ਡੀ.ਜੀ.ਪੀ. ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਫਟਕਾਰ, ਕਿਹਾ-ਨਹੀਂ ਹਨ ਅਹੁਦੇ ''ਤੇ ਰਹਿਣ ਦੇ ਕਾਬਲ (ਵੀਡੀਓ)
Tuesday, Feb 25, 2020 - 06:29 PM (IST)
ਅੰਮ੍ਰਿਤਸਰ (ਸੁਮਿਤ)— ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ 'ਚ ਸ੍ਰੀ ਨਨਕਾਣਾ ਸਾਹਿਬ ਗਿਆ 12 ਮੈਂਬਰੀ ਜਥਾ ਅੱਜ ਵਾਪਸ ਪਰਤ ਆਇਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਰਤਾਰਪੁਰ ਕੋਰੀਡੋਰ 'ਤੇ ਡੀ. ਜੀ. ਪੀ. ਵੱਲੋਂ ਦਿੱਤੇ ਗਏ ਬਿਆਨ 'ਤੇ ਫਟਕਾਰ ਲਗਾਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਡੀ. ਜੀ. ਪੀ. ਦਿਨਕਰ ਗੁਪਤਾ ਆਪਣੇ ਅਹੁਦੇ 'ਤੇ ਰਹਿਣ ਦੇ ਕਾਬਲ ਨਹੀਂ ਹਨ ਕਿਉਂਕਿ ਜਿਸ ਤਰ੍ਹਾਂ ਦਾ ਉਨ੍ਹਾਂ ਨੇ ਬਿਆਨ ਦਿੱਤਾ ਹੈ, ਉਸ ਨਾਲ ਸਾਰਿਆਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਉਹ 5 ਦਿਨ ਪਾਕਿਸਤਾਨ 'ਚ ਰਹਿ ਕੇ ਆਏ ਹਨ ਤਾਂ ਕੀ ਉਹ ਅੱਤਵਾਦੀ ਬਣ ਗਏ ਹਨ।
ਘੱਟ ਗਿਣਤੀ ਵਾਲਿਆਂ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਘੱਟ ਗਿਣਤੀ ਸਮਾਜ ਬਿਲਕੁਲ ਸੁਰੱਖਿਅਤ ਹੈ ਅਤੇ ਖਾਸ ਕਰਕੇ ਸਿੱਖ ਭਾਈਚਾਰੇ 'ਚ ਕਿਸੇ ਤਰ੍ਹਾਂ ਦਾ ਕੋਈ ਰੋਸ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਜੋ ਪਿਛਲੇ ਲੰਮੇਂ ਸਮੇਂ ਤੋਂ ਬੰਦ ਪਏ ਹਨ, ਉਨ੍ਹਾਂ ਨੂੰ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਉਨ੍ਹਾਂ ਦਾ ਬਹੁਤ ਹੀ ਸਨਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡੀ. ਜੀ. ਪੀ. ਦੇ ਬਿਆਨ ਨੂੰ ਲੈ ਕੇ ਪੂਰੇ ਸਿੱਖ ਭਾਈਚਾਰੇ ਅਤੇ ਵਿਦੇਸ਼ੀ ਭਾਈਚਾਰੇ 'ਚ ਇਸ ਦੀ ਨਿੰਦਾ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸਮਾਗਮ 'ਚ ਰੱਖਿਆ ਗਿਆ ਸੀ, ਜਿਸ 'ਚ ਸ਼ਾਮਲ ਹੋਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ 12 ਮੈਂਬਰੀ ਵਫਦ ਪਾਕਿਸਤਾਨ ਗਿਆ ਸੀ।