ਗੁਰਬਾਣੀ ਪ੍ਰਸਾਰਣ ਮਾਮਲੇ 'ਤੇ ਜਥੇਦਾਰ ਰਘਬੀਰ ਸਿੰਘ ਵੱਲੋਂ ਪੰਜਾਬ ਸਰਕਾਰ ਤੇ SGPC ਨੂੰ ਨਿਰਦੇਸ਼ ਜਾਰੀ

Tuesday, Jun 20, 2023 - 01:01 PM (IST)

ਗੁਰਬਾਣੀ ਪ੍ਰਸਾਰਣ ਮਾਮਲੇ 'ਤੇ ਜਥੇਦਾਰ ਰਘਬੀਰ ਸਿੰਘ ਵੱਲੋਂ ਪੰਜਾਬ ਸਰਕਾਰ ਤੇ SGPC ਨੂੰ ਨਿਰਦੇਸ਼ ਜਾਰੀ

ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਗੁਰਬਾਣੀ ਪ੍ਰਸਾਰਣ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਗਿਆਨੀ ਰਘਬੀਰ ਸਿੰਘ ਨੇ ਕਿਹਾ ਬੀਤੇ ਦਿਨਾਂ ਤੋਂ ਸਿੱਖ ਪੰਥ ਦੀ ਸਿਰਮੌਰ ਸੰਸਥਾ ਅਤੇ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਫ਼ੈਸਲੇ ਪੰਥ 'ਚ ਸਮੱਸਿਆ ਦਾ ਕਾਰਨ ਬਣ ਰਹੇ ਹਨ। ਉਨ੍ਹਾਂ ਕਿਹਾ ਗੁਰਬਾਣੀ ਪ੍ਰਸਾਰਣ ਦਾ ਜੋ ਮਾਮਲਾ ਹੈ ਸੱਚਖੰਡ ਹਰਿਮੰਦਰ ਸਾਹਿਬ ਜੀ ਦੀ ਮਰਿਆਦਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ  ਗੁਰਬਾਣੀ ਪ੍ਰਸਾਰਣ ਨੂੰ ਖੁੱਲ੍ਹੇ ਤੌਰ 'ਤੇ ਲਾਗੂ ਕਰ ਦੇਣਾ, ਇਹ ਗੁਰਬਾਣੀ ਪ੍ਰਸਾਰਣ ਮਰਿਆਦਾ ਨੂੰ ਬਹਾਲ ਨਹੀਂ ਰੱਖ ਸਕੇਗਾ। 

ਇਹ ਵੀ ਪੜ੍ਹੋ- ਕਿਵੇਂ ਮਾਡਲ ਬਣੇਗਾ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ, ਲੰਮੀ-ਚੌੜੀ ਫੌਜ ਦੇ ਬਾਵਜੂਦ ਸਹੂਲਤਾਂ ਪੱਖੋਂ ਜ਼ੀਰੋ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਬੰਧ 'ਚ ਦਖ਼ਲਅੰਦਾਜ਼ੀ ਕਰਨੀ ਬਹੁਤ ਹੀ ਮੰਦਭਾਗੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਦਖ਼ਲਅੰਦਾਜ਼ੀ ਬਿਲਕੁਲ ਵੀ ਨਾ ਕਰਨ, ਕਿਉਂਕਿ ਅੱਜ ਵਿਧਾਨ ਸਭਾ 'ਚ ਮਤਾ ਪੇਸ਼ ਕੀਤਾ ਜਾਵੇਗਾ। ਇਹ ਮਤਾ ਲਿਆਉਣ ਦੀ ਜੋ ਕਾਰਵਾਈ ਹੈ ਉਹ ਕੌਮੀ ਸੰਸਥਾਵਾਂ ਨੂੰ ਕਮਜ਼ੋਰ ਕਰਨ ਵੱਲ ਪੰਜਾਬ ਸਰਕਾਰ ਦਾ ਕਦਮ ਹੋਵੇਗਾ।

ਇਹ ਵੀ ਪੜ੍ਹੋ- ਬਟਾਲਾ 'ਚ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਅਗਨ ਭੇਟ

