ਨਹੀਂ ਹੱਲ ਹੋ ਸਕਿਆ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗੌਹਰ ਤੇ ਡਾ. ਸਮਰਾ ਦਾ ਵਿਵਾਦ

Friday, Aug 26, 2022 - 03:10 AM (IST)

ਅੰਮ੍ਰਿਤਸਰ (ਸਰਬਜੀਤ) : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ ਤੇ ਡਾ. ਗੁਰਵਿੰਦਰ ਸਿੰਘ ਸਮਰਾ ਵਿਚਾਲੇ ਚੱਲ ਰਿਹਾ ਵਿਵਾਦ ਅਜੇ ਤੱਕ ਕਿਸੇ ਤਣ ਪੱਤਣ ’ਤੇ ਨਹੀਂ ਲੱਗ ਰਿਹਾ। ਜਾਣਕਾਰੀ ਅਨੁਸਾਰ ਡਾ. ਗੁਰਵਿੰਦਰ ਸਿੰਘ ਸਮਰਾ ਨਾਂ ਦੇ ਵਿਅਕਤੀ ਵੱਲੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ’ਤੇ ਲਗਾਏ ਸਨਸਨੀਖੇਜ਼ ਇਲਜ਼ਾਮਾਂ ਤੋਂ ਬਾਅਦ ਤਖ਼ਤ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਗਿਆਨੀ ਗੌਹਰ ਦੇ ਕੰਮਕਾਜ ’ਤੇ 24 ਅਗਸਤ ਤੱਕ ਮੁਕੰਮਲ ਪਾਬੰਦੀ ਲਗਾ ਦਿੱਤੀ ਸੀ। ਇਸ ਮਾਮਲੇ ਸਬੰਧੀ ਡਾਕਟਰ ਸਮਰਾ 24 ਅਗਸਤ ਨੂੰ ਪੰਜ ਪਿਆਰੇ ਸਿੰਘਾਂ ਦੇ ਸਾਹਮਣੇ ਪੇਸ਼ ਨਹੀਂ ਹੋਏ, ਜਦਕਿ ਦੂਸਰੇ ਪਾਸੇ ਇਸ ਮਾਮਲੇ ਨੂੰ ਲੈ ਕੇ ਗਿਆਨੀ ਰਣਜੀਤ ਸਿੰਘ ਮਿੱਥੇ ਸਮੇਂ ਦੇ ਹਿਸਾਬ ਮੁਤਾਬਕ ਹਾਜ਼ਰ ਸਨ। ਇਸ ਮਾਮਲੇ ’ਤੇ ਸੁਣਵਾਈ ਲਈ ਅਗਲੀ ਤਾਰੀਖ ਹੁਣ 11 ਸਤੰਬਰ ਤੈਅ ਕੀਤੀ ਗਈ ਹੈ। ਉਸ ਸਮੇਂ ਤੱਕ ਗਿਆਨੀ ਗੌਹਰ ਦੇ ਕੰਮਕਾਰ ’ਤੇ ਪਹਿਲਾਂ ਦੀ ਤਰ੍ਹਾਂ ਹੀ ਰੋਕ ਰਹੇਗੀ।

ਇਹ ਵੀ ਪੜ੍ਹੋ : ਸਿੱਖ ਕੌਮ ਨੂੰ ਨਸ਼ਿਆਂ ਨਾਲ ਮੁਕਾਉਣ ਦੀਆਂ ਹੋ ਰਹੀਆਂ ਸਾਜ਼ਿਸ਼ਾਂ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਇਹ ਮਾਮਲਾ ਪੰਥ 'ਚ ਇਕ ਨਵਾਂ ਸਵਾਲ ਲੈ ਕੇ ਆਇਆ ਹੈ ਕਿ ਕੀ ਪੰਜ ਪਿਆਰੇ ਸਿੰਘ ਤਖ਼ਤ ਦੇ ਜਥੇਦਾਰ ਨੂੰ ਤਲਬ ਕਰਨ ਦਾ ਅਧਿਕਾਰ ਰੱਖਦੇ ਹਨ। ਇਹ ਸਵਾਲ ਬੁੱਧੀਜੀਵੀ ਵਰਗ ਦੇ ਨਾਲ-ਨਾਲ ਪੰਥ ਦੀ ਜਾਣਕਾਰੀ ਰੱਖਣ ਵਾਲੇ ਹਰ ਸਿੱਖ ਦੇ ਅੱਗੇ ਮੂੰਹ ਖੋਲ੍ਹ ਕੇ ਖੜ੍ਹਾ ਹੈ। ਬੀਤੇ ਸਾਲ 2015 'ਚ ਜਦ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇਣ ਦਾ ਮਾਮਲਾ ਚੱਲ ਰਿਹਾ ਸੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਵਾਲੇ ਪੰਜ ਪਿਆਰੇ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਜੀਆ, ਭਾਈ ਤਰਲੋਕ ਸਿੰਘ, ਭਾਈ ਮੰਗਲ ਸਿੰਘ ਤੇ ਭਾਈ ਮੇਜਰ ਸਿੰਘ ਨੇ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਆਦੇਸ਼ ਜਾਰੀ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੂੰ ਤਲਬ ਕਰਨ ਦਾ ਫੈਸਲਾ ਸੁਣਾਇਆ ਸੀ ਤਾਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਪੰਜ ਪਿਆਰੇ ਸਿੰਘਾਂ, ਗਿਆਨੀ ਰਜਿੰਦਰ ਸਿੰਘ, ਗਿਆਨੀ ਬਲਦੇਵ ਸਿੰਘ, ਗਿਆਨੀ ਦਲੀਪ ਸਿੰਘ ਤੇ ਗਿਆਨੀ ਗੁਰਦਿਆਲ ਸਿੰਘ ਨੂੰ ਨਾਲ ਲੈ ਕੇ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਸੀ ਕਿ ਅੰਮ੍ਰਿਤ ਸੰਚਾਰ ਕਰਨ ਵਾਲੇ ਪੰਜ ਪਿਆਰੇ ਸਿੰਘ ਤਖ਼ਤ ਦੇ ਜਥੇਦਾਰਾਂ ਨੂੰ ਤਲਬ ਕਰਨ ਦਾ ਅਧਿਕਾਰ ਹੀ ਨਹੀਂ ਰੱਖਦੇ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੀਆਂ ਸਰਕਾਰੀ ਇਮਾਰਤਾਂ 'ਚ ਦਿਵਿਆਂਗਾਂ ਨੂੰ ਮਿਲਣਗੀਆਂ ਵਿਸ਼ੇਸ਼ ਸਹੂਲਤਾਂ

