ਮੇਰਾ ਸਭ ਤੋਂ ਵੱਡਾ ਸਿਆਸੀ ਗੁਰੂ ''ਰਣਜੀਤ ਸਿੰਘ ਬ੍ਰਹਮਪੁਰਾ'' : ਜੇ. ਜੇ. ਸਿੰਘ
Friday, Mar 15, 2019 - 01:47 PM (IST)
ਖਡੂਰ ਸਾਹਿਬ : ਖਡੂਰ ਸਾਹਿਬ ਤੋਂ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਜਰਨਲ ਜੇ. ਜੇ. ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਭ ਤੋਂ ਵੱਡੇ ਸਿਆਸੀ ਗੁਰੂ ਸ. ਰਣਜੀਤ ਸਿੰਘ ਬ੍ਰਹਮਪੁਰਾ ਹਨ, ਜੋ ਕਿ ਸਿੱਖ ਕੌਮ ਦੇ ਸਭ ਤੋਂ ਵੱਡੇ ਆਗੂ ਹਨ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਸਿਆਸੀ ਧਿਰਾਂ ਵਲੋਂ ਸਤਾਏ ਗਏ ਪੰਜਾਬ ਦੇ ਲੋਕਾਂ ਲਈ ਇਕ ਵੱਡਾ ਬਦਲ ਲੈ ਕੇ ਆਏ ਹਨ, ਜਿਸ ਕਾਰਨ ਉਹ ਬ੍ਰਹਮਪੁਰਾ ਦੇ ਧੜੇ 'ਚ ਸ਼ਾਮਲ ਹੋਏ ਹਨ। ਜੇ. ਜੇ. ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਪੰਜਾਬ ਦੇ ਲੋਕਾਂ ਨੂੰ ਅਜਿਹੇ ਆਗੂ ਚਾਹੀਦੇ ਹਨ, ਜੋ ਕਿ ਜਨਤਾ 'ਚ ਵਿਚਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਸਕਣ, ਨਾ ਕਿ ਅਜਿਹੇ ਆਗੂ, ਜਿਹੜੇ ਸਿਰਫ ਲੋਕਾਂ ਦੀ ਲੁੱਟ ਕਰਦੇ ਹੋਣ। ਇੱਥੇ ਪ੍ਰੈਸ ਕਾਨਫਰੰਸ ਦੌਰਾਨ ਜੇ. ਜੇ. ਸਿੰਘ ਨੇ ਕਿਹਾ ਪੰਜਾਬ ਨੂੰ ਅਸੀਂ ਹੀਰਾ ਬਣਾ ਸਕਦੇ ਹਾਂ ਪਰ ਇਹ ਬਰਬਾਦੀ ਦੇ ਰਸਤੇ 'ਤੇ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਆਸਤਦਾਨਾਂ ਨੇ ਆਪਣੀਆਂ ਜੇਬਾਂ ਭਰਨ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ। ਜੇ. ਜੇ. ਸਿੰਘ ਨੇ ਕਿਹਾ ਕਿ ਨਾ ਇੱਥੇ ਇੰਡਸਟਰੀ ਹੈ, ਨਾ ਕਿਸਾਨਾਂ ਬਾਰੇ ਕੋਈ ਸੋਚਦੈ, ਸਿੱਖਿਆ ਫੇਲ ਹੈ ਕਿਉਂਕਿ ਅਧਿਆਪਕ ਹੀ ਨਹੀਂ ਹੈ ਅਤੇ ਜਿਹੜੇ ਹੈ ਵੀ, ਉਹ ਹੜਤਾਲਾਂ 'ਤੇ ਬੈਠੇ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਪੰਜਾਬ 'ਚ ਕੋਈ ਤੀਜਾ ਧੜਾ ਆਉਣ ਹੀ ਨਹੀਂ ਦਿੱਤਾ ਪਰ ਹੁਣ ਅਕਾਲੀ ਦਲ ਟਕਸਾਲੀ ਲੋਕਾਂ ਕੋਲ ਇਕ ਬਦਲ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੀ ਹੀ ਪਾਰਟੀ 'ਚ ਜਾਣਾ ਚਾਹੁੰਦੇ ਸਨ, ਜੋ ਕਿ ਨਾ ਅਕਾਲੀਆਂ ਦੀ ਹੋਵੇ ਅਤੇ ਨਾ ਹੀ ਕਾਂਗਰਸੀਆਂ ਦੀ, ਸਗੋਂ ਲੋਕਾਂ ਦੀ ਭਲਾਈ ਲਈ ਬਣਾਈ ਗਈ ਪਾਰਟੀ ਹੋਵੇ।