ਭੁਲੱਥ: ਸ਼ਹੀਦ ਜਸਵਿੰਦਰ ਸਿੰਘ ਨੂੰ ਆਖ਼ਰੀ ਸਲਾਮ, ਅੰਤਿਮ ਦਰਸ਼ਨਾਂ ਲਈ ਉਮੜਿਆ ਜਨ ਸੈਲਾਬ

Wednesday, Oct 13, 2021 - 05:46 PM (IST)

ਭੁਲੱਥ: ਸ਼ਹੀਦ ਜਸਵਿੰਦਰ ਸਿੰਘ ਨੂੰ ਆਖ਼ਰੀ ਸਲਾਮ, ਅੰਤਿਮ ਦਰਸ਼ਨਾਂ ਲਈ ਉਮੜਿਆ ਜਨ ਸੈਲਾਬ

ਭੁਲੱਥ (ਵੈੱਬ ਡੈਸਕ, ਰਾਜਿੰਦਰ)—ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਅੱਤਵਾਦ ਰੋਕੂ ਮੁਹਿੰਮ ’ਚ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਸ਼ਹੀਦ ਹੋਏ ਜਸਵਿੰਦਰ ਸਿੰਘ ਦੀ ਮਿ੍ਰਤਕ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਮਾਨਾਂਤਲਵੰਡੀ ’ਚ ਪਹੁੰਚੀ। ਉਨ੍ਹਾਂ ਦੀ ਸ਼ਹਾਦਤ ਨੂੰ ਲੈ ਕੇ ਪਿੰਡ ਅਤੇ ਇਲਾਕੇ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ, ਉਥੇ ਹੀ ਪਰਿਵਾਰ ਨੂੰ ਜਸਵਿੰਦਰ ਸਿੰਘ ਦੀ ਸ਼ਹਾਦਤ ’ਤੇ ਵੀ ਮਾਣ ਹੈ। ਜਿਵੇਂ ਹੀ ਜਸਵਿੰਦਰ ਸਿੰਘ ਦੀ ਮਿ੍ਰਤਕ ਦੇਹ ਤਿਰੰਗੇ ’ਚ ਲਿਪਟੀ ’ਚ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੀ ਤਾਂ ਮਾਹੌਲ ਕਾਫ਼ੀ ਗਮਗੀਨ ਹੋ ਗਿਆ। ਦੱਸ ਦੇਈਏ ਕਿ ਕਰਤਾਰਪੁਰ ਤੋਂ ਰਾਮਗੜ੍ਹ ਹੁੰਦੇ ਹੋਏ ਫ਼ੌਜ ਦੀਆਂ ਗੱਡੀਆਂ ਸ਼ਹੀਦ ਦੇ ਪਿੰਡ ਮਾਨਾਂਤਲਵੰਡੀ ਵੱਲ ਮੁੜੀਆਂ ਤਾਂ ਪਿੰਡ ਅਤੇ ਇਲਾਕੇ ਦੇ ਵੱਡੀ ਗਿਣਤੀ ਨੌਜਵਾਨਾਂ ਨੇ ਜੀਪਾਂ ਅਤੇ ਮੋਟਰ ਸਾਈਕਲਾਂ ਦਾ ਕਾਫ਼ਲਾ ਫ਼ੌਜ ਦੀਆਂ ਗੱਡੀਆਂ ਅੱਗੇ ਲਗਾ ਕੇ ਜਿੱਥੇ ਸ਼ਹੀਦ ਫ਼ੌਜੀ ਦੀ ਸ਼ਹਾਦਤ ਨੂੰ ਸਲਾਮ ਕੀਤਾ, ਉਥੇ ਹੀ ਨੌਜਵਾਨਾਂ ਨੇ ਜਸਵਿੰਦਰ ਸਿੰਘ ਜ਼ਿੰਦਾਬਾਦ ਅਤੇ ਜਸਵਿੰਦਰ ਸਿੰਘ ਅਮਰ ਰਹੇ ਦੇ ਨਾਅਰੇ ਵੀ ਲਗਾਏ। 

PunjabKesari

ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਅੰਤਿਮ ਦਰਸ਼ਨ ਕਰਨ ਤੋਂ ਬਾਅਦ ਸਰਕਾਰੀ ਸਨਮਾਨਾਂ ਦੇ ਨਾਲ ਜਸਵਿੰਦਰ ਸਿੰਘ ਦੀ ਮਿ੍ਰਤਕ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੀ ਪਹੁੰਚੇ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।

PunjabKesari

 

