ਜਥੇਦਾਰ ਹਵਾਰਾ ਨੇ ਪੰਜ ਪਿਆਰਿਆਂ ਸਨਮੁੱਖ ਪੇਸ਼ ਹੋ ਕੇ ਮੀਤ ਪ੍ਰਧਾਨ ਨੂੰ ਤਨਖਾਹ ਲਵਾਉਣ ਦਾ ਦਿੱਤਾ ਆਦੇਸ਼
Sunday, Sep 12, 2021 - 01:37 PM (IST)
ਅੰਮ੍ਰਿਤਸਰ (ਜ.ਬ.) : ਗੁਰਦੁਆਰਾ ਨਾਨਕਮਤਾ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਵੱਲੋਂ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੱਤਰ ਲਿਖਣ ਉਪਰੰਤ ਹਵਾਰਾ ਕਮੇਟੀ ਵੱਲੋਂ ਜਸਵਿੰਦਰ ਸਿੰਘ ਨੂੰ ਬਾਪੂ ਗੁਰਚਰਨ ਸਿੰਘ ਵੱਲੋਂ ਜਥੇਦਾਰ ਹਵਾਰਾ ਦਾ ਆਦੇਸ਼ ਸੁਣਾਇਆ ਗਿਆ। ਇਸ ਉਪਰੰਤ ਗੁਰੂ ਮਰਿਆਦਾ ਦੀ ਉਲੰਘਣਾ ਕਰਨ ’ਤੇ ਦਾੜ੍ਹਾ ਰੰਗਣ ਜਿਹੀ ਬੱਜਰ ਗਲਤੀ ਕਰਨ ਲਈ ਪੰਜ ਪਿਆਰਿਆਂ ਸਨਮੁੱਖ ਪੇਸ਼ ਹੋ ਕੇ ਤਨਖਾਹ ਲਵਾਉਣ ਲਈ ਕਿਹਾ ਹੈ। ਜਥੇਦਾਰ ਹਵਾਰਾ ਦਾ ਆਦੇਸ਼ ਸੁਣਾਉਂਦਿਆਂ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ, ਗੁਰਮਤਿ ਵਿਚਾਰ ਧਾਰਾ ਦੇ ਪ੍ਰਚਾਰ ਪ੍ਰਸਾਰ ਦੇ ਕੇਂਦਰ ਹਨ। ਇਨ੍ਹਾਂ ਦੇ ਪ੍ਰਬੰਧਕਾਂ ਵੱਲੋਂ ਗੁਰਮਤਿ ਮਰਯਾਦਾ ਦੀ ਉਲੰਘਣਾ ਕਰਨਾ ਬਾਕੀ ਗੁਰਸਿੱਖਾਂ ਦੀ ਗਲਤੀ ਨਾਲੋਂ ਵੱਡੀ ਗਲਤੀ ਹੈ। ਸੰਗਤ ਦੇ ਸਨਮੁੱਖ ਪੰਜ ਪਿਆਰਿਆਂ ਦੇ ਪੇਸ਼ ਹੋ ਕੇ ਹੋਈ ਭੁੱਲ ਦੀ ਖਿਮਾ ਯਾਚਨਾ ਕਰਨਾ ਸਿੱਖ ਦਾ ਫ਼ਰਜ਼ ਹੈ। ਜੋ ਵੀ ਸਜ਼ਾ ਲਗਾਈ ਜਾਵੇ ਖਿੜ੍ਹੇ ਮੱਥੇ ਪ੍ਰਵਾਨ ਕਰਨਾ। ਹੰਕਾਰੀ ਬਿਰਤੀ ਗੁਰੁ ਘਰ ’ਚ ਪ੍ਰਵਾਨ ਨਹੀਂ।
ਪੰਜ ਪਿਆਰਿਆਂ ਵੱਲੋਂ ਲਗਾਈ ਤਨਖਾਹ ਖਿੜ੍ਹੇ ਮੱਥੇ ਪ੍ਰਵਾਨ ਕਰਾਂਗਾ : ਜਸਵਿੰਦਰ ਸਿੰਘ
ਗੁਰਦੁਆਰਾ ਨਾਨਕ ਮਤਾ ਸਾਹਿਬ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਪੰਜ ਪਿਆਰਿਆਂ ਵੱਲੋਂ ਮੈਨੂੰ ਜੋ ਵੀ ਤਨਖਾਹ ਲਗਾਈ ਜਾਵੇਗੀ, ਖਿੜ੍ਹੇ ਮੱਥੇ ਸਵੀਕਾਰ ਕਰਾਂਗਾ। ਕੁਝ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਮੇਰੇ ਨਾਲ ਹੋਰ ਵੀ ਕਈ ਕਮੇਟੀ ਮੈਂਬਰ ਦਾੜ੍ਹਾ ਰੰਗਦੇ ਸਨ, ਇਸ ਦਾ ਫੈਸਲਾ ਤਾਂ ਗਿਆਨੀ ਮਲਕੀਤ ਸਿੰਘ ਨੇ ਮੌਕੇ ’ਤੇ ਹੀ ਕਰ ਦਿੱਤਾ ਸੀ ਪਰ ਮੇਰੇ ਵਿਰੋਧੀਆਂ ਵੱਲੋਂ ਸ਼ਿਕਾਇਤਾਂ ਕਰਨ ’ਤੇ ਮੈਨੂੰ ਇਕੱਲੇ ਨੂੰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਬੁਲਾਇਆ ਗਿਆ ਪਰ ਗਿਆਨੀ ਹਰਪ੍ਰੀਤ ਸਿੰਘ ਦਾ ਰਵੱਈਆ ਠੀਕ ਨਾ ਹੋਣ ਕਾਰਨ ਮੈਂ ਜਥੇਦਾਰ ਹਵਾਰਾ ਕੋਲ ਪੇਸ਼ ਹੋ ਗਿਆ।