ਅਭਿਸ਼ੇਕ ਸਿੰਘਵੀ ਦੇ ਟਵੀਟ ਤੋਂ ਬਾਅਦ ਜਥੇਦਾਰ ਦਾ ਮੋੜਵਾਂ ਜਵਾਬ, ਕਿਹਾ ’84 ਦਾ ਇਨਸਾਫ ਅਜੇ ਤਕ ਨਹੀਂ ਮਿਲਿਆ

Monday, Dec 20, 2021 - 04:30 PM (IST)

ਅਭਿਸ਼ੇਕ ਸਿੰਘਵੀ ਦੇ ਟਵੀਟ ਤੋਂ ਬਾਅਦ ਜਥੇਦਾਰ ਦਾ ਮੋੜਵਾਂ ਜਵਾਬ, ਕਿਹਾ ’84 ਦਾ ਇਨਸਾਫ ਅਜੇ ਤਕ ਨਹੀਂ ਮਿਲਿਆ

ਅੰਮ੍ਰਿਤਸਰ (ਬਿਊਰੋ) : ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਵਾਪਰੀ, ਜਿਸ ਨੂੰ ਲੈ ਕੇ ਸਿੱਖਾਂ ’ਚ ਰੋਸ ਦੀ ਲਹਿਰ ਹੈ। ਹਾਲਾਂਕਿ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਸੰਗਤ ਵਲੋਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਹੈ। ਇਸ ਅਧੀਨ ਕਾਂਗਰਸ ਨੇਤਾ ਅਤੇ ਰਾਜ ਸਭਾ ਮੈਂਬਰ ਅਭਿਸ਼ੇਕ ਮਨੂੰ ਸਿੰਘਵੀ ਨੇ ਟਵੀਟ ਕੀਤਾ ਸੀ,‘‘ਬੇਅਦਬੀ ਭਿਆਨਕ ਹੈ ਪਰ ਸੱਭਿਅਕ ਦੇਸ਼ ’ਚ ਲਿੰਚਿੰਗ (ਭੀੜ ਵਲੋਂ ਕੁੱਟਮਾਰ ਕਰਨਾ) ਘੱਟ ਭਿਆਨਕ ਨਹੀਂ ਹੈ। ਮੈਂ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਨ੍ਹਾਂ ਸਾਰਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੋ, ਜਿਨ੍ਹਾਂ ਨੇ ਕਾਨੂੰਨ ਨੂੰ ਆਪਣੇ ਹੱਥਾਂ ’ਚ ਲਿਆ।’’

ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਤੋਂ ਬਠਿੰਡਾ ਵਾਸੀਆਂ ਨੂੰ ਨਹੀਂ ਕੋਈ ਉਮੀਦ : ਹਰਸਿਮਰਤ

ਇਸ ’ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ,‘‘ਕਾਂਗਰਸ ਦੇ ਮੈਂਬਰ ਪਾਰਲੀਮੈਂਟ ਅਭਿਸ਼ੇਕ ਸਿੰਘਵੀ ਟਵੀਟ ਕਰਕੇ ਆਖ ਰਹੇ ਨੇ,‘‘ਸ੍ਰੀ ਅੰਮ੍ਰਿਤਸਰ ਸਾਹਿਬ ਬੇਅਦਬੀ ਕਰਨ ਵਾਲੇ ਨੂੰ ਮਾਰਨ ਵਾਲਿਆਂ ’ਤੇ ਸਖ਼ਤ ਐਕਸ਼ਨ ਹੋਣਾ ਚਾਹੀਦਾ ਹੈ" ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ 1947 ਤੋਂ ਬਾਅਦ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਸਿੱਖ ਮਰਿਯਾਦਾ, ਸਿੱਖ ਧਰਮ ਅਸਥਾਨਾਂ, ਸਿੱਖ ਇਤਿਹਾਸ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਹਮਲੇ ਕਰਕੇ ਤੇ ਸਰਕਾਰੀ ਸਰਪ੍ਰਸਤੀ ਹੇਠ ਇਨ੍ਹਾਂ ਹਮਲਾਵਰ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਜਗ੍ਹਾ ਪੁਸ਼ਤਪਨਾਹੀ ਕਰਕੇ ਬਚਾਉਣ ਦੀਆਂ ਕੋਸ਼ਿਸ਼ਾਂ ਨੇ ਸਿੱਖ ਕੌਮ ਨੂੰ ਮਾਨਸਿਕ ਪ੍ਰੇਸ਼ਾਨੀ ਦਿੱਤੀ ਹੈ। ਅਹਿਮ ਸਵਾਲ ਇਹ ਹੈ ਕਿ ਸੰਗਤ ਵਲੋਂ ਦੋਸ਼ੀ ਨੂੰ ਮਾਰਨ ਤੱਕ ਦੀ ਨੌਬਤ ਹੀ ਕਿਉਂ ਆਈ? ਜਦੋਂ ਕਾਨੂੰਨ ਦਾ ਰਾਜ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦੇ ਕੇ ਸਿੱਖਾਂ ਨੂੰ ਇਨਸਾਫ ਦੇਣ ਤੋਂ ਅਸਮਰੱਥ ਰਿਹਾ ਤਾਂ ਵਲੂੰਧਰੇ ਹਿਰਦੇ ਚੁੱਕੀ ਫਿਰਦੇ ਸਿੱਖ ਕੀ ਕਰਨ? 84 ਦੀ ਨਸਲਕੁਸ਼ੀ ਲਈ ਇਨਸਾਫ ਉਡੀਕਦੇ ਜਹਾਨੋਂ ਤੁਰ ਗਏ ਸਿੱਖਾਂ ਦੇ ਵਾਰਸ ਅਤੇ ਜ਼ਿੰਦਗੀ ਦੇ ਆਖਰੀ ਸਾਹ ਗਿਣ ਰਹੇ ਸਿੱਖ ਕੀ ਕਰਨ? ਇਹ ਵੀ ਅਭਿਸ਼ੇਕ ਸਿੰਘਵੀ ਨੂੰ ਦਸਣਾ ਚਾਹੀਦਾ ਹੈ।’’ 