ਦੂਜੇ ਪਾਸੇ ਮਿ੍ਤਕ ਦੇਹ ਜਦੋਂ ਪਿੰਡ ਮਾਨਾਂਤਲਵੰਡੀ ਪਹੁੰਚੀ ਤਾਂ ਮੌਕੇ 'ਤੇ ਮੌਜੂਦ ਸੈਂਕੜੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਤਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸ਼ਹੀਦ ਜਸਵਿੰਦਰ ਸਿੰਘ ਅੱਜ ਤੋਂ ਕਰੀਬ 20 ਸਾਲ ਪਹਿਲਾਂ ਜਦੋਂ ਗਿਆਰਵੀ ਕਲਾਸ ਵਿਚ ਪੜ੍ਹਾਈ ਕਰਦਾ ਸੀ, ਉਸ ਵੇਲੇ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ ਅਤੇ ਉਸ ਦੀ ਬਹਾਦਰੀ ਕਰਕੇ 2007 ਵਿਚ ਉਸ ਨੂੰ ਸੈਨਾ ਮੈਡਲ ਨਾਲ ਨਿਵਾਜਿਆ ਗਿਆ ਸੀ ਅਤੇ ਹੁਣ ਸ਼ਹੀਦ ਜਸਵਿੰਦਰ ਸਿੰਘ ਨਾਇਬ ਸੂਬੇਦਾਰ ਦੇ ਰੈਂਕ 'ਤੇ ਸੀ।

ਇਹ ਵੀ ਪੜ੍ਹੋ: ਦਿੱਲੀ ਧਰਨੇ ਤੋਂ ਪਰਤ ਰਹੇ ਨੌਜਵਾਨ ਨੂੰ ਟਰੇਨ 'ਚ ਮੌਤ ਨੇ ਪਾਇਆ ਘੇਰਾ, ਚਾਚੇ ਦੀਆਂ ਅੱਖਾਂ ਸਾਹਮਣੇ ਤੋੜਿਆ ਦਮ

PunjabKesari

ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਅੱਤਵਾਦ ਰੋਕੂ ਮੁਹਿੰਮ ’ਚ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਸੋਮਵਾਰ ਨੂੰ ਹੋਏ ਮੁਕਾਬਲੇ ’ਚ ਸ਼ਹੀਦ ਹੋਏ ਜੇ. ਸੀ. ਓ. (ਜੂਨੀਅਰ ਕਮਿਸ਼ਨ ਅਫ਼ਸਰ) ਜਸਵਿੰਦਰ ਸਿੰਘ (39) ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਵਿਚ ਪੈਂਦੇ ਪਿੰਡ ਮਾਨਾਂਤਲਵੰਡੀ ਦਾ ਵਸਨੀਕ ਸੀ। ਜਸਵਿੰਦਰ ਇਸ ਵੇਲੇ ਭਾਰਤੀ ਫ਼ੌਜ ਵਿਚ ਨਾਇਬ ਸੂਬੇਦਾਰ ਵਜੋਂ ਡਿਊਟੀ ਕਰ ਰਿਹਾ ਸੀ।

PunjabKesari
ਦੱਸ ਦੇਈਏ ਕਿ ਸ਼ਹੀਦ ਜਸਵਿੰਦਰ ਸਿੰਘ ਦਾ ਪਰਿਵਾਰ ਦੇਸ਼ ਸੇਵਾ ਨੂੰ ਸਮਰਪਿਤ ਹੈ, ਕਿਉਂਕਿ ਉਨ੍ਹਾਂ ਦੇ ਪਿਤਾ ਹਰਭਜਨ ਸਿੰਘ ਭਾਰਤੀ ਫੌਜ ਵਿਚੋਂ ਕੈਪਟਨ ਰੈਂਕ ਤੋਂ ਰਿਟਾਇਰਡ ਹਨ, ਜਿਨ੍ਹਾਂ ਦੀ ਮਈ ਮਹੀਨੇ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਸੀ। ਜਦਕਿ ਭਰਾ ਰਜਿੰਦਰ ਸਿੰਘ ਵੀ ਫ਼ੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਚੁੱਕਾ ਹੈ। ਜੋ ਹੁਣ ਹੌਲਦਾਰ ਰੈਂਕ ਨਾਲ ਰਿਟਾਇਰਡ ਹੋ ਚੁੱਕੇ ਹਨ।

