ਗਰਮੀ ਦੇ ਟੁੱਟੇ ਰਿਕਾਰਡ, ''ਤੰਦੂਰ'' ਵਾਂਗ ਤਪਣ ਲੱਗੀ ਧਰਤੀ

Monday, Jun 10, 2019 - 11:55 AM (IST)

ਗਰਮੀ ਦੇ ਟੁੱਟੇ ਰਿਕਾਰਡ, ''ਤੰਦੂਰ'' ਵਾਂਗ ਤਪਣ ਲੱਗੀ ਧਰਤੀ

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਗਰਮੀ ਦੇ ਪ੍ਰਕੋਪ ਕਾਰਣ ਜਿੱਥੇ ਜਨ-ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਤਪਸ਼ ਤੋਂ ਬਚਣ ਲਈ ਲੋਕ ਘਰਾਂ ਅੰਦਰ ਬੰਦ ਹੋ ਕੇ ਰਹਿਣ ਲਈ ਮਜਬੂਰ ਹੋ ਰਹੇ ਹਨ। ਹਾਲਾਤ ਇਹ ਬਣੇ ਹੋਏ ਹਨ ਕਿ ਪਾਰਾ 45 ਡਿਗਰੀ ਤੋਂ ਪਾਰ ਹੋਣ ਕਰ ਕੇ ਗਰਮੀ ਨੇ ਪਿਛਲੇ 50 ਸਾਲਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਜਨ-ਜੀਵਨ ਪੂਰੀ ਤਰ੍ਹਾਂ ਬੇਹਾਲ ਹੋ ਗਿਆ ਹੈ ਅਤੇ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ। ਅਸਮਾਨ 'ਚੋਂ ਵਰ੍ਹ ਰਹੀ ਅੱਗ ਨਾਲ ਧਰਤੀ ਤੰਦੂਰ ਵਾਂਗ ਪੂਰੀ ਤਰ੍ਹਾਂ ਰੋਜ਼ਾਨਾ ਤਪ ਰਹੀ ਹੈ ਅਤੇ ਇਸ ਗਰਮੀ ਦੇ ਵਧੇ ਪ੍ਰਕੋਪ ਕਾਰਣ ਵਪਾਰੀਆਂ ਅਤੇ ਦੁਕਾਨਦਾਰਾਂ ਦੇ ਕਾਰੋਬਾਰ ਵੀ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਏ ਹਨ, ਜਦੋਂ ਕਿ ਖੇਤ ਮਜ਼ਦੂਰ, ਰਾਜ ਮਿਸਤਰੀਆਂ ਅਤੇ ਦਿਹਾੜੀਦਾਰ ਕਾਮਿਆਂ ਦਾ ਕੰਮ ਬੰਦ ਹੋਣ ਕਰ ਕੇ ਗਰੀਬਾਂ ਦੇ ਚੁੱਲ੍ਹੇ ਵੀ ਠੰਡੇ ਪੈ ਗਏ ਹਨ। ਇੱਧਰ ਜੇਕਰ ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ 'ਚ ਇਸ ਤੋਂ ਕਿਤੇ ਜ਼ਿਆਦਾ ਗਰਮੀ ਪੈਣ ਦੇ ਅਸਾਰ ਹਨ, ਜਿਸ ਕਾਰਣ ਗਰਮੀ ਦਾ ਪ੍ਰਕੋਪ ਹੋਰ ਵਧਣ ਨਾਲ ਜੂਨ ਦੇ ਆਖੀਰ ਤੱਕ ਕੋਈ ਵੀ ਰਾਹਤ ਮਿਲਣ ਦੇ ਆਸਾਰ ਨਹੀਂ ਦਿਖਾਈ ਦੇ ਰਹੇ ਹਨ। ਗਰਮੀ ਤੋਂ ਬਚਣ ਲਈ ਲੋਕਾਂ ਵਲੋਂ ਪਾਣੀ ਸਿਰ 'ਚ ਪਾਉਣ, ਮੂੰਹ-ਸਿਰ ਢਕਣ, ਠੰਢੀਆਂ ਵਸਤੂਆਂ ਦਾ ਸੇਵਨ ਕਰਨ ਸਮੇਤ ਰੁੱਖਾਂ ਹੇਠਾਂ ਜਾਂ ਛਾਂ ਦਾ ਪ੍ਰਬੰਧ ਕਰ ਕੇ ਦਿਨ ਕੱਟਣ ਆਦਿ ਸਮੇਤ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਨਾਏ ਜਾ ਰਹੇ ਹਨ, ਕਿਉਂਕਿ ਗਰਮੀ ਦੇ ਦਿਨ-ਬ-ਦਿਨ ਵੱਧ ਰਹੇ ਪ੍ਰਕੋਪ ਕਾਰਣ ਸੜਕਾਂ 'ਤੇ ਚੱਲਦੇ ਵਹੀਕਲਾਂ ਨੂੰ ਅੱਗ ਲੱਗਣ ਦੀਆਂ ਵਾਪਰ ਰਹੀਆਂ ਘਟਨਾਵਾਂ ਤੋਂ ਇਲਾਵਾ ਪਸ਼ੂ, ਪੰਛੀਆਂ ਅਤੇ ਮਨੁੱਖੀ ਜਾਨਾਂ ਜਾਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।

