ਜਥੇਦਾਰ ਦਾਦੂਵਾਲ ਨੇ ਮੁੱਖ ਮੰਤਰੀ ਨੂੰ ਮਿਲ ਕੇ ਬੇਅਦਬੀਆਂ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੀ ਕੀਤੀ ਮੰਗ
Tuesday, Dec 14, 2021 - 11:59 AM (IST)
ਮੋਰਿੰਡਾ (ਧੀਮਾਨ) : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਦਾਦੂਵਾਲ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਇਨ੍ਹਾਂ ਦਾ ਸ਼ਾਂਤਮਈ ਵਿਰੋਧ ਕਰ ਰਹੀਆਂ ਸਿੱਖ ਸੰਗਤਾਂ ’ਤੇ ਗੋਲੀ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ ਕਤਲ ਕਰਨ ਵਾਲੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਦੀ ਮੰਗ ਕੀਤੀ ਹੈ। ਬਰਗਾੜੀ ਮੋਰਚੇ ਦੇ ਅਹਿਮ ਅੰਗ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਸਮੇਂ ਉਨ੍ਹਾਂ ਤੋਂ ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਵੀ ਜਲਦੀ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਵਾਹਿਗੁਰੂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਆਹੁਦਾ ਬਖਸ਼ਿਆ ਹੈ ਅਤੇ ਹੁਣ ਉਹ ਬੇਅਦਬੀ ਤੇ ਨਸ਼ਿਆਂ ਦੇ ਮਾਮਲਿਆਂ ਵਿਚ ਸੰਗਤਾਂ ਨੂੰ ਇਨਸਾਫ਼ ਦੇਣ। ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਦਾਦੂਵਾਲ ਨੇ ਦੱਸਿਆ ਕਿ ਬਰਗਾੜੀ ਮੋਰਚੇ ਨੂੰ ਖਤਮ ਕਰਵਾਉਣ ਵੇਲੇ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੇ ਇਨ੍ਹਾਂ ਹਿਰਦੇਵੇਧਕ ਘਟਨਾਵਾਂ ਦੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸੰਘਰਸ਼ ਕਰ ਰਹੀਆਂ ਸੰਗਤਾਂ ਨੂੰ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਸੀ ਅਤੇ ਇਨ੍ਹਾਂ ਮੁੱਦਿਆਂ ਲੈ ਕੇ ਮੌਜੂਦਾ ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਦੇ ਅੰਦਰ ਝੋਲੀ ਅੱਡਕੇ ਤਤਕਾਲੀ ਮੁੱਖ ਮੰਤਰੀ ਤੋਂ ਇਨਸਾਫ ਦੀ ਮੰਗ ਕੀਤੀ ਸੀ ਪਰ ਲੰਬਾ ਸਮਾਂ ਗੁਜਰਨ ’ਤੇ ਵੀ ਸਰਕਾਰ ਦੇ ਹੱਥ ਖਾਲੀ ਹਨ। ਦਾਦੂਵਾਲ ਨੇ ਕਿਹਾ ਕਿ ਇਨ੍ਹਾਂ ਮੰਦਭਾਗੀ ਘਟਨਾਵਾਂ ਦਾ ਇਨਸਾਫ਼ ਨਾ ਦੇਣ ਕਾਰਣ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਜਲਾਲਤ ਭਰੀ ਹਾਲਤ ਵਿੱਚ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪਈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੁਝ ਦਿਨ ਪਹਿਲਾਂ ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਸੰਗਤਾਂ ਦੀ ਕਚਿਹਰੀ ਵਿਚ ਨੰਗਿਆਂ ਕਰਕੇ ਸਖਤ ਸਜਾਵਾਂ ਦੇਣ ਲਈ ਇੱਕ ਮੈਮੋਰੈਂਡਮ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭੇਜ ਕੇ ਮੰਗ ਕੀਤੀ ਸੀ ਕਿ ਸਰਕਾਰ ਕੋਲ ਸਮਾਂ ਥੋੜ੍ਹਾ ਹੈ ਪਰ ਇਸ ਥੋੜ੍ਹੇ ਸਮੇਂ ਦੌਰਾਨ ਹੀ ਉਹ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲਾਂ ਵਿਚ ਸੁੱਟਣ।
ਇਹ ਵੀ ਪੜ੍ਹੋ : ਏ.ਡੀ.ਜੀ.ਪੀ. ਨੇ ਪੁੱਛਿਆ, ਜਦੋਂ ਈ. ਡੀ. ਤੇ ਹਾਈਕੋਰਟ ਨੇ ਮਜੀਠੀਆ ’ਤੇ ਕਾਰਵਾਈ ਨਹੀਂ ਕੀਤੀ ਤਾਂ ਅਸੀ ਕਿਵੇਂ ਕਰੀਏ
ਉਨ੍ਹਾਂ ਕਿਹਾ ਕਿ ਅੱਜ ਉਹ ਫਿਰ ਉਨ੍ਹਾਂ ਅੱਜ ਮੁੜ ਫੇਰ ਇਨ੍ਹਾਂ ਮੰਗਾਂ ਸਬੰਧੀ ਮੁੱਖ ਮੰਤਰੀ ਨੂੰ ਯਾਦ ਕਰਵਾਉਣ ਲਈ ਆਏ ਸਨ। ਜਿਸ ਬਾਰੇ ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਬੇਅਦਬੀਆਂ ਤੇ ਨਸ਼ਿਆਂ ਦੇ ਮਾਮਲਿਆਂ ਵਿਚ ਦੋਸ਼ੀਆਂ ਦੇ ਬਹੁਤ ਨਜਦੀਕ ਪਹੁੰਚ ਗਈ ਹੈ ਅਤੇ ਜਲਦੀ ਹੀ ਇਨ੍ਹਾਂ ਮਾਮਲਿਆਂ ਦੇ ਮੁੱਖ ਦੋਸ਼ੀ ਸਲਾਖਾਂ ਪਿੱਛੇ ਹੋਣਗੇ। ਜਥੇਦਾਰ ਦਾਦੂਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਕੇ ਗੁਰੂ ਘਰਾਂ ਦਾ ਪ੍ਰਬੰਧ ਸਹੀ ਸਿੱਖਾਂ ਹੱਥ ਦੇਣ ਅਤੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਿਖੇ ਚੱਲ ਰਹੇ ਗੁਰਬਾਣੀ ਪਰਵਾਹ ਤੇ ਕਾਬਜ ਬਾਦਲ ਪਰਿਵਾਰ ਦੇ ਏਕਾਧਿਕਾਰ ਨੂੰ ਖਤਮ ਕਰਨ ਦੀ ਮੰਗ ਕੀਤੀ ਤਾਂ ਜੋ ਗੁਰਬਾਣੀ ਪਰਵਾਹ ਹਰ ਘਰ ਵਿਚ ਪਹੁੰਚਾਇਆ ਜਾ ਸਕੇ। ਕਿਸਾਨ ਅੰਦੋਲਨ ਦੀ ਜਿੱਤ ’ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆਂ ਦਾਦੂਵਾਲ ਨੇ ਕਿਸਾਨਾਂ ਮਜ਼ਦੂਰਾਂ ਦੇ ਸਮੂਹ ਆਗੂਆਂ ਅਤੇ ਵਰਕਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੰਦੋਲਨ ਦੌਰਾਨ ਸ਼ਹੀਦ ਹੋਏ 700 ਤੋਂ ਵੱਧ ਕਿਸਾਨਾਂ ਮਜ਼ਦੂਰਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨਾਲ ਸਿੱਖ ਕੌਮ ਅਤੇ ਦਸਤਾਰ ਦਾ ਮਾਣ ਵਧਿਆ ਹੈ। ਉਨ੍ਹਾਂ ਕਾਨੂੰਨ ਰੱਦ ਕਰਨ ਲਈ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਵੇਂ ਇਹ ਕਦਮ ਦੇਰੀ ਨਾਲ ਹੀ ਚੁੱਕਿਆ ਗਿਆ ਹੈ ਪਰ ਫਿਰ ਵੀ ਪ੍ਰਧਾਨ ਮੰਤਰੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਸੰਤੁਸ਼ਟੀ ਵਾਲਾ ਹੈ।
ਇਹ ਵੀ ਪੜ੍ਹੋ : ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਮਿਸ ਯੂਨੀਵਰਸ ਦੇ ਮਾਪੇ, ਘਰ ’ਚ ਜਸ਼ਨ ਦਾ ਮਾਹੌਲ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