ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ- ਜੇ ਸ਼੍ਰੋਮਣੀ ਕਮੇਟੀ ਦਾ ਬੋਰਡ ਬਣਿਆ ਤਾਂ ਕੁਝ ਨਹੀਂ ਕਰ ਸਕਾਂਗੇ
Tuesday, Aug 10, 2021 - 02:46 PM (IST)
ਅੰਮ੍ਰਿਤਸਰ (ਜ.ਬ) : ਪਿਛਲੇ ਦਿਨੀਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣਾਏ ਜਾ ਰਹੇ ਜੋੜਾ ਘਰ ਅਤੇ ਵਹੀਕਲ ਸਟੈਂਡ ਲਈ ਖੁਦਾਈ ਸਮੇਂ ਨਿਕਲੀ ਸੁਰੰਗਨੁਮਾ ਇਮਾਰਤ ਦੇ ਮਾਮਲੇ 'ਚ ਕਈ ਪੰਥਕ ਧਿਰਾਂ ਇਮਾਰਤ ਨੂੰ ਤੋੜਨ ਦੇ ਖ਼ਦਸ਼ੇ ਦਰਮਿਆਨ ਲਗਾਤਾਰ ਸ਼੍ਰੋਮਣੀ ਕਮੇਟੀ ਦਾ ਵਿਰੋਧ ਕਰ ਰਹੀਆਂ ਹਨ। ਇਸੇ ਦੌਰਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਵਿਰੋਧੀਆਂ ਨੂੰ ਤਾਕੀਦ ਕਰਦਿਆਂ ਵੱਡਾ ਬਿਆਨ ਦਿੱਤਾ ਹੈ ਕਿ ਜੇਕਰ ਜੇ ਸ਼੍ਰੋਮਣੀ ਕਮੇਟੀ ਦਾ ਬੋਰਡ ਬਣ ਗਿਆ ਤਾਂ ਫਿਰ ਕੁਝ ਨਹੀਂ ਕਰ ਸਕਾਂਗੇ। ਉਨ੍ਹਾਂ ਕਿਹਾ ਕਿ ਸਰਕਾਰੀ ਏਜੰਸੀਆਂ ਸ਼੍ਰੋਮਣੀ ਕਮੇਟੀ ਨੂੰ ਤੋੜਨਾ ਚਾਹੁੰਦੀਆਂ ਹਨ। ਸੰਸਥਾਵਾਂ ਕੌਮ ਦਾ ਮਾਣ ਹੁੰਦੀਆਂ ਹਨ ਤੇ ਇਨ੍ਹਾਂ ਨੂੰ ਸੰਭਾਲ ਕੇ ਰੱਖਣਾ ਕੌਮਾਂ ਦਾ ਫ਼ਰਜ਼ ਹੁੰਦਾ ਹੈ। ਜਿਹੜੇ ਵਿਰੋਧ ਕਰਦੇ ਹਨ ਉਹ ਸੰਸਥਾ ਦੇ ਅਕਸ ਨੂੰ ਖ਼ਰਾਬ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਪ੍ਰਧਾਨਗੀ ਦੇ ਨਸ਼ੇ ਵਿੱਚ ਗੁਰ-ਅਸਥਾਨਾਂ ਦੀ ਮਰਿਯਾਦਾ ਨਾ ਭੁੱਲਣ: ਬੀਬੀ ਜਗੀਰ ਕੌਰ
ਜਥੇਦਾਰ ਸਾਹਿਬ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਬਣਿਆ, 17 ਮੈਂਬਰ ਚੁਣ ਕੇ ਆਉਂਦੇ ਸੀ ਤੇ ਆਪਣਾ ਪ੍ਰਧਾਨ ਚੁਣਦੇ ਸੀ, ਪਰ ਮਹਾਰਾਸ਼ਟਰ ਸਰਕਾਰ ਨੇ ਆਪਣਾ ਪ੍ਰਧਾਨ ਥਾਪਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਨਵਾਂ ਬੋਰਡ ਬਣ ਰਿਹਾ ਹੈ, ਸ਼ਾਇਦ ਉਸ ਵਿਚ ਵੀ ਅਜਿਹੀਆਂ ਤਬਦੀਲੀਆਂ ਆ ਜਾਣ ਕਿ ਉਹ ਵੀ ਸਰਕਾਰ ਦੀ ਗ੍ਰਿਫ਼ਤ ਵਿੱਚ ਆ ਜਾਵੇ। ਉਨ੍ਹਾਂ ਵਿਰੋਧੀਆਂ ਨੂੰ ਤਾਕੀਦ ਕਰਦਿਆਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਦਾ ਵੀ ਬੋਰਡ ਬਣ ਗਿਆ ਤਾਂ ਇਹ ਵੀ ਸਰਕਾਰ ਦੀ ਗ੍ਰਿਫ਼ਤ ਵਿਚ ਆ ਜਾਵੇਗੀ। ਉਨ੍ਹਾਂ ਕਿਹਾ ਕਿ ਕੱਲ੍ਹ ਨੂੰ ਤੁਸੀਂ ਵੀ ਇਸਦੇ ਪ੍ਰਧਾਨ ਬਣ ਸਕਦੇ ਹੋ, ਇਸ ਲਈ ਵਿਰੋਧ ਕਰਨ ਤੋਂ ਗੁਰੇਜ਼ ਕੀਤਾ ਜਾਵੇ।
ਇਹ ਵੀ ਪੜ੍ਹੋ : ਕਾਲੇ ਧਨ 'ਤੇ ਕੇਂਦਰ ਸਰਕਾਰ ਨੇ ਖੜੇ ਕੀਤੇ ਹੱਥ, ਕਿਹਾ- ਕਿੱਥੇ ਕਿੰਨਾ ਪੈਸਾ ਪਤਾ ਨਹੀਂ !
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਸੰਖੇਪ ਪੱਤਰਕਾਰ ਮਿਲਣੀ ਦੌਰਾਨ ਕਿਹਾ ਕਿ ਕੁਝ ਲੋਕ ਖੁਦਾਈ ਸਮੇਂ ਨਿਕਲੀ ਸੁਰੰਗਨੁਮਾ ਇਮਾਰਤ ਕਾਰਨ ਵਿਰੋਧ ਕਰ ਰਹੇ ਹਨ ਜਦ ਪਹਿਲਾਂ ਹੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਇਸ ਨੂੰ ਬਿਲਕੁਲ ਨਹੀਂ ਛੇੜਿਆ ਜਾਵੇਗਾ ਤਾਂ ਫਿਰ ਇਸ ਦਾ ਵਿਰੋਧ ਕਰਨਾ ਤੇ ਬੇਲੋੜਾ ਵਿਵਾਦ ਕਰਨਾ ਨਹੀਂ ਬਣਦਾ। ਇਸੇ ਤਰ੍ਹਾਂ ਗੁਰੂ ਰਾਮਦਾਸ ਸਰਾਂ ਦਾ ਮਸਲਾ ਉੱਠਿਆ ਜਿਸ ਲਈ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਹਿ ਦਿੱਤਾ ਹੈ ਕਿ ਇਸ ਇਮਾਰਤ ਦੀ ਹਾਲਤ ਖਸਤਾ ਹੋ ਚੁੱਕੀ ਹੈ ਤੇ ਇਸ ਨੂੰ ਠੀਕ ਕਰਨ ਲਈ ਸੰਗਤਾਂ ਦੀਆਂ ਭਾਵਨਾਵਾਂ ਤੇ ਮਰਿਆਦਾ ਦਾ ਖਿਆਲ ਰੱਖਿਆ ਜਾਵੇਗਾ।
ਨੋਟ : ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਵੇਖਦੇ ਹੋ? ਕੁਮੈਂਟ ਕਰਕੇ ਦਿਓ ਆਪਣੀ ਰਾਏ