ਕਿਸਾਨ ਸੰਘਰਸ਼ ਦੇ ਹਮਾਇਤੀ ਅਮਰੀਕੀ ਕਾਰੋਬਾਰੀ ਧਾਲੀਵਾਲ ਨੂੰ ਲੈ ਕੇ ਜਥੇਦਾਰ ਹਰਪ੍ਰੀਤ ਸਿੰਘ ਨੇ ਦਿੱਤਾ ਵੱਡਾ ਬਿਆਨ
Tuesday, Oct 26, 2021 - 06:27 PM (IST)
ਤਲਵੰਡੀ ਸਾਬੋ (ਮਨੀਸ਼ ਗਰਗ)-ਕਿਸਾਨ ਸੰਘਰਸ਼ ਦੇ ਹਮਾਇਤੀ ਦਰਸ਼ਨ ਸਿੰਘ ਧਾਲੀਵਾਲ ਨਾਂ ਦੇ ਅਮਰੀਕੀ ਕਾਰੋਬਾਰੀ ਨੂੰ ਬੀਤੇ ਦਿਨ ਦਿੱਲੀ ਹਵਾਈ ਅੱਡੇ ਤੋਂ ਵਾਪਸ ਅਮਰੀਕਾ ਭੇਜਣ ਦੇ ਮਾਮਲੇ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਰੜੇ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਅੱਜ ਦਮਦਮਾ ਸਾਹਿਬ ਵਿਖੇ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਸਿਰਫ ਇਸ ਗੱਲ ਕਰਕੇ ਇਕ ਕਾਰੋਬਾਰੀ ਨੂੰ ਹਵਾਈ ਅੱਡੇ ਤੋਂ ਵਾਪਸ ਮੋੜ ਦੇਣਾ ਕਿ ਉਸ ਨੇ ਕਿਸਾਨ ਸੰਘਰਸ਼ ਦੀ ਆਰਥਿਕ ਮੱਦਦ ਕੀਤੀ ਸੀ, ਬਹੁਤ ਮੰਦਭਾਗਾ ਹੈ।
ਇਹ ਵੀ ਪੜ੍ਹੋ : ਅਰੁਣਾ ਚੌਧਰੀ ਵੱਲੋਂ ਫ਼ਸਲਾਂ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕਰਨ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼
ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਦੀ ਕਿਸੇ ਕਿਸਮ ਦੀ ਮਦਦ ਕਰਨੀ ਕੋਈ ਕਾਨੂੰਨੀ ਜੁਰਮ ਨਹੀਂ ਹੈ, ਇਸ ਲਈ ਧਾਲੀਵਾਲ ਨੂੰ ਵਾਪਸ ਮੋੜਨਾ ਸਰਾਸਰ ਧੱਕਾ ਹੈ। ਉਧਰ ਲੁਧਿਆਣਾ ਦੇ ਰਹਿਣ ਵਾਲੇ ਅਨਿਲ ਨਾਂ ਦੇ ਇਕ ਵਿਅਕਤੀ ਵੱਲ਼ੋਂ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਮਸਲੇ ਦੀ ਵੀ ਸਿੰਘ ਸਾਹਿਬ ਨੇ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਲੁਧਿਆਣਾ ਪੁਲਸ ਨੇ ਅਨਿਲ ਨਾਮੀ ਵਿਅਕਤੀ ਖ਼ਿਲਾਫ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਅਜੇ ਤੱਕ ਉਸ ਨੂੰ ਗ੍ਰਿਫ਼ਤਾਰ ਨਾ ਕਰਨਾ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਗ੍ਰਿਫ਼ਤਾਰ ਨਾ ਕਰਨ ਕਰਕੇ ਸਿੱਖ ਜਗਤ ’ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਨੇ ਉਕਤ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।