SGPC ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਦਿਹਾਂਤ
Friday, Dec 20, 2019 - 08:08 PM (IST)

ਲੁਧਿਆਣਾ,(ਮੁੱਲਾਂਪੁਰੀ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ (78) ਦਾ ਅੱਜ ਗੁੜਗਾਓਂ ਦੇ ਨਿੱਜੀ ਹਸਪਤਾਲ ਵਿਚ ਬੀਮਾਰੀ ਕਾਰਣ ਦਿਹਾਂਤ ਹੋ ਗਿਆ। ਉਨ੍ਹਾਂ ਦੇ ਨੇੜਲੇ ਸਾਥੀ ਕਿਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਬੀਤੇ ਦਿਨ ਜਥੇਦਾਰ ਮੱਕੜ ਦੀ ਹਾਲਤ ਬਹੁਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਗੁੜਗਾਓਂ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਸ਼ੁੱਕਰਵਾਰ ਸ਼ਾਮ ਦਿਹਾਂਤ ਹੋ ਗਿਆ।। ਉਨ੍ਹਾਂ ਕਿਹਾ ਕਿ ਜਥੇਦਾਰ ਮੱਕੜ ਦੀ ਮ੍ਰਿਤਕ ਦੇਹ ਗੁੜਗਾਓਂ ਤੋਂ ਲੁਧਿਆਣਾ ਅੱਜ ਪੁੱਜੇਗੀ। ਉਨ੍ਹਾਂ ਦਾ ਅੰਤਿਮ ਸੰਸਕਾਰ 22 ਦਸੰਬਰ ਦੁਪਹਿਰ 2 ਵਜੇ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਜਥੇਦਾਰ ਮੱਕੜ 11 ਸਾਲ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ। ਮੇਅਰ ਲੁਧਿਆਣਾ ਅਤੇ ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ, ਹਰਚਰਨ ਸਿੰਘ ਗੋਹਲਵੜੀਆ, ਬੀਬੀ ਰਜਿੰਦਰ ਕੌਰ ਬੁਲਾਰਾ ਸਾਬਕਾ ਐੱਮ. ਪੀ., ਮਨਪ੍ਰੀਤ ਸਿੰਘ ਇਯਾਲੀ ਵਿਧਾਇਕ, ਡਾ. ਚਰਨਜੀਤ ਸਿੰਘ ਅਟਵਾਲ ਸਾਬਕਾ ਸਪੀਕਰ, ਬਲਵਿੰਦਰ ਸਿੰਘ ਲਾਇਲਪੁਰੀ, ਹਰਭਜਨ ਸਿੰਘ ਡੰਗ, ਅਮਰਜੀਤ ਸਿੰਘ ਚਾਵਲਾ, ਨਿਰਮਲ ਸਿੰਘ ਐੱਸ. ਐੱਸ., ਸਤੀਸ਼ ਮਲਹੋਤਰਾ ਸਮੇਤ ਕਈ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।