ਸੜਕਾਂ ਹੋਈਆਂ ਸੁੰਨਸਾਨ, ਦੁਕਾਨਦਾਰ ਹੋਏ ਵਿਹਲੇ
ਗਰਮੀ ਦੇ ਵਧੇ ਪ੍ਰਭਾਵ ਕਾਰਣ ਦੁਪਹਿਰ ਵੇਲੇ ਸੜਕਾਂ ਤੇ ਬਾਜ਼ਾਰ ਸੁੰਨਸਾਨ ਪਏ ਰਹਿੰਦੇ ਹਨ। ਝਬਾਲ ਚੌਕ ਦੇ ਅਟਾਰੀ, ਭਿੱਖੀਵਿੰਡ, ਤਰਨਤਾਰਨ ਅਤੇ ਅੰਮ੍ਰਿਤਸਰ ਰੋਡ ਜਿੱਥੇ ਹਮੇਸ਼ਾ ਲੋਕਾਂ ਦੀ ਭੀੜ ਹੋਣ ਕਾਰਣ ਸਾਰਾ ਦਿਨ ਰੌਣਕਾਂ ਰਹਿੰਦੀਆਂ ਹਨ, ਉਹ ਚੌਕ ਅਤੇ ਬਾਜ਼ਾਰ ਵੀ ਸੁੰਨੇ ਪੈ ਗਏ ਹਨ। ਗਾਹਕਾਂ ਦੀ ਘਟੀ ਆਮਦ ਕਾਰਣ ਦੁਕਾਨਦਾਰ ਵੀ ਵੇਹਲੇ ਬੈਠਣ ਲਈ ਮਜਬੂਰ ਹੋ ਰਹੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਕੁਝ ਦੁਕਾਨਦਾਰਾਂ ਨੇ ਦੱਸਿਆ ਕਿ ਵਧ ਰਹੀ ਗਰਮੀ ਕਾਰਣ ਕਾਰੋਬਾਰਾਂ 'ਤੇ ਵੱਡਾ ਪ੍ਰਭਾਵ ਪਿਆ ਹੈ ਕਿਉਂਕਿ ਲੋਕ ਗਰਮੀ ਤੋਂ ਡਰਦੇ ਘਰਾਂ 'ਚੋਂ ਬਾਹਰ ਨਹੀਂ ਨਿਕਲ ਰਹੇ ਹਨ, ਜਿਸ ਕਰ ਕੇ ਬਾਜ਼ਾਰਾਂ 'ਚ ਰੌਣਕਾਂ ਘੱਟ ਗਈਆਂ ਹਨ ਅਤੇ ਆਗਾਮੀ ਦਿਨਾਂ 'ਚ ਗਰਮੀ ਹੋਰ ਵਧਣ ਨਾਲ ਕਾਰੋਬਾਰ ਬਿਲਕੁਲ ਹੀ ਬੰਦ ਹੋਣ ਦੇ ਅਸਾਰ ਬਣ ਜਾਣਗੇ।

