ਜਥੇਦਾਰ ਤੋਤਾ ਸਿੰਘ ਨੇ 1960 ’ਚ ਰੱਖਿਆ ਸੀ ਸਿਆਸਤ ’ਚ ਕਦਮ, ਪ੍ਰਕਾਸ਼ ਸਿੰਘ ਬਾਦਲ ਵੀ ਨਹੀਂ ਮੋੜਦੇ ਸੀ ਉਨ੍ਹਾਂ ਦੀ ਗੱਲ
Sunday, May 22, 2022 - 05:11 PM (IST)
ਮੋਗਾ : ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਅਕਾਲ ਚਲਾਣਾ ਕਰ ਗਏ ਸਨ। ਤੋਤਾ ਸਿੰਘ ਦਾ ਜਨਮ 2 ਮਾਰਚ 1941 ਨੂੰ ਉਸ ਵੇਲੇ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ (ਹੁਣ ਮੋਗਾ ਜ਼ਿਲ੍ਹਾ) ਪਿੰਡ ਦੀਦਾਰੇਵਾਲਾ ਵਿਖੇ ਹੋਇਆ ਸੀ। ਉਨ੍ਹਾਂ ਨੇ ਸ਼ਨੀਵਾਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ’ਚ ਆਖਰੀ ਸਾਹ ਲਏ ਅਤੇ 81 ਸਾਲ ਦੀ ਉਮਰ ਵਿਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਆਪਣੇ ਸਮੇਂ ਦੀ 11ਵੀਂ ਜਮਾਤ (ਜਿਸ ਨੂੰ ਉਸ ਸਮੇਂ 'ਚ ਐੱਫ.ਏ ਕਿਹਾ) ਨੂੰ ਪਾਸ ਕਰਨ ਤੋਂ ਬਾਅਦ ਤੋਤਾ ਸਿੰਘ ਨੇ 1960 ਵਿਚ ਸਿਆਸਤ ’ਚ ਪਹਿਲਾ ਕਦਮ ਰੱਖਿਆ ਸੀ। ਸਭ ਤੋਂ ਪਹਿਲਾਂ ਉਹ ਸਰਪੰਚੀ ਦੀਆਂ ਚੋਣਾਂ ਵਿਚ ਖੜ੍ਹੇ ਹੋਏ ਸੀ। ਤੋਤਾ ਸਿੰਘ ਸ਼ੁਰੂਆਤ ਤੋਂ ਹੀ ਅਕਾਲੀ ਦਲ ਨਾਲ ਜੁੜੇ ਰਹੇ ਸਨ। 1969 'ਚ ਉਹ ਫਿਰੋਜ਼ਪੁਰ ਜ਼ਿਲ੍ਹੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੀ। 1978 'ਚ ਉਨ੍ਹਾਂ ਨੂੰ ਅਕਾਲੀ ਦਲ ਦੀ ਕੇਂਦਰੀ ਕਾਰਜ ਕਮੇਟੀ ਦੇ ਮੈਂਬਰ ਵਜੋਂ ਵੀ ਚੁਣਿਆ ਗਿਆ ਸੀ। 1979 'ਚ ਉਹ ਪਹਿਲੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਸੀ। ਉਸ ਤੋਂ ਬਾਅਦ ਉਹ ਲਗਾਤਾਰ ਐੱਸ.ਜੀ.ਪੀ.ਸੀ ਦੇ ਮੈਂਬਰ ਬਣਦੇ ਰਹੇ। ਜ਼ਿਕਰਯੋਗ ਹੈ ਕਿ ਜਦੋਂ 1985 ਵਿਚ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣੀ ਸੀ ਉਸ ਵੇਲੇ ਤੋਤਾ ਸਿੰਘ ਨੂੰ ਪੰਜਾਬ ਮੰਡੀ ਬੋਰਡ ਦਾ ਪ੍ਰਧਾਨ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ- ਸੁਨੀਲ ਜਾਖੜ ਨੇ CM ਭਗਵੰਤ ਮਾਨ ਦਾ ਕੀਤਾ ਧੰਨਵਾਦ, ਟਵੀਟ ਕਰਕੇ ਕੀਤੀ ਇਹ ਅਪੀਲ
