ਜਥਾ ਹਿੰਮਤ-ਏ-ਖ਼ਾਲਸਾ ਤੇ ਮੁਸਲਿਮ ਭਾਈਚਾਰੇ ਵੱਲੋਂ ਰੋਸ ਮਾਰਚ
Sunday, Apr 22, 2018 - 04:16 AM (IST)
ਅੰਮ੍ਰਿਤਸਰ, (ਸਰਬਜੀਤ)- ਜੰਮੂ ਦੇ ਕਠੂਆ ਜ਼ਿਲੇ ਦੇ ਪਿੰਡ ਰਸਾਨਾ ਵਿਖੇ ਮਾਸੂਮ ਬੱਚੀ ਨਾਲ ਹੋਏ ਸਮੂਹਿਕ ਜਬਰ-ਜ਼ਨਾਹ ਅਤੇ ਉਸ ਦੇ ਕੀਤੇ ਗਏ ਬੇਰਹਿਮੀ ਨਾਲ ਕਤਲ ਦੀ ਦਿਲ ਕੰਬਾਊ ਘਟਨਾ ਦੇ ਦੋਸ਼ੀਆਂ ਖਿਲਾਫ ਪੁਲਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਢਿੱਲੀ ਕਾਰਵਾਈ ਖਿਲਾਫ ਜਥਾ ਹਿੰਮਤ-ਏ-ਖ਼ਾਲਸਾ ਸਮੇਤ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਵਿਚ ਰੋਸ ਮਾਰਚ ਕੀਤਾ ਗਿਆ, ਜੋ ਸਥਾਨਕ ਭੰਡਾਰੀ ਪੁਲ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸੰਤੋਖਸਰ ਸਾਹਿਬ ਵਿਖੇ ਸਮਾਪਤ ਹੋਇਆ, ਜਿਥੇ ਉਸ ਮਾਸੂਮ ਬੱਚੀ ਆਸਿਫਾ ਦੀ ਆਤਮਿਕ ਸ਼ਾਂਤੀ ਦੀ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਗਈ ਅਤੇ ਇਹ ਵੀ ਅਰਦਾਸ ਕੀਤੀ ਗਈ ਕਿ ਉਸ ਮਾਸੂਮ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਸਜ਼ਾਵਾਂ ਦਿੱਤੀਆਂ ਜਾਣ। ਰਸਤੇ 'ਚ ਹਾਲ ਗੇਟ ਵਿਖੇ ਜਥੇਬੰਦੀਆਂ ਵੱਲੋਂ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਪ੍ਰਸ਼ਾਸਨ, ਸੂਬਾ ਤੇ ਕੇਂਦਰ ਸਰਕਾਰਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਉਸ ਬੱਚੀ ਨੂੰ ਇਨਸਾਫ ਦਿਵਾਉਣ ਵਿਚ ਅਜੇ ਵੀ ਦੇਰੀ ਕਿਉਂ ਕੀਤੀ ਜਾ ਰਹੀ ਹੈ।
ਇਸ ਮੌਕੇ ਭਾਈ ਪੰਜਾਬ ਸਿੰਘ ਸੁਲਤਾਨਵਿੰਡ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ, ਭਾਈ ਹਰਵਿੰਦਰ ਸਿੰਘ ਸ਼ਰੀਫਪੁਰਾ, ਮੁਸਲਿਮ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਐੱਮ. ਡੀ. ਯੂਸਫ ਮਲਿਕ, ਅਕਬਰ ਆਲਮ, ਮੁਜ਼ੱਫਰ ਆਜ਼ਾਦ, ਹਰਪ੍ਰੀਤ ਸਿੰਘ ਮੀਰਾਂਕੋਟ ਤੇ ਪਰਗਟ ਸਿੰਘ ਗੁੰਮਟਾਲਾ ਸਮੇਤ ਸੈਂਕੜੇ ਸਿੰਘ ਹਾਜ਼ਰ ਸਨ।
