ਸਿੱਖ ਕੌਮ ਨੂੰ ਨਸ਼ਿਆਂ ਨਾਲ ਮੁਕਾਉਣ ਦੀਆਂ ਹੋ ਰਹੀਆਂ ਸਾਜ਼ਿਸ਼ਾਂ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

Friday, Aug 26, 2022 - 02:25 AM (IST)

ਅੰਮ੍ਰਿਤਸਰ : ਪੰਜਾਬ ਦੀ ਧਰਤੀ, ਇਹ ਪੰਜਾਬ ਰਾਜ ਜਿਹੜਾ ਹੈ, ਮੈਂ ਇਸ ਧਰਤੀ ਦੀ ਗੱਲ ਨਹੀਂ ਕਰਦਾ, ਮੈਂ ਗੱਲ ਕਰਦਾ ਹਾਂ ਯਮੁਨਾ ਦਰਿਆ ਦੇ ਕੰਢੇ ਤੋਂ ਲੈ ਕੇ ਅਟਕ ਦਰਿਆ ਦੇ ਕੰਢੇ ਤੱਕ ਦੇ ਪੰਜਾਬ ਤੇ ਸਮੁੱਚੇ ਪੰਜਾਬ ਦੀ, ਜੋ 70 ਫ਼ੀਸਦੀ ਪਾਕਿਸਤਾਨ ਕੋਲ ਹੈ ਤੇ 30 ਫ਼ੀਸਦੀ ਸਾਡੇ ਕੋਲ। ਇਹ ਜਿਹੜਾ ਸਮੁੱਚਾ ਪੰਜਾਬ ਹੈ, ਇਹ ਇਕ ਜਰਖੇਜ਼ ਭੂਮੀ ਹੈ। ਇਸ ਜਰਖੇਜ਼ ਭੂਮੀ ’ਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖੀ ਦਾ ਬੀਜ ਸੁੱਟਿਆ ਤੇ ਸਿੱਖੀ ਦਾ ਬੂਟਾ ਪਣਪਿਆ। ਜਦੋਂ ਤੋਂ ਗੁਰੂ ਸਾਹਿਬ ਨੇ ਬੀਜ ਸੁੱਟਿਆ ਉਦੋਂ ਤੋਂ ਹੀ ਇਸ ਬੂਟੇ ਨੂੰ ਮਸਲਣ ਲਈ ਉਸ ਸਮੇਂ ਤੋਂ ਹੀ ਯਤਨ ਹੋ ਰਹੇ ਹਨ। ਇਸ ਬੂਟੇ ਨੂੰ ਮਸਲਣ ਲਈ ਅੱਜ ਵੀ ਯਤਨ ਹੋ ਰਹੇ ਹਨ। ਦੁਸ਼ਮਣਾਂ ਨੇ ਸਾਡੇ ’ਤੇ ਤਲਵਾਰਾਂ ਨਾਲ ਵਾਰ ਕਰਕੇ ਮਾਰਨ ਦਾ ਯਤਨ ਕਰਕੇ ਵੀ ਦੇਖ ਲਿਆ ਪਰ ਅਸੀਂ ਨਹੀਂ ਮਰੇ। ਇਹ ਵਿਚਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਸਮਾਗਮ ਦੌਰਾਨ ਪ੍ਰਗਟਾਏ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੀਆਂ ਸਰਕਾਰੀ ਇਮਾਰਤਾਂ 'ਚ ਦਿਵਿਆਂਗਾਂ ਨੂੰ ਮਿਲਣਗੀਆਂ ਵਿਸ਼ੇਸ਼ ਸਹੂਲਤਾਂ