ਅਗਲੇ 2 ਹਫਤੇ ਗਰਮੀ ਦਾ ਕਹਿਰ ਹੋਰ ਵਧਣ ਦੇ ਆਸਾਰ : ਮੌਸਮ ਵਿਭਾਗ
ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 14 ਦਿਨਾਂ ਤੱਕ ਮੌਸਮ 'ਚ ਕੋਈ ਵੀ ਤਬਦੀਲੀ ਨਾ ਹੋਣ ਅਤੇ ਗਰਮੀ ਦਾ ਕਹਿਰ ਹੋਰ ਵਧਣ ਦੇ ਆਸਾਰ ਹਨ। ਵਿਭਾਗ ਅਨੁਸਾਰ ਅਗਲੇ ਕੁਝ ਦਿਨਾ ਦੌਰਾਨ ਪਾਰਾ 48 ਡਿਗਰੀ ਤੱਕ ਪਹੁੰਚਣ ਦੇ ਅਨੁਮਾਨ ਹਨ, ਜਿਸ ਕਰ ਕੇ ਲੂ ਅਤੇ ਗਰਮੀ ਵਧਣ ਕਾਰਣ ਜਨ-ਜੀਵਨ ਉਪਰ ਅਜੇ ਪ੍ਰਭਾਵ ਬਣਿਆ ਰਹੇਗਾ। ਵਿਭਾਗ ਦਾ ਅਨੁਮਾਨ ਹੈ ਕਿ ਜੇਕਰ ਮਾਨਸੂਨ ਜੁਲਾਈ ਦੇ ਪਹਿਲੇ ਹਫਤੇ ਪੰਜਾਬ 'ਚ ਪਹੁੰਚ ਜਾਂਦਾ ਹੈ ਤਾਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ।

ਤਰਨਤਾਰਨ ਜ਼ਿਲੇ 'ਚ ਇਸ ਤਰ੍ਹਾਂ ਰਹੇਗਾ ਇਕ ਹਫਤੇ ਤੱਕ ਤਾਪਮਾਨ
ਜੇਕਰ ਜ਼ਿਲਾ ਤਰਨਤਾਰਨ 'ਚ ਇਕ ਹਫਤੇ ਤੱਕ ਰਹਿਣ ਵਾਲੇ ਤਾਪਮਾਨ ਵੱਲ ਝਾਤ ਮਾਰੀ ਜਾਵੇ ਤਾਂ ਸੋਮਵਾਰ ਨੂੰ ਪਾਰਾ 46 ਡਿਗਰੀ ਨੂੰ ਪਾਰ ਕਰ ਜਾਵੇਗਾ, ਮੰਗਲਵਾਰ ਨੂੰ ਤਾਪਮਾਨ ਭਾਵੇਂ 43 ਡਿਗਰੀ ਰਹੇਗਾ ਪਰ ਗਰਮੀ ਤੋਂ ਰਾਹਤ ਮਿਲਣ ਦੇ ਕੋਈ ਆਸਾਰ ਨਹੀਂ ਹਨ। ਬੁੱਧਵਾਰ ਅਤੇ ਵੀਰਵਾਰ ਨੂੰ ਪਾਰਾ 44 ਡਿਗਰੀ ਰਹੇਗਾ, ਸ਼ੁਕਰਵਾਰ ਨੂੰ 45 ਡਿਗਰੀ, ਸ਼ਨੀਵਾਰ ਨੂੰ 43 ਅਤੇ ਐਤਵਾਰ ਨੂੰ 42 ਡਿਗਰੀ ਤਾਪਮਾਨ ਰਹਿਣ ਦੇ ਅਨੁਮਾਨ ਹਨ।

ਰੁੱਖਾਂ ਦੀ ਕਟਾਈ ਦਾ ਨਤੀਜਾ ਹੈ ਜ਼ਿਆਦਾ ਗਰਮੀ ਪੈਣਾ : ਧੁੰਨਾ
ਵਾਤਾਵਰਣ ਪ੍ਰੇਮੀ ਅਤੇ ਆਈ. ਐੱਚ. ਆਰ. ਓ. (ਇੰਟਰਨੈਸ਼ਨਲ ਹਿਊਮਨ ਰਾਈਟ ਆਰਗੇਨਾਈਜ਼ੇਸ਼ਨ) ਦੇ ਜ਼ਿਲਾ ਪ੍ਰਧਾਨ ਗੁਰਨਾਮ ਸਿੰਘ ਧੁੰਨਾ ਦਾ ਕਹਿਣਾ ਹੈ ਕਿ ਜ਼ਿਆਦਾ ਗਰਮੀ ਪੈਣਾ ਦਿਨੋਂ-ਦਿਨ ਰੁੱਖਾਂ ਦੀ ਕੀਤੀ ਜਾ ਰਹੀ ਧੜਾਧੜ ਕਟਾਈ ਦਾ ਹੀ ਨਤੀਜਾ ਹੈ। ਉਨ੍ਹਾਂ ਕਿਹਾ ਕਿ ਰੁੱਖ ਹੀ ਹਨ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵੀ ਬਚਾਉਣ 'ਚ ਸਹਾਈ ਹੁੰਦੇ ਹਨ 'ਤੇ ਜੇਕਰ ਅਜੇ ਵੀ ਲੋਕਾਂ ਵਲੋਂ ਰੁੱਖਾਂ ਦੀ ਕਟਾਈ ਕਰਨਾ ਬੰਦ ਨਾ ਕੀਤੀ ਤਾਂ ਜਿੱਥੇ ਗਰਮੀ ਦੀ ਤਪਸ਼ ਦਾ ਪ੍ਰਕੋਪ ਲੋਕਾਂ ਨੂੰ ਹੋਰ ਜ਼ਿਆਦਾ ਤੰਗ ਕਰੇਗਾ, ਉੱਥੇ ਹੀ ਧਰਤੀ ਤੋਂ ਪਾਣੀ ਅਤੇ ਨਮੀ ਦੀ ਮਾਤਰਾ ਘਟਣ ਨਾਲ ਪੰਜਾਬ ਦੀ ਧਰਤੀ ਨੂੰ ਬੰਜਰ ਬਣਨ ਤੋਂ ਕੋਈ ਨਹੀਂ ਰੋਕ ਸਕੇਗਾ।

