ਗੁਰੂ ਜੀ ਨੇ ਪੂਰੀ ਦੁਨੀਆ ਨੂੰ ਦਿੱਤਾ ਸਾਂਝੀਵਾਲਤਾ ਦਾ ਸੁਨੇਹਾ : ਗਿਆਨੀ ਹਰਪ੍ਰੀਤ ਸਿੰਘ
Saturday, Nov 09, 2019 - 04:44 PM (IST)

ਪਾਕਿਸਤਾਨ/ਡੇਰਾ ਬਾਬਾ ਨਾਨਕ - ਪਾਕਿਸਤਾਨ ਦੀ ਧਰਤੀ 'ਤੇ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਉਦਘਾਟਨ ਸਮਾਗਮ 'ਚ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਖੁਸ਼ੀਆਂ ਵਾਲਾ ਦਿਨ ਹੈ, ਕਿਉਂਕਿ 72 ਸਾਲ ਬਾਅਦ ਸਾਡੀ ਮੁਰਾਦ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਉਹ ਦੋਵਾਂ ਦੇਸ਼ਾਂ ਦਾ ਤਹਿ ਦਿਲੋ ਸ਼ੁਕਰਾਨਾ ਕਰਦੇ ਹਨ। ਇਸ ਦੇ ਨਾਲ ਹੀ ਉਹ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿ ਦੀ ਪੂਰੀ ਟੀਮ ਦਾ ਵੀ ਧੰਨਵਾਦ ਕਰਦੇ ਹਨ।
ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ 'ਚ ਬਹੁਤ ਸਾਰੀ ਬਾਣੀ ਉਚਾਰੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੂਰੀ ਦੁਨੀਆ ਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਭਾਰਤ ਦੇ ਸਿੱਖਾਂ ਲਈ ਕਰਤਾਰਪੁਰ ਲਾਂਘਾ ਖੋਲ੍ਹਿਆ ਗਿਆ ਹੈ, ਉਸੇ ਤਰ੍ਹਾਂ ਪਾਕਿਸਤਾਨ ਦੇ ਸਿੱਖਾਂ ਲਈ ਵੀ ਡੇਰਾ ਬਾਬਾ ਨਾਨਕ ਦਾ ਲਾਂਘਾ ਖੁੱਲ੍ਹਣਾ ਚਾਹੀਦਾ ਹੈ। ਇਸ ਨਾਲ ਪਾਕਿ ਸੰਗਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੀ ਹੈ।