ਉਨ੍ਹਾਂ ਇਕ ਖਾਲਸਾ ਜੀ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇਨ੍ਹਾਂ ਨੂੰ 43 ਦਿਨ ਅੱਖਾਂ ਤੇ ਹੱਥਾਂ ’ਤੇ ਪੱਟੀ ਬੰਨ੍ਹ ਕੇ ਜ਼ੁਲਮ ਕੀਤੇ ਪਰ ਗੁਰੂ ਯਾਦ ਕਰਨ ਕਰਕੇ ਉਸ ਦੁੱਖ ਨੂੰ ਪੀੜ ਬਣਨ ਨਹੀਂ ਦਿੱਤਾ। ਇਨ੍ਹਾਂ ਨੂੰ ਗੁਰੂ ਯਾਦ ਸੀ। ਅੱਜ ਸਾਡੇ ਅੰਦਰੋਂ ਰੂਹਾਨੀਅਤ ਮੁੱਕ ਗਈ ਤੇ ਗੁਰੂ ਤੋਂ ਸਾਡੀ ਦੂਰੀ ਵਧ ਗਈ ਹੈ। ਗੁਰੂ ਨਾਲੋਂ ਦੂਰੀ ਵਧਣ ਕਾਰਨ ਸਾਡੇ ਅੰਦਰ ਖੁਸ਼ਕੀ ਪੈਦਾ ਹੋ ਗਈ ਹੈ ਤੇ ਖੁਸ਼ਕੀ ’ਚ ਕੰਡੇ ਪੈਦਾ ਹੁੰਦੇ ਹਨ। ਇਸ ਕਾਰਨ ਸਾਡੇ ਅੰਦਰ ਨਸ਼ਿਆਂ ਤੇ ਵਿਕਾਰਾਂ ਨੇ ਘਰ ਕਰ ਲਿਆ। ਜਿਹੜੀ ਸਾਡੇ ਅੰਦਰ ਖੁਸ਼ਕੀ ਪੈਦਾ ਹੋਈ ਹੁੰਦੀ ਹੈ, ਉਸ ਨੂੰ ਅਸੀਂ ਨਸ਼ਿਆਂ ਨਾਲ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਸ ਦੇ ਨਤੀਜੇ ਵਜੋਂ ਨਸ਼ੇ ਸਾਨੂੰ ਵੀ ਮਾਰਦੇ ਹਨ ਤੇ ਸਾਡੇ ਟੱਬਰ ਨੂੰ ਵੀ ਮਾਰ ਦਿੰਦੇ ਹਨ। ਇਹ ਨਸ਼ੇ ਇਕ ਸਾਜ਼ਿਸ਼ ਤਹਿਤ ਜ਼ਿੰਦਗੀ ਜਿਊਣ ਵਾਲਿਆਂ ਵਿਚਕਾਰ ਇਸ ਧਰਤੀ ’ਤੇ ਸੁੱਟੇ ਜਾ ਰਹੇ ਹਨ ਕਿਉਂਕਿ ਇਸ ਧਰਤੀ ’ਤੇ ਇਕ ਅਜਿਹੀ ਬ੍ਰੀਡ (ਨਸਲ) ਪੈਦਾ ਹੋਈ ਹੈ, ਜੋ ਇਸ ਦੁਨੀਆ ’ਤੇ ਰਾਜ ਕਰਨ ਦੇ ਸਮਰੱਥ ਹੈ। ਇਸ ਬ੍ਰੀਡ ਨੂੰ ਖ਼ਤਮ ਕਿਸ ਤਰ੍ਹਾਂ ਕਰਨਾ ਹੈ, ਇਸ ਬਾਰੇ ਸਾਡਾ ਵੈਰੀ ਭਲੀਭਾਂਤ ਜਾਣਦਾ ਹੈ। ਇਸੇ ਲਈ ਸਾਡੇ ਸਮਾਜ ’ਚ ਨਸ਼ੇ ਸੁੱਟੇ ਜਾ ਰਹੇ ਹਨ। ਸਾਡੀ ਨਸਲ ਨੂੰ ਖ਼ਤਮ ਕਰਨ ਲਈ ਹੀ ਇਸ ਧਰਤੀ ’ਤੇ ਨਸ਼ੇ ਸੁੱਟੇ ਜਾ ਰਹੇ ਹਨ। ਸਾਨੂੰ ਸਾਰਿਆਂ ਨੂੰ ਨਸ਼ੇ ਦੇ ਵਪਾਰੀਆਂ ਤੋਂ ਹਰ ਕੀਮਤ ’ਤੇ ਸੁਚੇਤ ਹੋ ਕੇ ਰਹਿਣਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News