ਹਿਰਨ ਦੇ ਸ਼ਿਕਾਰ ਮਾਮਲੇ ''ਚ ਆਇਆ ਨਵਾਂ ਮੋੜ

01/30/2020 5:32:51 PM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਬੀਤੇ ਮਹੀਨੇ ਪਿੰਡ ਚੌਂਤਾ ਮੰਡ ਦੇ ਜੰਗਲ 'ਚ ਗੋਲੀ ਮਾਰ ਕੇ ਮਾਰੇ ਹਿਰਨ ਦੇ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਮੰਡ ਦੇ ਰਹਿਣ ਵਾਲੇ ਮਲਕੀਤ ਸਿੰਘ ਮੀਤਾ ਦੀ ਨੂੰਹ ਤੇ ਛੋਟੇ ਪੁੱਤਰ ਪ੍ਰਗਟ ਸਿੰਘ ਨੇ ਆਪਣੇ ਹੀ ਪਿਤਾ 'ਤੇ ਗੋਲੀ ਨਾਲ ਹਿਰਨ ਮਾਰਨ ਦੇ ਦੋਸ਼ ਲਗਾਉਂਦੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਪਿਤਾ ਪਹਿਲਾਂ ਵੀ ਕਈ ਵਾਰ ਜਾਨਵਰਾਂ ਦਾ ਸ਼ਿਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਘਰ ਉਸ ਸਮੇਂ ਤਲਾਸ਼ੀ ਹੋ ਜਾਂਦੀ ਤਾਂ ਕਈ ਹਿਰਨਾਂ ਦੇ ਸਿੰਙ ਵੀ ਘਰ 'ਚ ਮਿਲ ਜਾਂਦੇ ਪਰ ਸਥਾਨਕ ਪੁਲਸ ਵੀ ਸਾਡੇ ਪਿਤਾ ਦੀ ਮੱਦਦਗਾਰ ਹੈ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਮੀਤਾ ਸ਼ਿਕਾਰੀ ਦੀ ਨੂੰਹ ਤੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦਾ ਪਿਤਾ ਲੰਮੇ ਸਮੇਂ ਤੋਂ ਜਾਨਵਾਰਾਂ ਦਾ ਸ਼ਿਕਾਰ ਕਰਦਾ ਹੈ ਅਤੇ ਉਸ ਦਿਨ ਵੀ ਕੁਝ ਲੋਕਾਂ ਨਾਲ ਮਿਲ ਕੇ ਉਨ੍ਹਾਂ ਨੇ ਹਿਰਨ ਦਾ ਸ਼ਿਕਾਰ ਕੀਤਾ ਸੀ ਪਰ ਜਦੋਂ ਹਿਰਨ ਦੇ ਗੋਲੀ ਲੱਗੀ ਤਾਂ ਹਿਰਨ ਜੰਗਲ ਦੇ ਕੋਲ ਸੜਕ 'ਤੇ ਹੀ ਡਿਗ ਗਿਆ, ਜਿਸ ਤੋਂ ਬਾਅਦ ਗੋਲੀ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ। ਉਨ੍ਹਾਂ ਪੁਲਸ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆ ਨੂੰ ਫੋਨ ਕੀਤਾ ਪਰ ਫਿਰ ਵੀ ਉਹ ਲੋਕ ਹਿਰਨ ਦਾ ਪੱਟ ਜਿਸ 'ਚ ਗੋਲੀ ਲੱਗੀ ਸੀ, ਉਹ ਲਿਆਉਣ 'ਚ ਕਾਮਯਾਬ ਹੋ ਗਏ। ਉਨ੍ਹਾਂ ਪੱਤਰਕਾਰਾਂ ਨੂੰ ਹਿਰਨ ਦੇ ਪੱਟ ਦੀਆਂ ਤਸਵੀਰਾਂ ਦਿੰਦੇ ਦੱਸਿਆ ਕਿ ਉਸ ਨੂੰ ਉਨ੍ਹਾਂ ਦੇ ਬਾਥਰੂਮ 'ਚ ਹੀ ਸਾਫ਼ ਕੀਤਾ ਸੀ ਪਰ ਫਿਰ ਕਿਸੇ ਦਾ ਫੋਨ ਆਇਆ ਤਾਂ ਉਸ ਮੀਟ ਨੂੰ ਇੱਕ ਸਾਈਡ 'ਤੇ ਕਰ ਦਿੱਤਾ ਗਿਆ।