ਬਾਜ਼ਾਰੀ ਵਸਤੂਆਂ ਦਾ ਸੇਵਨ ਕਰਨ ਤੋਂ ਗੁਰੇਜ਼ ਕੀਤਾ ਜਾਵੇ : ਡਾ. ਗੁਪਤਾ
ਡਾ. ਰਮਨ ਗੁਪਤਾ ਨੇ ਗਰਮੀ ਤੋਂ ਚਮੜੀ ਅਤੇ ਅੱਖਾਂ ਨੂੰ ਬਚਾਉਣ ਲਈ ਬਾਈਕ ਚਲਾਉਣ ਸਮੇਂ ਮੂੰਹ, ਅੱਖਾਂ ਅਤੇ ਬਾਹਾਂ ਨੂੰ ਢੱਕ ਕੇ ਨਿਕਲਣ ਦੀ ਸਲਾਹ ਦਿੰਦਿਆਂ ਦੱਸਿਆ ਕਿ ਪਿਆਸ ਬੁਝਾਉਣ ਲਈ ਬਾਜ਼ਾਰ 'ਚ ਵਿਕਣ ਵਾਲੇ ਕਥਿਤ ਨਿੰਬੂ ਪਾਣੀ ਅਤੇ ਗੰਨੇ ਦੇ ਰਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਗਰਮੀ ਤੋਂ ਬਚਣ ਲਈ ਬੇਸ਼ੱਕ ਵੱਧ ਤੋਂ ਵੱਧ ਪਾਣੀ, ਘਰ 'ਚ ਤਿਆਰ ਕੀਤਾ ਨਿੰਬੂ ਪਾਣੀ ਅਤੇ ਨਾਰੀਅਲ ਦਾ ਪਾਣੀ ਪੀਣ ਦੇ ਨਾਲ ਹਰੀਆਂ ਸਬਜ਼ੀਆਂ ਜਿਨ੍ਹਾਂ ਦਾ ਸੇਵਨ ਕਰਨ ਅਤੇ ਸਾਫ ਫਲਾਂ ਤੋਂ ਆਪ ਤਿਆਰ ਕੀਤਾ ਜੂਸ, ਲੱਸੀ ਜ਼ਿਆਦਾ ਪੀਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਗਰਮੀ ਦੇ ਮੌਸਮ ਤੋਂ ਬਚਾਉਣ ਦੀ ਵਿਸ਼ੇਸ਼ ਸਲਾਹ ਦਿੰਦਿਆਂ ਨਿੰਬੂ ਪਾਣੀ, ਗਲੂਕੋਜ ਅਤੇ ਓ. ਆਰ. ਐੱਸ. ਦਾ ਘੋਲ ਦੇਣ ਦੇ ਨਾਲ ਘਰ 'ਚ ਮੱਖੀ ਅਤੇ ਮੱਛਰ ਪੈਦਾ ਨਾ ਹੋਣ ਦੇਣ ਲਈ ਸਫਾਈ ਦਾ ਧਿਆਨ ਰੱਖਣ ਦੀ ਵੀ ਅਪੀਲ ਕੀਤੀ।


author

Baljeet Kaur

Content Editor

Related News