ਡਾ. ਜੋਗਿੰਦਰ ਸਿੰਘ ਕੈਰੋਂ ਬਾਬਾ ਬੁੱਢਾ ਜੀ ਕਾਲਜ ਵੱਲੋਂ ਸਨਮਾਨਿਤ

Friday, Feb 09, 2018 - 11:07 AM (IST)

ਡਾ. ਜੋਗਿੰਦਰ ਸਿੰਘ ਕੈਰੋਂ ਬਾਬਾ ਬੁੱਢਾ ਜੀ ਕਾਲਜ ਵੱਲੋਂ ਸਨਮਾਨਿਤ

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਪ੍ਰਸਿੱਧ ਭਾਸ਼ਾ ਵਿਗਿਆਨੀ, ਲੋਕ ਧਾਰਾ ਸ਼ਾਸਤਰੀ, ਨਿੱਕੀ ਕਹਾਣੀ ਤੇ ਨਾਵਲ ਰਚਨਾਤਮਿਕ ਅਤੇ ਕੋਸ਼ਕਾਰੀ ਡਾ. ਜੋਗਿੰਦਰ ਸਿੰਘ ਕੈਰੋਂ ਸਿੱਖਿਆ ਡਾਇਰੈਕਟਰ ਬਾਬਾ ਬੁੱਢਾ ਜੀ ਕਾਲਜ ਨੂੰ ਪੰਜਾਬ ਕਲਾ ਪਰਿਸ਼ਦ ਵੱਲੋਂ ਬੀਤੇ ਦਿਨੀਂ ਲਾਈਫ ਟਾਈਮ ਅਚੀਵਮੈਂਟ ਐਵਾਰਡ (ਜੀਵਨ ਕਾਲ ਪ੍ਰਾਪਤੀ ਸਨਮਾਨ ਸ਼ੋਭਾ ਪੱਤਰ) ਨਾਲ ਸਨਮਾਨੇ ਜਾਣ ਉਪਰੰਤ ਬਾਬਾ ਬੁੱਢਾ ਜੀ ਕਾਲਜ ਬੀੜ ਸਾਹਿਬ ਵਿਖੇ ਪਹੁੰਚਣ 'ਤੇ ਪ੍ਰਿਸੀਪਲ ਡਾ. ਵਰਿਆਮ ਸਿੰਘ ਬੱਲ ਦੀ ਅਗਵਾਈ 'ਚ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਕਾਲਜ 'ਚ ਰੱਖੇ ਸਨਮਾਨ ਸਮਰੋਹ ਮੌਕੇ ਡਾ. ਜੋਗਿੰਦਰ ਸਿੰਘ ਕੈਰੋਂ ਨੇ ਵਿਦਿਆਰਥੀਆਂ ਨਾਲ ਆਪਣੀ ਜੀਵਨੀ ਦੇ ਖੱਟੇ-ਮਿੱਠੇ ਤਜ਼ਰਬਿਆਂ ਦੀ ਸਾਂਝ ਪਾਈ ਤੇ ਦੱਸਿਆ ਕਿ ਉਹ ਕਿਸ ਤਰ੍ਹਾਂ ਇਕ ਆਮ ਵਿਅਕਤੀ ਤੋਂ ਕਲਾ ਦੇ ਖੇਤਰ 'ਚ ਪਹੁੰਚ ਕੇ ਇਸ ਮੁਕਾਮ ਤੱਕ ਪੁੱਜੇ ਹਨ। ਉਨ੍ਹਾਂ ਨੇ ਆਪਣੀਆਂ ਲਿੱਖੀਆਂ ਪੁਸਤਕਾਂ, ਵੱਖ-ਵੱਖ ਭਾਸ਼ਾਵਾਂ ਚੋਂ ਅਨੁਵਾਦ ਕੀਤੀਆਂ ਰਚਨਾਵਾਂ ਅਤੇ ਚੇਤਨ ਖੇਤਰ 'ਚ ਕੋਸ਼ ਕੀਤੀਆਂ ਪੰਜਾਬੀ ਚੇਤਨਾ ਨੂੰ ਵਿਸ਼ਾਲ ਕਰਨ ਵਾਲੀਆਂ ਪੋਥੀਆਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਕਾਲਜ ਕਮੇਟੀ ਦੇ ਪ੍ਰਧਾਨ ਬਾਬਾ ਸੰਤੋਖ ਸਿੰਘ ਬੀੜ ਸਾਹਿਬ ਵੱਲੋਂ ਪੁੱਜੇ ਗੁਰਦੁਆਰਾ ਅੰਗੀਠਾ ਸਾਹਿਬ ਜੀ ਦੇ ਸੇਵਾਦਾਰ ਬਾਬਾ ਭੋਲਾ ਸਿੰਘ ਜੀ, ਕਾਲਜ ਦੇ ਪ੍ਰਿਸੀਪਲ ਵਰਿਆਮ ਸਿੰਘ ਬੱਲ, ਪ੍ਰੋਫੈਸਰ ਰਾਜਵਿੰਦਰਜੀਤ ਸਿੰਘ ਖਹਿਰਾ ਸਮੇਤ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਕਾਲਜ ਦੇ ਪ੍ਰਿਸੀਪਲ ਡਾ. ਵਰਿਆਮ ਸਿੰਘ ਬੱਲ ਨੇ ਦੱਸਿਆ ਕਿ ਡਾ. ਜੋਗਿੰਦਰ ਸਿੰਘ ਕੈਰੋਂ ਨੂੰ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਸਨਮਾਨਿਤ ਕੀਤੇ ਜਾਣ ਨਾਲ ਬਾਬਾ ਬੁੱਢਾ ਜੀ ਕਾਲਜ ਹੀ ਨਹੀਂ ਬਲਕਿ ਪੂਰੇ ਖੇਤਰ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਬਾਬਾ ਭੋਲਾ ਸਿੰਘ ਨੇ ਵੀ ਡਾ. ਜੋਗਿੰਦਰ ਸਿੰਘ ਵੱਲੋਂ ਮਾਤ ਭਾਸ਼ਾ ਪੰਜਾਬੀ ਲਈ ਪਾਏ ਜਾ ਰਹੇ ਵੱਡੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਡਾ. ਕੈਰੋਂ ਦੀ ਸੰਘਰਸ਼ਮਈ ਜ਼ਿੰਦਗੀ ਤੋਂ ਵਿਦਿਆਰਥੀਆਂ ਨੂੰ ਸੇਧ ਲੈਣ ਦੀ ਅਪੀਲ ਕਰਦਿਆਂ ਡਾ. ਕੈਰੋਂ ਨੂੰ ਮੁਬਾਰਕਾਂ ਦਿੱਤੀਆਂ। ਇਸ ਸਮੇਂ ਪ੍ਰੋ. ਇੰਦਰਜੀਤ ਸਿੰਘ ਕਸੇਲ, ਪ੍ਰੋ. ਅਮਰਜੀਤ ਕੌਰ, ਪ੍ਰੋ. ਜੁਗਿੰਦਰ ਸਿੰਘ, ਸਤਨਾਮ ਸਿੰਘ, ਰਵੇਲ ਸਿੰਘ, ਨਿਰਵੈਲ ਸਿੰਘ ਅਤੇ ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।


Related News