ਜਥੇਦਾਰ ਰਘਬੀਰ ਸਿੰਘ ਨੇ ਇਸ ਮਾਮਲੇ ਬਾਰੇ ਸ਼੍ਰੋਮਣੀ ਕਮੇਟੀ ਨੂੰ ਵੀ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪੰਜ ਸਿੱਖ ਇਕੱਤਰਤਾ 'ਚ ਆਦੇਸ਼ ਜਾਰੀ ਕੀਤੇ ਗਏ ਸਨ। ਉਨ੍ਹਾਂ ਕਿਹਾ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਜੋ ਆਦੇਸ਼ ਪਹਿਲਾਂ ਦਿੱਤੇ ਗਏ ਸਨ ਸ਼੍ਰੋਮਣੀ ਕਮੇਟੀ ਉਸ ਆਦੇਸ਼ ਨੂੰ ਜਲਦ ਤੋਂ ਜਲਦ ਲਾਗੂ ਕਰਨ ਦੇ ਯਤਨ ਕਰੇ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜੋ ਹੁਣ ਤੱਕ ਅਕਾਲ ਤਖ਼ਤ ਦੇ ਆਦੇਸ਼ਾਂ 'ਚ ਤੇ ਸ਼੍ਰੋਮਣੀ ਕਮੇਟੀ ਵੱਲੋਂ ਕਾਰਵਾਈ ਕੀਤੀ ਗਈ ਹੈ ਉਸ ਦੀ ਜਿਹੜੀ ਰਿਪੋਰਟ ਹੈ ਉਹ ਵੀ ਜਲਦ ਤੋਂ ਜਲਦ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਕੀਤੀ ਜਾਵੇ। 

ਇਹ ਵੀ ਪੜ੍ਹੋ- ਸਹੁਰੇ ਪਰਿਵਾਰ ਵਲੋਂ ਨੂੰਹ ਦਾ ਕਤਲ, ਮੁੰਡੇ ਵਾਲਿਆਂ ਨੇ ਖੁਦਕੁਸ਼ੀ ਦਿਖਾਉਣ ਲਈ ਕੀਤਾ ਇਹ ਕੰਮ

ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਸਿੱਖ ਵਿਧਾਇਕਾਂ ਨੂੰ ਵੀ ਅਪੀਲ ਕੀਤੀ ਕਿ ਸਿੱਖ ਹੁੰਦਿਆਂ ਹੋਇਆਂ ਉਹ ਬਿਲਕੁਲ ਵੀ ਇਸ ਮਾਮਲੇ ਨੂੰ ਲੈ ਕੇ ਕਾਹਲੀ ਨਾ ਕਰਨ। ਇਸ ਮਤੇ ਨੂੰ ਬੜੀ ਸਾਵਧਾਨੀ ਨਾਲ ਸੋਚਿਆ ਜਾਵੇ ਤਾਂ ਜੋ ਅਸੀਂ ਸਾਰੇ ਇਸ ਮਸਲੇ ਦਾ ਹੱਲ ਕਰ ਸਕੀਏ। 

ਇਹ ਵੀ ਪੜ੍ਹੋ- ਕਿਸਮਤ ਦੀ ਮਾਰ ਤੋਂ ਵੱਡੀ ਹੌਂਸਲੇ ਦੀ ਉਡਾਰੀ, ਦਿਵਿਆਂਗ ਲਵਲੀ ਜੁੱਤੀਆਂ ਗੰਢ ਤੇ ਝੋਨਾ ਲਗਾ ਪਾਲ ਰਿਹੈ ਪਰਿਵਾਰ

ਜਥੇਦਾਰ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰਦਾ ਹਾਂ ਕਿ ਇਸ ਮਾਮਲੇ ਦਾ ਬਹੁਤ ਸਾਵਧਾਨੀ ਅਤੇ ਗੰਭੀਰਤਾ ਨਾਲ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੇਰੀ ਇਸ ਅਪੀਲ 'ਤੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਧਿਆਨ ਦੇਣ ਦੀ ਖੇਚਲ ਕਰਨ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਨੂੰ ਅਪੀਲ ਕੀਤੀ ਉਹ ਰਲ ਕੇ ਬੈਠਣ ਤੇ ਇਸ ਮਸਲੇ ਦਾ ਹੱਲ ਕਰਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News