ਘਰੇਲੂ ਕਲੇਸ਼ ਕਾਰਨ ਝੂਠੇ ਦੋਸ਼ ਲਗਾਏ ਜਾ ਰਹੇ
ਜਦੋਂ ਇਸ ਸਬੰਧੀ ਜਦੋਂ ਪਿੰਡ ਮੰਡ ਚੌਂਤਾ ਦੇ ਮਲਕੀਤ ਸਿੰਘ ਮੀਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਹੁਣ ਸ਼ਿਕਾਰ ਨਹੀਂ ਕਰਦੇ ਅਤੇ ਉਸ ਦਾ ਪਰਿਵਾਰਕ ਘਰੇਲੂ ਕਲੇਸ਼ ਚੱਲਦਾ ਹੈ, ਜਿਸ ਕਾਰਨ ਨੂੰਹ ਅਤੇ ਪੁੱਤਰ ਵਲੋਂ ਉਸ 'ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮੰਡ ਚੌਂਤਾ ਦੇ ਜੰਗਲਾਂ ਵਿਚ ਹਿਰਨ ਦਾ ਸ਼ਿਕਾਰ ਹੋਇਆ ਉਸ 'ਚ ਮੇਰਾ ਕੋਈ ਹੱਥ ਨਹੀਂ।

PunjabKesari

ਫਿਲਮ ਸਟਾਰ ਸਲਮਾਨ ਖਾਨ ਨੂੰ ਹਿਰਨ ਮਾਰਨ ਦੇ ਦੋਸ਼ 'ਚ ਹੋਈ ਸੀ ਸਜ਼ਾ
ਭਾਵੇਂ ਕਿ ਇਸ ਮਾਮਲੇ 'ਤੇ ਸਰਕਾਰੀ ਬਾਬੂ ਮਿੱਟੀ ਪਾ ਰਿਹਾ ਹੈ ਪਰ ਰਾਜਸਥਾਨ 'ਚ ਹਿਰਨ ਦੇ ਸ਼ਿਕਾਰ ਮਾਮਲੇ 'ਚ ਫਿਲਮ ਸਟਾਰ ਸਲਮਾਨ ਖਾਨ ਨੂੰ ਸਜ਼ਾ ਹੋਈ ਸੀ ਅਤੇ ਜੇਲ ਵੀ ਜਾਣਾ ਪਿਆ ਸੀ। ਲੋਕਾਂ ਨੇ ਦੱਸਿਆ ਕਿ ਜੇਕਰ ਇਸ ਮਾਮਲੇ ਦੀ ਈਮਾਨਦਾਰੀ ਨਾਲ ਨਿਰਪੱਖ ਜਾਂਚ ਹੋ ਜਾਵੇ ਤਾਂ ਵੱਡੇ ਖੁਲਾਸੇ ਹੋਣਗੇ ਕਿਉਂਕਿ ਕੁਝ ਸਮਾਂ ਪਹਿਲਾਂ ਹੀ ਇਕ ਪੁਲਸ ਦੇ ਸੀਨੀਅਰ ਅਧਿਕਾਰੀ ਨੇ ਵੀ ਮਰਗਾਬੀਆਂ ਦਾ ਸ਼ਿਕਾਰ ਕਰਵਾਇਆ ਸੀ ਪਰ ਜੰਗਲੀ ਸੂਰ, ਹਿਰਨ, ਨੀਲ ਗਊਆਂ ਅਤੇ ਪ੍ਰਵਾਸੀ ਪੰਛੀਆਂ ਦਾ ਸ਼ਿਕਾਰ ਤਾਂ ਵੱਡੇ ਅਫਸਰਾਂ ਦੀ ਮੰਗ 'ਤੇ ਅਕਸਰ ਹੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਈ ਵਾਰ ਤਾਂ ਰਾਸ਼ਟਰੀ ਪੰਛੀ ਮੋਰ ਦਾ ਸ਼ਿਕਾਰ ਕਰਨ ਤੋਂ ਵੀ ਇਹ ਲੋਕ ਬਾਜ ਨਹੀ ਆਉਂਦੇ।

ਕੀ ਕਹਿਣਾ ਹੈ ਪੁਲਸ ਅਧਿਕਾਰੀ ਦਾ?
ਜਦੋਂ ਇਸ ਸਬੰਧੀ ਕੂੰਮਕਲਾਂ ਦੇ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਿਰਨ ਸ਼ਿਕਾਰ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਹੈ। ਮੀਡੀਆ 'ਚ ਆਉਣ ਵਾਲੇ ਮਲਕੀਤ ਸਿੰਘ ਦੇ ਪੁੱਤਰ ਪ੍ਰਗਟ ਸਿੰਘ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਜਾਂਚ ਉਪਰੰਤ ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਮਾਮਲੇ 'ਚ ਨਾਮਜ਼ਦ ਕਰ ਲਿਆ ਜਾਵੇਗਾ।


Anuradha

Content Editor

Related News