਰਾਫੇਰੀ
Tuesday, Jun 26, 2018 - 02:37 AM (IST)
ਬਠਿੰਡਾ(ਅਬਲੂ)-ਪਿੰਡ ਖਿਆਲੀ ਵਾਲਾ ਦਾ ਇਕ ਪੀੜਤ ਦਲਿਤ ਪਰਿਵਾਰ ਇਨਸਾਫ਼ ਲਈ ਭਟਕ ਰਿਹਾ ਹੈ। ਅੱਜ ਬਠਿੰਡਾ ਪ੍ਰੈੱਸ ਕਲੱਬ ’ਚ ਪੱਤਰਕਾਰਾਂ ਨੂੰ ਆਪਣੀ ਵਿੱਥਿਆ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ 14 ਸਾਲਾਂ ਨਾਬਾਲਗ ਬੱਚੀ ਨੂੰ ਪਿੰਡ ਦਾ ਇਕ ਵਿਅਕਤੀ ਵਰਗਲਾ ਕੇ ਲੈ ਗਿਆ ਹੈ ਅਤੇ ਹੁਣ ਪੁਲਸ ਅਤੇ ਇਕ ਰਾਜਸੀ ਆਗੂ ਪੀੜਤ ਪਰਿਵਾਰ ’ਤੇ ਸਮਝੌਤੇ ਲਈ ਦਬਾਅ ਬਣਾ ਰਿਹਾ ਹੈ। ਇਹ ਦੋਸ਼ ਲੜਕੀ ਦੇ ਦਾਦਾ ਬਚਿੰਤ ਸਿੰਘ, ਪਿਤਾ ਤਰਸੇਮ ਸਿੰਘ, ਚਾਚਾ ਜਸਵੰਤ ਸਿੰਘ ਆਦਿ ਨੇ ਲਾਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਨਾਬਾਲਗ ਬੱਚੀ ਦੇ ਜਨਮ ਤੇ ਹੋਰ ਕਾਗਜ਼ਾਤਾਂ ’ਤੇ ਵੀ ਹੇਰਾਫੇਰੀ ਨਾਲ ਉਮਰ ਵੱਧ ਕਰਵਾ ਲਈ ਹੈ। ਦੂਜੇ ਪਾਸੇ ਸਿੱਖ ਆਗੂ ਬਾਬਾ ਹਰਦੀਪ ਸਿੰਘ ਜੋ ਕਿ ਪ੍ਰੈੱਸ ਵਾਰਤਾ ਸਮੇਂ ਮੌਜਦ ਸਨ ਨੇ ਦੱਸਿਆ ਕਿ ਰਾਜਸੀ ਦਬਾਅ ਦੇ ਕਾਰਨ ਪੁਲਸ ਲੜਕੀ ਨੂੰ ਬਰਾਮਦ ਕਰਵਾ ਕੇ ਦੋਸ਼ੀਆਂ ’ਤੇ ਪਰਚਾ ਨਹੀਂ ਕਰ ਰਹੀ, ਉਨ੍ਹਾਂ ਸਰਕਾਰ ਤੇ ਪੁਲਸ ਵਿਭਾਗ ਨੂੰ ਚਿਤਾਵਨੀ ਦਿੰਦਿਅਾਂ ਕਿਹਾ ਕਿ ਉਹ ਸੰਘਰਸ਼ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਪੁਲਸ ਵਿਭਾਗ ਤੇ ਸਰਕਾਰ ਨੂੰ ਤੁਰੰਤ ਨਾਬਾਲਗ ਬੱਚੀ ਬਰਾਮਦ ਕਰਵਾਉਣ ਦੀ ਮੰਗ ਕੀਤੀ। ਵਰਗਲਾ ਕੇ ਭਜਾਈ ਪੀੜਤ ਲੜਕੀ ਦੇ ਦਾਦਾ ਨੇ ਦੱਸਿਆ ਕਿ ਉਨ੍ਹਾਂ ਦੀ ਨਾਬਾਲਗ ਬੱਚੀ ਨੂੰ 9 ਮਈ 2018 ਨੂੰ ਪਿੰਡ ਦਾ ਵਾਸੀ ਕਾਲਾ ਸਿੰਘ ਪੁੱਤਰ ਕੌਰ ਸਿੰਘ, ਗੁਰਮੇਲ ਕੌਰ ਪਤਨੀ ਕੌਰ ਸਿੰਘ, ਮੰਗੂ ਸਿੰਘ ਪੁੱਤਰ ਕੌਰ ਸਿੰਘ ਵਰਗਲਾ ਕੇ ਲੈ ਗਏ। ਰਾਜਸੀ ਦਬਾਅ ਦੇ ਕਾਰਨ ਥਾਣਾ ਨੇਹੀਆਂ ਵਾਲਾ ਦੀ ਪੁਲਸ ਵੱਲੋਂ ਕੋਈ ਕਾਰਵਾਈ ਨਾ ਹੋਣ ’ਤੇ ਪੀੜਤ ਪਰਿਵਾਰ ਨੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਪਰ ਉਨ੍ਹਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਪੱਤਰਕਾਰਾਂ ਨੂੰ ਨਾਬਾਲਗ ਬੱਚੀ ਦੇ ਜਨਮ ਸਬੰਧੀ ਸਬੂਤ ਦਿੰਦਿਅਾਂ ਦੱਸਿਆ ਕਿ ਉਸ ਦੀ ਜਨਮ ਮਿਤੀ 17 ਅਪ੍ਰੈਲ 2004 ਹੈ, ਜਿਸ ਮੁਤਾਬਕ ਉਸਦੀ ਉਮਰ 14 ਸਾਲ ਹੈ ਪਰ ਲੜਕੀ ਵਰਗਲਾਉਣ ਵਾਲਿਆਂ ਨੇ ਲੜਕੀ ਦੀ ਜਨਮ ਮਿਤੀ ਜਾਅਲੀ ਢੰਗ ਨਾਲ ਸੰਨ 2000 ਕਰ ਕੇ ਲੜਕੀ ਨੂੰ ਬਾਲਗ ਦਰਸਾ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਪੀੜਤ ਪਰਿਵਾਰ ਨੇ ਦੋਸ਼ ਲਾਉਂਦੇ ਕਿਹਾ ਕਿ ਨਾਬਾਲਗ ਲੜਕੀ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਰੱਖਣ ਤੋਂ ਮਗਰੋਂ ਵਰਗਲਾ ਕੇ ਲਿਜਾਣ ਵਾਲੇ ਦੋਸ਼ੀ ਕਾਲਾ ਸਿੰਘ ਦਾ ਚਾਚਾ ਜੱਗਾ ਸਿੰਘ ਕਾਂਗਰਸੀ ਅਤੇ ਥਾਣਾ ਨੇਹੀਆਂ ਵਾਲਾ ਦਾ ਪੁਲਸ ਅਮਲਾ ਉਨ੍ਹਾਂ ਨੂੰ ਸਮਝੌਤੇ ਲਈ ਦਬਾਅ ਪਾ ਰਿਹਾ ਹੈ। ਉਨ੍ਹਾਂ ਐੱਸ. ਸੀ, ਐੱਸ.ਟੀ. ਕਮਿਸ਼ਨ ਨੂੰ ਵੀ ਮਾਮਲੇ ’ਚ ਦਖਲ ਅੰਦਾਜ਼ੀ ਕਰ ਕੇ ਇਨਸਾਫ਼ ਦੀ ਪੁਕਾਰ ਲਾਈ ਹੈ। ਉਨ੍ਹਾਂ ਕਿਹਾ ਕਿ ਨਾਬਾਲਗ ਬੱਚੀ ਨੂੰ ਵਰਗਲਾਉਣ, ਜਬਰ-ਜ਼ਨਾਹ, ਜਨਮ ਰਿਕਾਰਡ ’ਚ ਹੇਰਾਫੇਰੀ ਕਰਨ ਆਦਿ ਦੀਆਂ ਧਾਰਾਵਾਂ ਤਹਿਤ ਪਰਚੇ ਦਰਜ ਹੋਣੇ ਚਾਹੀਦੇ ਹਨ।
ਕੀ ਕਹਿਣੈ ਐੱਸ. ਐੱਚ. ਓ. ਦਾ
ਇਸ ਸਬੰਧ ’ਚ ਐੱਸ. ਐੱਚ. ਓ. ਨੇਹੀਆਂ ਵਾਲਾ ਅੰਗਰੇਜ਼ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ’ਤੇ ਲਾਏ ਜਾ ਰਹੇ ਦੋਸ਼ ਗਲਤ ਹਨ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਨੇ ਲੜਕੀ ਨਾਲ ਅਦਾਲਤੀ ਵਿਆਹ ਕਰਾਉਣ ਦੇ ਕਾਗਜ਼ਾਤ ਪੇਸ਼ ਕੀਤੇ ਹਨ। ਉਸ ਨੂੰ ਭਲਕੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਅੱਗੇ ਦੀ ਕਾਰਵਾਈ ਮਾਣਯੋਗ ਅਦਾਲਤ ਕਰੇਗੀ। ਨਾਬਾਲਗ ਜਾਂ ਬਾਲਗ ਹੋਣ ਸਬੰਧੀ ਮੁਦੱਈ ਮਾਣਯੋਗ ਅਦਾਲਤ ’ਚ ਕਾਗਜ਼ਾਤ ਪੇਸ਼ ਕਰ ਸਕਦੇ ਹਨ।
