ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੀ ਤਰਕਸ਼ੀਲਾਂ ਵੱਲੋਂ ਨਿਖੇਧੀ
Friday, Sep 08, 2017 - 01:17 PM (IST)
ਤਰਨਤਾਰਨ (ਰਾਜੂ)-ਤਰਕਸ਼ੀਲ ਸੁਸਾਇਟੀ ਪੰਜਾਬ ਮਾਝਾ ਜ਼ੋਨ ਦੀ ਮੀਟਿੰਗ ਸੁਖਵਿੰਦਰ ਚੋਹਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ੋਨ ਮੁਖੀ ਮੁਖਤਾਰ ਗੋਪਾਲਪੁਰ, ਸੰਦੀਪ ਧਾਰੀਵਾਲ ਭੋਜਾ, ਨਰਿੰਦਰ ਸ਼ੇਖਚੱਕ, ਰਜਵੰਤ ਬਾਗੜੀਆ, ਡਾ. ਸੁਖਦੇਵ ਲਹੁਕਾ ਆਦਿ ਤੋਂ ਇਲਾਵਾ ਵੱਖ-ਵੱਖ ਇਕਾਈਆਂ ਦੇ ਅਹੁਦੇਦਾਰ ਸ਼ਾਮਲ ਹੋਏ। ਮੀਟਿੰਗ ਦੌਰਾਨ ਕਰਨਾਟਕਾ (ਬੇਂਗਲੁਰੂ) ਦੀ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਜ਼ੋਨ ਮੀਡੀਆ ਮੁਖੀ ਰਜਵੰਤ ਬਾਗੜੀਆ ਨੇ ਕਿਹਾ ਕਿ ਕਤਲ ਦਾ ਕਾਰਨ ਪੱਤਰਕਾਰ ਗੌਰੀ ਲੰਕੇਸ਼ ਵੱਲੋਂ ਸੱਚ ਲਿਖਣਾ, ਸੱਚ ਬੋਲਣਾ ਤੇ ਜਿਨ੍ਹਾਂ ਲੋਕਾਂ ਨਾਲ ਧੱਕੇਸ਼ਾਹੀਆਂ ਹੋ ਰਹੀਆਂ ਹਨ, ਉਨ੍ਹਾਂ ਦੇ ਹੱੱਕ ਵਿਚ ਆਵਾਜ਼ ਉਠਾਉਣਾ ਸੀ। ਉਨ੍ਹਾਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਗੌਰੀ ਲੰਕੇਸ਼ ਨੂੰ ਇਨਕਲਾਬੀ ਘੋਸ਼ਿਤ ਕਰਦੀ ਹੈ ਅਤੇ ਉਸ ਦੇ ਕਤਲ ਦੀ ਨਿੰਦਾ ਕਰਦੀ ਹੈ। ਉਨ੍ਹਾਂ ਇਸ ਨੂੰ ਕਾਇਰਤਾਪੂਰਨ ਕਾਰਾ ਦੱਸਿਆ ਅਤੇ ਉਸ ਦੇ ਕਾਤਲਾਂ ਵਿਰੁੱਧ ਛੇਤੀ ਤੋਂ ਛੇਤੀ ਕਾਰਵਾਈ ਦੀ ਮੰਗ ਕੀਤੀ।