ਤਖ਼ਤ ਸਾਹਿਬ ਦੇ ਇਸ ਫੈਸਲੇ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮੁੱਖ ਸਿੰਘ ਨੂੰ ਥੋੜ੍ਹੀ ਰਾਹਤ ਜ਼ਰੂਰ ਮਿਲੀ ਸੀ ਪਰ ਅੱਜ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਨੂੰ ਉਸੇ ਤਖਤ 'ਤੇ ਅੰਮ੍ਰਿਤ ਸੰਚਾਰ ਦੀ ਸੇਵਾ ਕਰਨ ਵਾਲੇ ਪੰਜ ਪਿਆਰੇ ਸਿੰਘ ਆਪਣੇ ਹੀ ਤਖ਼ਤ ਦੇ ਆਪਣੇ ਵੱਲੋਂ ਹੀ ਜਾਰੀ ਫੈਸਲੇ ਦੇ ਖ਼ਿਲਾਫ਼ ਜਾ ਰਹੇ ਹਨ। ਗਿਆਨੀ ਗੌਹਰ ਦੇ ਕੰਮਕਾਜ ’ਤੇ ਰੋਕ ਲਗਾਉਣ ਵਾਲੇ ਫੈਸਲੇ ’ਤੇ ਜਿਨ੍ਹਾਂ ਸਿੰਘਾਂ ਦੇ ਦਸਤਖਤ ਹਨ, ਉਨ੍ਹਾਂ 'ਚ ਗਿਆਨੀ ਬਲਦੇਵ ਸਿੰਘ, ਗਿਆਨੀ ਦਲੀਪ ਸਿੰਘ ਤੇ ਗਿਆਨੀ ਗੁਰਦਿਆਲ ਸਿੰਘ ਸ਼ਾਮਲ ਹਨ। ਗਿਆਨੀ ਇਕਬਾਲ ਸਿੰਘ ਨੂੰ ਤਖ਼ਤ ਸਾਹਿਬ ਕਮੇਟੀ ਵੱਲੋਂ ਸੇਵਾਮੁਕਤ ਕੀਤਾ ਜਾ ਚੁੱਕਾ ਹੈ ਤੇ ਗਿਆਨੀ ਰਜਿੰਦਰ ਸਿੰਘ ਅਕਾਲ ਚਲਾਣਾ ਕਰ ਚੁੱਕੇ ਹਨ। ਸਵਾਲ ਇਹ ਹੈ ਕਿ ਆਖਿਰ ਗਿਆਨੀ ਰਣਜੀਤ ਸਿੰਘ ਦੇ ਖ਼ਿਲਾਫ਼ ਕੋਈ ਸਾਜ਼ਿਸ਼ ਤਾਂ ਨਹੀਂ ਘੜੀ ਜਾ ਰਹੀ ਕਿਉਂਕਿ ਜਿਹੜੇ ਪੰਜ ਪਿਆਰੇ ਸਿੰਘ ਖੁਦ ਫੈਸਲਾ ਦਿੰਦੇ ਹਨ ਕਿ ਜਥੇਦਾਰ ਨੂੰ ਤਲਬ ਨਹੀਂ ਕੀਤਾ ਜਾ ਸਕਦਾ, ਉਨ੍ਹਾਂ ਹੀ ਪੰਜ ਪਿਆਰਿਆਂ 'ਚੋਂ ਤਿੰਨ ਸਿੰਘ ਗਿਆਨੀ ਗੌਹਰ ਨੂੰ ਤਲਬ ਕਰ ਰਹੇ ਹਨ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ, 7 ਸਾਲਾਂ ਬਾਅਦ ਵੀ ਭੇਜੇ ਜਾ ਰਹੇ ਸੰਮਨ : ਕੁੰਵਰ ਵਿਜੈ ਪ੍ਰਤਾਪ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News