PunjabKesari
 

ਦੱਸਣਯੋਗ ਹੈ ਕਿ ਸੰਗਤ ਵਲੋਂ ਮਾਰੇ ਗਏ ਨੌਜਵਾਨ ਦੀ ਪਛਾਣ ਕਰਨ ਲਈ ਪੁਲਸ ਵਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਐਤਵਾਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਉਸ ਦੀ ਮੂਵਮੈਂਟ ਦੇਖਣ ਲਈ ਪੁਲਸ ਨੇ ਰੂਟ ਮੈਥਡ ਦਾ ਇਸਤੇਮਾਲ ਕੀਤਾ। ਸੀ. ਸੀ. ਟੀ. ਵੀ. ਕੈਮਰਿਆਂ ਵਿਚ ਸਮੇਂ ਦੇ ਨਾਲ ਨੌਜਵਾਨ ਦੀ ਹਰ ਮੂਵਮੈਂਟ ’ਤੇ ਨਜ਼ਰ ਰੱਖੀ ਗਈ ਪਰ ਦਰਬਾਰ ਸਾਹਿਬ ਦੇ ਬਾਹਰ ਪੁਲਸ ਨੂੰ ਕੁੱਝ ਦਿੱਕਤ ਦਾ ਸਾਹਮਣਾ ਕਰਨਾ ਪਿਆ। ਡੀ. ਸੀ. ਪੀ. ਦਾ ਕਹਿਣਾ ਹੈ ਕਿ ਦਰਬਾਰ ਸਾਹਿਬ ਦੇ ਅੰਦਰ ਮਾਰੇ ਗਏ ਦੋਸ਼ੀ ਨੂੰ ਤਿੰਨ ਤੋਂ ਚਾਰ ਬਾਅਦ ਗੁਰੂ ਘਰ ਵਿਚ ਮੱਥਾ ਟੇਕਦਿਆਂ ਦੇਖਿਆ ਗਿਆ। ਇਸ ਤੋਂ ਇਲਾਵਾ ਉਹ ਦੋ ਵਾਰ ਲੰਗਰ ਹਾਲ ਵਿਚ ਅਤੇ ਇਕ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਆਰਾਮ ਕਰਦਾ ਨਜ਼ਰ ਆਇਆ ਪਰ ਬਾਹਰ ਗਲ਼ੀਆਂ ਤੰਗ ਹੋਣ ਕਾਰਣ ਪੁਲਸ ਨੂੰ ਕੁੱਝ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਇਹ ਵੀ ਪੜ੍ਹੋ : ਭਿੱਖੀਵਿੰਡ ’ਚ ਵੱਡੀ ਵਾਰਦਾਤ, ਕਾਰ ਸਵਾਰ ਪਰਿਵਾਰ ’ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਇਕ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News