ਪੱਤਰਕਾਰ ''ਤੇ ਜਾਨਲੇਵਾ ਹਮਲਾ, ਪਟਿਆਲਾ ਰੈਫਰ

Friday, Jul 05, 2019 - 04:10 PM (IST)

ਪੱਤਰਕਾਰ ''ਤੇ ਜਾਨਲੇਵਾ ਹਮਲਾ, ਪਟਿਆਲਾ ਰੈਫਰ

ਨਾਭਾ (ਪੁਰੀ) : ਸ਼ੁੱਕਰਵਾਰ ਨੂੰ ਨਾਭਾ ਦੇ ਇਕ ਹਿੰਦੀ ਅਖਬਾਰ ਦੇ ਪੱਤਰਕਾਰ ਤੇ ਕੁਝ ਵਿਅਕਤੀਆਂ ਨੇ ਸਿਰ ਵਿਚ ਲੋਹੇ ਦੀ ਰਾਡ ਮਾਰ ਕੇ ਜਾਨਲੇਵਾ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ। ਪੱਤਰਕਾਰ ਨੂੰ ਤੁਰੰਤ ਸਿਵਲ ਹਸਪਤਾਲ ਨਾਭਾ ਵਿਖੇ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮੁੱਢਲੀ ਸਹਾਇਤਾ ਦੇ ਕੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਜ਼ਖਮੀ ਹਾਲਤ ਵਿਚ ਪੱਤਰਕਾਰ ਜਤਿੰਦਰ ਸ਼ਰਮਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਿਵਪੁਰੀ ਵਿਖੇ ਇਕ ਲੜਕਾ ਮੇਰੀ ਭਾਣਜੀ ਨਾਲ ਛੇੜਛਾੜ ਕਰਦਾ ਸੀ ਅਤੇ ਮੈਂ ਉਸਦੀ ਸ਼ਿਕਾਇਤ ਉਸਦੇ ਪਿਤਾ ਪਾਸ ਕਰਨ ਗਿਆ ਤਾਂ ਉਨ੍ਹਾਂ ਨੇ ਉਸ 'ਤੇ ਇਹ ਜਾਨਲੇਵਾ ਹਮਲਾ ਕਰ ਦਿੱਤਾ। 

ਉਧਰ ਦੂਜੇ ਪਾਸੇ ਡਿਊਟੀ 'ਤੇ ਤਾਇਨਾਤ ਸਿਵਲ ਹਸਪਤਾਲ ਨਾਭਾ ਦੇ ਡਾਕਟਰਾਂ ਨੇ ਦੱਸਿਆ ਕਿ ਜਤਿੰਦਰ ਸ਼ਰਮਾ ਦੇ ਸਿਰ ਵਿਚ ਡੂੰਘੀ ਸੱਟ ਵੱਜੀ ਹੈ ਅਤੇ ਉਸਦੇ ਸਿਰ ਵਿਚ ਕਰੀਬ ਦਰਜਨ ਟਾਂਕੇ ਲੱਗੇ ਹਨ। ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸਨੂੰ ਪਟਿਆਲਾ ਵਿਖੇ ਰੈਫਰ ਕੀਤਾ ਗਿਆ ਹੈ। ਉਧਰ ਥਾਣਾ ਕੋਤਵਾਲੀ ਨਾਭਾ ਦੇ ਇੰਚਾਰਜ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਜੇ ਜ਼ਖਮੀ ਜਤਿੰਦਰ ਸ਼ਰਮਾ ਦੇ ਬਿਆਨ ਲੈਣੇ ਹਨ। ਨਾਭਾ ਪ੍ਰੈਸ ਕਲੱਬ ਦੇ ਪ੍ਰਧਾਨ ਭੁਪਿੰਦਰ ਭੂਪਾ, ਸੀਨੀਅਰ ਪੱਤਰਕਾਰ ਅਮਰਿੰਦਰ ਪੁਰੀ, ਚੇਅਰਮੈਨ ਯਾਦਵਿੰਦਰ ਗਰਗਸ, ਭੁਪਿੰਦਰ ਸਿੰਘ, ਡਿੰਪਲ ਸ਼ਰਮਾ, ਰਾਹੁਲ ਖੁਰਾਣਾ, ਪ੍ਰਦੀਪ ਬਾਂਗਾ, ਅਸ਼ੋਕ ਸੋਫਤ, ਅਵਤਾਰ ਸਿੰਘ ਧਾਲੀਵਾਲ ਤੇ ਹੋਰਾਂ ਨੇ ਲੋਕਤੰਤਰ ਦੇ ਚੌਥੇ ਥੰਮ ਪ੍ਰੈਸ 'ਤੇ ਹਮਲੇ ਦੀ ਕਰੜੀ ਨਿੰਦਾ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।


author

Gurminder Singh

Content Editor

Related News