PunjabKesari

ਪਤਨੀ ਦੇ ਭਾਵੁਕ ਬੋਲ, 'ਜਸਵਿੰਦਰ ਸਿੰਘ ਦੀ ਸ਼ਹਾਦਤ 'ਤੇ ਮਾਣ, ਪਰ ਲੋੜ ਸੀ ਹਾਲੇ

ਸ਼ਹੀਦ ਨਾਇਬ ਸੂਬੇਦਾਰ ਦੀ ਪਤਨੀ ਸੁਖਪ੍ਰੀਤ ਕੌਰ (35) ਨੇ ਕਿਹਾ ਕਿ ਮੈਨੂੰ ਮਾਣ ਆਪਣੇ ਆਦਮੀ 'ਤੇ ਉਹ ਦੇਸ਼ ਵਾਸਤੇ ਕੁਰਬਾਨ ਹੋ ਗਿਆ, ਪਰ ਹਾਲੇ ਸਾਨੂੰ ਉਸ ਦੀ ਲੋੜ ਸੀ। 

ਧੀ ਨੇ ਕਿਹਾ- ਮੈਨੂੰ ਮਾਣ ਮੇਰੇ ਪਾਪਾ 'ਤੇ 

ਪੁੱਤਰੀ ਹਰਨੂਰ ਕੌਰ (11) ਨੇ ਭਾਵੁਕ ਮਨ ਨਾਲ ਕਿਹਾ ਕਿ ਮੈਨੂੰ ਮਾਣ ਹੈ ਮੇਰੇ ਪਾਪਾ ਦੇਸ਼ ਵਾਸਤੇ ਸ਼ਹੀਦ ਹੋਏ ਹਨ। 

ਮਾਂ ਦੇ ਭਾਵੁਕ ਬੋਲ, 'ਪੋਤਰਾ ਵੀ ਫ਼ੌਜ 'ਚ ਭੇਜਾਂਗੀ

ਸ਼ਹੀਦ ਜਸਵਿੰਦਰ ਸਿੰਘ ਦੀ ਮਾਂ ਨੇ ਕਿਹਾ ਕਿ ਮੈਂ ਵੀ ਫੌਜੀ  ਕੈਪਟਨ ਹਰਭਜਨ ਸਿੰਘ ਦੀ ਧਰਮ ਪਤਨੀ ਅਤੇ ਫੌਜੀ ਪੁੱਤਰਾਂ ਦੀ ਮਾਂ ਹਾਂ। ਆਪਣੇ ਪੋਤਰੇ ਨੂੰ  ਵੀ ਮੈਂ ਫੌਜ ਵਿਚ ਭੇਜਾਂਗੀ। 

PunjabKesari

11ਵੀਂ ਜਮਾਤ ਵਿਚ ਪੜ੍ਹਦਿਆਂ ਫ਼ੌਜੀ ਵਿਚ ਹੋਏ ਸਨ ਭਰਤੀ ਜਸਵਿੰਦਰ
ਦੱਸਣਯੋਗ ਹੈ ਕਿ ਸ਼ਹੀਦ ਜਸਵਿੰਦਰ ਸਿੰਘ ਦੇ ਪਰਿਵਾਰ ਵਿਚ ਬਜ਼ੁਰਗ ਮਾਂ, ਪਤਨੀ ਸੁਖਪ੍ਰੀਤ ਕੌਰ (35), ਪੁੱਤਰ ਵਿਕਰਮਜੀਤ ਸਿੰਘ (13), ਧੀ ਹਰਨੂਰ ਕੌਰ (11) ਅਤੇ ਭਰਾ ਰਜਿੰਦਰ ਸਿੰਘ ਦਾ ਪਰਿਵਾਰ ਅਤੇ ਪਿੰਡ ਵਾਸੀ ਜਿੱਥੇ ਸੋਗ ਵਿਚ ਹਨ, ਉੱਥੇ ਇਸ ਖ਼ਬਰ ਨਾਲ ਇਲਾਕੇ ਵਿਚ ਵੀ ਸੋਗ ਦੀ ਲਹਿਰ ਹੈ। ਸ਼ਹੀਦ ਜਸਵਿੰਦਰ ਸਿੰਘ ਦੇ ਭਰਾ ਸਾਬਕਾ ਫ਼ੌਜੀ ਰਾਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਸਵਿੰਦਰ ਸਿੰਘ ਜਦੋਂ ਗਿਆਰ੍ਹਵੀਂ ਕਲਾਸ ਵਿਚ ਪੜ੍ਹਦੇ ਸਨ, ਉਸ ਵੇਲੇ ਹੀ ਫ਼ੌਜ ਵਿਚ ਭਰਤੀ ਹੋ ਗਏ ਸਨ, ਜੋ ਉਸ ਵੇਲੇ ਤੋਂ ਹੁਣ ਤਕ ਦੇਸ਼ ਦੀ ਸੇਵਾ ਕਰਦਾ ਆ ਰਹੇ ਸਨ। ਭਰਾ ਨੇ ਦੱਸਿਆ ਕਿ 2007 ਵਿਚ ਜਸਵਿੰਦਰ ਸਿੰਘ ਨੂੰ ਸੈਨਾ ਮੈਡਲ ਵੀ ਮਿਲ ਚੁੱਕੇ ਹਨ।

