ਜੱਸੀ ਸਿੱਧੂ ਕਤਲ ਕਾਂਡ: ਅਦਾਲਤ ਨੇ ਨਿਆਇਕ ਹਿਰਾਸਤ ''ਚ ਭੇਜੇ ਮਾਂ ਤੇ ਮਾਮਾ

01/29/2019 8:00:15 PM

ਮਾਲੇਰਕੋਟਲਾ/ਓਟਾਵਾ (ਜ਼ਹੂਰ, ਸ਼ਹਾਬੂਦੀਨ, ਯਾਸੀਨ)— 8 ਜੂਨ ਸੰਨ 2000 'ਚ ਕਥਿਤ ਤੌਰ 'ਤੇ ਅਣਖ਼ ਖ਼ਾਤਰ ਕਤਲ ਕੀਤੀ ਕੈਨੇਡੀਅਨ ਨਾਗਰਿਕ ਜਸਵਿੰਦਰ ਕੌਰ ਉਰਫ਼ ਜੱਸੀ ਸਿੱਧੂ ਦੇ ਕਤਲ 'ਚ ਨਾਮਜ਼ਦ ਉਸ ਦੀ ਕੈਨੇਡਾ ਰਹਿੰਦੀ ਮਾਂ ਮਲਕੀਤ ਕੌਰ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ, ਜਿਨ੍ਹਾਂ ਨੂੰ ਕੈਨੇਡਾ ਪੁਲਸ ਨੇ ਲੰਘੇ ਵੀਰਵਾਰ ਸੰਗਰੂਰ ਪੁਲਸ ਦੇ ਹਵਾਲੇ ਕੀਤਾ ਸੀ, ਨੂੰ ਪੁਲਸ ਨੇ 25 ਜਨਵਰੀ ਨੂੰ ਮਾਲੇਰਕੋਟਲਾ ਦੀ ਅਦਾਲਤ 'ਚ ਜੱਜ ਹਰਪ੍ਰੀਤ ਸਿੰਘ ਸਿਮਕ ਦੀ ਅਦਾਲਤ 'ਚ ਪੇਸ਼ ਕਰ ਕੇ ਚਾਰ ਦਿਨਾ ਪੁਲਸ ਰਿਮਾਂਡ ਲਿਆ ਸੀ, ਨੂੰ ਪੁਲਸ ਰਿਮਾਂਡ ਖ਼ਤਮ ਹੋਣ 'ਤੇ ਪੁਲਸ ਨੇ ਅੱਜ ਮੁੜ ਜੱਜ ਹਰਪ੍ਰੀਤ ਸਿੰਘ ਸਿਮਕ ਦੀ ਅਦਾਲਤ 'ਚ ਪੇਸ਼ ਕਰ ਕੇ ਮੁਲਜ਼ਮਾਂ ਦਾ ਦੋ ਦਿਨ ਦਾ ਹੋਰ ਪੁਲਸ ਰਿਮਾਂਡ ਮੰਗਿਆ ਪਰ ਮਾਣਯੋਗ ਅਦਾਲਤ ਨੇ ਬਚਾਅ ਪੱਖ ਦੀ ਦਲੀਲ ਸੁਣਨ ਉਪਰੰਤ ਮੁਲਜ਼ਮਾਂ ਦਾ ਪੁਲਸ ਰਿਮਾਂਡ ਨਾ ਦੇ ਕੇ ਮੁਲਜ਼ਮਾਂ ਨੂੰ 14 ਦਿਨ ਲਈ ਸੈਂਟਰਲ ਜੇਲ ਸੰਗਰੂਰ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ।

ਅਮਰਗੜ੍ਹ ਦੇ ਡੀ.ਐੱਸ.ਪੀ. ਪਲਵਿੰਦਰ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੇ ਮਾਣਯੋਗ ਅਦਾਲਤ ਤੋਂ ਮੁਲਜ਼ਮਾਂ ਦਾ ਦੋ ਦਿਨ ਦਾ ਪੁਲਸ ਰਿਮਾਂਡ ਮੰਗਿਆ ਸੀ ਤਾਂ ਜੋ ਮੁਲਜ਼ਮਾਂ ਤੋਂ ਇਸ ਮਾਮਲੇ 'ਚ ਪੈਸਿਆਂ ਦੇ ਲੈਣ-ਦੇਣ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ ਪਰ ਅਦਾਲਤ ਨੇ ਮੁਲਜ਼ਮਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਮੁਦੱਈ ਪੱਖ ਦੇ ਵਕੀਲ ਐਡਵੋਕੇਟ ਅਸ਼ਵਨੀ ਚੌਧਰੀ ਨੇ ਦੱਸਿਆ ਕਿ 12 ਫਰਵਰੀ ੇਤੱਕ ਮੁਲਜ਼ਮਾਂ ਦਾ ਸਪਲੀਮੈਂਟਰੀ ਚਲਾਨ ਤਿਆਰ ਕਰ ਕੇ ਇਥੇ ਮਾਣਯੋਗ ਅਦਾਲਤ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਬਚਾਅ ਪੱਖ ਦੇ ਵਕੀਲ ਐਡਵੋਕੇਟ ਸਿਮਰਨਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਮੁਲਜ਼ਮਾਂ ਦੇ ਪੁਲਸ ਰਿਮਾਂਡ ਦਾ ਵਿਰੋਧ ਕਰਦਿਆਂ ਅਦਾਲਤ ਨੂੰ ਦਲੀਲ ਦਿੱਤੀ ਕਿ ਪੈਸਿਆਂ ਦੇ ਲੈਣ-ਦੇਣ ਦੀ ਕਹਾਣੀ ਇਸ ਮਾਮਲੇ ਦੇ ਸਹਿ ਮੁਲਜ਼ਮ ਦਰਸ਼ਨ ਸਿੰਘ ਦੇ 2000 'ਚ ਪੇਸ਼ ਕੀਤੇ ਚਲਾਨ ਨਾਲ ਸਬੰਧਤ ਸੀ। ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ ਮੁਲਜ਼ਮਾਂ ਨਾਲ ਸਬੰਧਤ ਨਹੀਂ। ਦਰਸ਼ਨ ਸਿੰਘ ਨੂੰ ਦੇਸ਼ ਦੀ ਸਰਬਉੱਚ ਅਦਾਲਤ ਨੇ ਬਰੀ ਕਰ ਦਿੱਤਾ ਸੀ, ਇਸ ਲਈ ਇਸ ਕਹਾਣੀ ਦਾ ਕੋਈ ਆਧਾਰ ਨਹੀਂ ਰਹਿ ਜਾਂਦਾ। ਮਾਣਯੋਗ ਅਦਾਲਤ ਨੇ ਉਨ੍ਹਾਂ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ।


Baljit Singh

Content Editor

Related News