ਡਿਬਰੂਗੜ ਜੇਲ੍ਹ ’ਚ ਸਿੱਖ ਨੌਜਵਾਨਾਂ ਦੇ ਖਾਣੇ ’ਚ ਤੰਬਾਕੂ ਸ਼ਾਮਲ ਕਰਨ ’ਤੇ ਜਥੇਦਾਰ ਹਰਪ੍ਰੀਤ ਸਿੰਘ ਦੀ ਤਿੱਖੀ ਪ੍ਰਤੀਕਿਰਿਆ
Friday, Jun 30, 2023 - 09:24 PM (IST)
ਅੰਮ੍ਰਿਤਸਰ (ਸਰਬਜੀਤ) : ਆਸਾਮ ਦੀ ਡਿਬਰੂਗੜ ਜੇਲ੍ਹ ’ਚ ਐੱਨ. ਐੱਸ. ਏ. ਤਹਿਤ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨਾਲ ਕੀਤੇ ਜਾ ਰਹੇ ਵਤੀਰੇ ’ਤੇ ਇਤਰਾਜ਼ ਜਤਾਉਂਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਕਿਸੇ ਅੰਮ੍ਰਿਤਧਾਰੀ ਸਿੱਖ ਨਾਲ ਅਜਿਹਾ ਵਤੀਰਾ ਅਪਣਾਉਣਾ ਬੇਹੱਦ ਗ਼ਲਤ ਹੈ। ਜਥੇਦਾਰ ਨੇ ਕਿਹਾ ਕਿ ਭਾਰਤ, ਪੰਜਾਬ ਤੇ ਆਸਾਮ ਦੀ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਾਣੇ ’ਚ ਤੰਬਾਕੂ ਸ਼ਾਮਲ ਕਰਨਾ ਉਨ੍ਹਾਂ ਸਿੱਖ ਨੌਜਵਾਨਾਂ ਦੇ ਧਰਮ ਨਾਲ ਬਹੁਤ ਵੱਡਾ ਸ਼ਰੇਆਮ ਧੱਕਾ ਹੈ।
ਇਹ ਖ਼ਬਰ ਵੀ ਪੜ੍ਹੋ : ਮਿਸ ਯੂਨੀਵਰਸ ਰਹੀ ਹਰਨਾਜ਼ ਸੰਧੂ ਨੂੰ ਲੱਗਾ ਵੱਡਾ ਸਦਮਾ, ਪਿਤਾ ਦਾ ਦੇਹਾਂਤ
ਉਨ੍ਹਾਂ ਕਿਹਾ ਕਿ ਸਿੱਖ ਅਜਿਹੀ ਕੋਝੀ ਹਰਕਤ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਜਥੇਦਾਰ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ’ਤੇ ਬਿਨਾਂ ਕਿਸੇ ਵੱਡੇ ਦੋਸ਼ ਦੇ ਐੱਨ. ਐੱਸ. ਏ. ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਮਨ ਨੂੰ ਬਹੁਤ ਦੁੱਖ ਲੱਗਾ ਹੈ। ਉਨ੍ਹਾਂ ਕਿਹਾ ਕਿ ਆਸਾਮ ਸਰਕਾਰ ਨੂੰ ਵੀ ਜੇਲ੍ਹ ਮੈਨੁਅਲ ਮੁਤਾਬਿਕ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਕੱਲ੍ਹ ਡਿਬਰੂਗੜ ਜੇਲ੍ਹ ਤੋਂ ਮੁਲਾਕਾਤ ਕਰਕੇ ਪਰਤੀ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਸੀ ਕਿ ਜੇਲ੍ਹ ’ਚ ਅੰਮ੍ਰਿਤਪਾਲ ਸਿੰਘ ਨੇ ਮੁੱਢਲੀਆਂ ਸਹੂਲਤਾਂ ਨਾ ਮਿਲਣ ਕਾਰਨ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਡਿਬਰੂਗੜ ਜੇਲ੍ਹ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਫੋਨ ’ਤੇ ਗੱਲ ਕਰਨ ਦਾ ਸਮਾਂ ਵੀ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਉਨ੍ਹਾਂ ਨੂੰ ਹਰ ਹਫ਼ਤੇ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕਰਨ ਲਈ ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਜਾਣਾ ਪੈਂਦਾ ਹੈ।
ਇਹ ਖ਼ਬਰ ਵੀ ਪੜ੍ਹੋ : PM ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਨੌਜਵਾਨ ਨੇ ਖ਼ੁਦ ਨੂੰ ਦੱਸਿਆ ਹਰਿਆਣਾ ਦਾ ਬਦਮਾਸ਼