PunjabKesari

ਅਨੇਕਾਂ ਸਖ਼ਸ਼ੀਅਤਾਂ ਪੁੱਜੀਆਂ ਸ਼ਰਧਾਂਜਲੀ ਦੇਣ 
ਸ਼ਹੀਦ ਜਸਵਿੰਦਰ ਸਿੰਘ ਨੂੰ  ਸ਼ਰਧਾਂਜਲੀ ਦੇਣ ਜਿੱਥੇ ਫ਼ੌਜ ਦੇ ਬ੍ਰਿਗੇਡੀਅਰ, ਕੈਪਟਨ, ਸੂਬੇਦਾਰ ਮੇਜਰ ਤੋਂ ਇਲਾਵਾ ਡੀ. ਸੀ. ਕਪੂਰਥਲਾ ਦੀਪਤੀ ਉੱਪਲ, ਐੱਸ. ਐੱਸ. ਪੀ. ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ, ਐੱਸ. ਪੀ. ਰਮਨੀਸ਼ ਚੌਧਰੀ, ਡੀ. ਐੱਸ. ਪੀ. ਭੁਲੱਥ ਅਮਰੀਕ ਸਿੰਘ ਚਾਹਲ, ਐੱਸ. ਐੱਚ. ਓ. ਭੁਲੱਥ ਬੱਬਨਦੀਪ ਸਿੰਘ ਪੀ. ਪੀ. ਐੱਸ. ਅਤੇ ਹੋਰ ਵੱਡੀ ਗਿਣਤੀ ਅਧਿਕਾਰੀ ਪੁੱਜੇ। ਉਥੇ ਇਲਾਕੇ ਭਰ ਤੋਂ ਇਲਾਵਾ ਕਪੂਰਥਲਾ, ਕਰਤਾਰਪੁਰ ਅਤੇ ਦੋਆਬੇ-ਮਾਝੇ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਸਖ਼ਸ਼ੀਅਤਾਂ ਨੇ ਸ਼ਿਰਕਤ ਕੀਤੀ। ਜਿਨ੍ਹਾਂ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਕਪੂਰਥਲਾ ਤੋਂ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਮਾਨਾਂਤਲਵੰਡੀ ਅਤੇ ਵੱਡੀ ਗਿਣਤੀ ਵਿਚ ਕਿਸਾਨ, ਕਾਂਗਰਸੀ ਆਗੂ ਅਮਨਦੀਪ ਸਿੰਘ ਗੋਰਾ ਗਿੱਲ, ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਰਛਪਾਲ ਸਿੰਘ ਬੱਚਾਜੀਵੀ, ਪ੍ਰੀਤਮ ਸਿੰਘ ਚੀਮਾ, ਦਲਜੀਤ ਸਿੰਘ ਨਡਾਲਾ, ਬਲਕਾਰ ਸਿੰਘ ਮਾਨਾਂਤਲਵੰਡੀ, ਲਖਵਿੰਦਰ ਸਿੰਘ ਹਮੀਰਾ, ਅਵਤਾਰ ਸਿੰਘ ਵਾਲੀਆ, ਸਟੀਫਨ ਕਾਲਾ, ਸਰਪੰਚ ਨਸੀਬ ਖੱਸਣ ਤੇ ਅਕਾਲੀ ਦਲ ਵਲੋਂ ਲਖਵਿੰਦਰ ਸਿੰਘ ਵਿਜੋਲਾ ਸਾਬਕਾ ਚੇਅਰਮੈਨ ਅਤੇ ਵੱਡੀ ਗਿਣਤੀ ਆਗੂਆਂ ਤੋਂ ਇਲਾਵਾ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਮੋਹਤਬਰ ਵਿਅਕਤੀ ਅਤੇ ਸਰਪੰਚ ਵੀ ਮੌਜੂਦ ਸਨ |

PunjabKesari

ਇਹ ਵੀ ਪੜ੍ਹੋ: ਪੁੰਛ 'ਚ ਸ਼ਹੀਦ ਹੋਏ ਜਸਵਿੰਦਰ ਸਿੰਘ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ, ਪੁੱਤ ਦੀ ਸ਼ਹਾਦਤ ਤੋਂ ਮਾਂ ਅਣਜਾਣ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News