1997 ’ਚ ਮੋਗਾ ਤੋਂ ਲੜੀ ਸੀ ਚੋਣ
ਜਥੇਦਾਰ ਤੋਤਾ ਸਿੰਘ ਨੇ 1997 ਵਿਚ ਅਕਾਲੀ ਦਲ ਵੱਲੋਂ ਮੋਗਾ ਤੋਂ ਚੋਣ ਲੜੀ ਸੀ। ਮੋਗਾ ਨੂੰ ਉਸ ਵੇਲੇ ਕਾਂਗਰਸੀ ਸੀਟ ਮੰਨਿਆ ਜਾਂਦਾ ਸੀ। ਉਸ ਵੇਲੇ ਜਥੇਦਾਰ ਤੋਤਾ ਸਿੰਘ ਨੇ ਲੋਕਾਂ ਨੂੰ ਕਿਹਾ ਸੀ ਕਿ ਨਿਹਾਲ ਸਿੰਘ ਵਾਲਾ ਤੋਂ ਆ ਕੇ ਚੋਣਾਂ ਵਿਚ ਉਤਰੇ ਹਨ। ਜੇਕਰ ਜਿੱਤ ਹਾਸਲ ਕਰਦਾ ਹਾਂ ਤਾਂ ਮੋਗਾ ਵਿਚ ਹੀ ਰਹਾਂਗਾ। ਇਸ ਦੌਰਾਨ ਉਹ ਚੋਣਾਂ ਜਿੱਤ ਗਏ ਅਤੇ ਮੋਗਾ ਵਿਚ ਹੀ ਰਹਿਣ ਲੱਗ ਗਏ।
ਇਹ ਵੀ ਪੜ੍ਹੋ- ਪਾਵਰਕਾਮ ਦੀ ਵੱਡੀ ਕਾਰਵਾਈ: 47 ਕੇਸਾਂ ’ਚ ਸਿੱਧੀ ਕੁੰਡੀ ਦੇ 21 ਮਾਮਲੇ ਫੜੇ, 21.62 ਲੱਖ ਜੁਰਮਾਨਾ
ਬੇਬਾਕ ਆਗੂ ਸਨ ਤੋਤਾ ਸਿੰਘ
ਜਥੇਦਾਰ ਤੋਤਾ ਸਿੰਘ ਬੇਬਾਕ ਆਗੂ ਰਹੇ ਸਨ। ਉਨ੍ਹਾਂ ਨੂੰ ਵਿਕਾਸ ਕਾਰਜਾਂ ਦੇ ਆਂਕੜੇ ਉਂਗਲੀਆਂ ’ਤੇ ਯਾਦ ਰਹਿੰਦੇ ਸਨ ਅਤੇ ਇਸ ਦੀ ਮਦਦ ਨਾਲ ਹੀ ਉਹ ਅਗਲੀਆਂ ਯੋਜਨਾਵਾਂ ਬਣਾਉਂਦੇ ਸਨ ਅਤੇ ਸਰਕਾਰ ਵੱਲੋਂ ਇਹ ਯੋਜਨਾਵਾਂ ਲਿਆਉਣ ਵਿਚ ਕਾਮਯਾਬ ਵੀ ਰਹਿੰਦੇ ਸਨ। ਇਸ ਦਾ ਮੁੱਖ ਕਾਰਨ ਇਹ ਸੀ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਤੋਤਾ ਸਿੰਘ ਦੀ ਗੱਲ ਨੂੰ ਕਦੀ ਨਜ਼ਰਅੰਦਾਜ਼ ਨਹੀਂ ਕਰਦੇ ਸੀ।
ਮਿੰਨੀ ਸਕੱਤਰੇਤ ਲਈ ਅਫ਼ਸਰਸ਼ਾਹੀ ਨਾਲ ਭਿੜੇ ਸੀ ਤੋਤਾ ਸਿੰਘ
ਉਨ੍ਹਾਂ ਨੇ ਮੋਗਾ 'ਚ ਮਿੰਨੀ ਸਕੱਤਰੇਤ ਬਣਾਉਣ ਲਈ ਅਫ਼ਸਰਾਂ ਨੂੰ ਜ਼ਮੀਨ ਦਿਖਾਈ ਸੀ ਪਰ ਅਫ਼ਸਰਾਂ ਨੇ ਤੋਤਾ ਸਿੰਘ ਦੀ ਗੱਲ ਨੂੰ ਨਾਕਾਰ ਦਿੱਤਾ ਸੀ। ਤੋਤਾ ਸਿੰਘ ਨੇ ਫਿਰ ਆਪ ਇਸ ਲਈ ਰਿਕਵਾਇਰਮੈਂਟ ਪੁੱਛੀ ਅਤੇ 7 ਮੰਜ਼ਿਲਾਂ ਇਮਾਰਤ ਦਾ ਨਕਸ਼ਾ ਵੀ ਆਪ ਹੀ ਤਿਆਰ ਕਰਵਾਇਆ।
ਇਹ ਵੀ ਪੜ੍ਹੋ- ਜਲੰਧਰ: ਰੇਡ ਕਰਨ ਗਈ ਪੁਲਸ ਨੂੰ ਦੇਖ ਕੇ ਭੱਜਿਆ ਮੁਲਜ਼ਮ ਦਾ ਪਿਤਾ, ਕਾਬੂ ਕਰਨ 'ਤੇ ਮਿਲੀ ਹੈਰੋਇਨ
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।