ਜਨਮ ਦਿਹਾੜਾ ਵਿਸ਼ੇਸ਼ : ਸਿੱਖ ਕੌਮ ਦੇ ਮਹਾਨ ਜਰਨੈਲ ‘ਜੱਸਾ ਸਿੰਘ ਰਾਮਗੜ੍ਹੀਆ’

Tuesday, May 05, 2020 - 01:26 PM (IST)

ਜੱਸਾ ਸਿੰਘ ਰਾਮਗੜ੍ਹੀਆ ਸਿੱਖ ਕੌਮ ਦਾ ਉਹ ਜਰਨੈਲ ਹੈ, ਜਿਸਨੇ ਸਿੱਖਾਂ ਦੀ ਖਿਲਰੀ ਤਾਕਤ ਨੂੰ ਇਕ ਮੁੱਠ ਕਰਕੇ ਸਿੱਖ ਕੌਮ ਵਿਚ ਜੋਸ਼ ਭਰ ਕੇ ਪੰਜਾਬ ਤੇ ਦਿੱਲੀ ਦੀ ਧਰਤੀ ‘ਤੇ ਖਾਲਸਾਈ ਝੰਡੇ ਝੁਲਾ ਕੇ ਆਪਣੀ ਸਿੱਖ ਰਾਜ ਦੀ ਨੀਂਹ ਸਥਾਪਤ ਕੀਤੀ। ਜੱਸਾ ਸਿੰਘ ਰਾਮਗੜ੍ਹੀਆ ਦੀ ਅਗਵਾਈ ਵਿਚ ਸਿੱਖਾਂ ਨੇ ਜ਼ਾਲਮਾਂ ਨੂੰ ਦਿਨ ਵਿਚ ਤਾਰੇ ਦਿਖਾ ਦਿੱਤੇ। ਪੰਜਾਬ ‘ਤੇ ਹਮਲਾ ਕਰਨ ਵਾਲੇ ਕਹਿੰਦੇ ਕਹਾਉਂਦੇ ਜਰਵਾਣਿਆ ਦੇ ਗਰੂਰ ਨੂੰ ਮਿੱਟੀ ਵਿਚ ਮਿਲਾ ਕੇ ਰੱਖ ਦਿੱਤਾ ਸੀ। ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਰਾਮਗੜ੍ਹੀਆ ਮਿਸਲ ਦੇ ਬਾਨੀ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ 5 ਮਈ 1723 ਈ. ਨੂੰ ਲਾਹੌਰ ਜ਼ਿਲ੍ਹੇ ਦੇ ( ਈਚੋਗਿਲ ) ਪਿੰਡ ਵਿਚ ਗਿਆਨੀ ਭਗਵਾਨ ਸਿੰਘ ਦੇ ਘਰ ਹੋਇਆ। ਇਸ ਦੇ ਦਾਦਾ ਹਰਦਾਸ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਲਈ ਸੀ ਅਤੇ ਬੰਦਾ ਬਹਾਦਰ ਦੀਆਂ ਮੁਗ਼ਲਾਂ ਨਾਲ ਹੋਈਆਂ ਲੜਾਈਆਂ ਵਿਚ ਹਿੱਸਾ ਲਿਆ ਸੀ।

ਆਪ ਦੇ ਪਿਤਾ ਸ: ਭਗਵਾਨ ਸਿੰਘ ਇਕ ਬਹਾਦਰ ਯੋਧਾ ਹੋਣ ਦੇ ਨਾਲ-ਨਾਲ ਸੰਤ ਸੁਭਾਅ ਵਾਲੇ ਵਿਅਕਤੀ ਸਨ ਅਤੇ ਉਘੇ ਧਾਰਮਿਕ ਪ੍ਰਚਾਰਕ ਵੀ ਸਨ। ਇਸ ਕਰਕੇ ਉਨ੍ਹਾਂ ਨੂੰ ਗਿਆਨੀ ਭਗਵਾਨ ਸਿੰਘ ਆਖਿਆ ਜਾਂਦਾ ਸੀ। ਆਪ 5 ਭਰਾ ਸਨ ਜੱਸਾ ਸਿੰਘ, ਜੈ ਸਿੰਘ, ਖ਼ੁਸ਼ਹਾਲ ਸਿੰਘ, ਮਾਲੀ ਸਿੰਘ ਤੇ ਤਾਰਾ ਸਿੰਘ।

ਭਾਈ ਕਾਨ੍ਹ ਸਿੰਘ ਅਨੁਸਾਰ ਆਪਣੀ ਕੁੜੀ ਨੂੰ ਮਾਰਨ ਦੇ ਦੋਸ਼ ਵਿਚ ਇਸ ਨੂੰ ਪੰਥ ਤੋਂ ਛੇਕਿਆ ਗਿਆ। ਸੰਨ 1745 ਈ. ਵਿਚ ਇਸ ਦੇ ਜਲੰਧਰ-ਦੁਆਬ ਦੇ ਫ਼ੌਜਦਾਰ ਅਦੀਨਾ ਬੇਗ ਪਾਸ ਨੌਕਰੀ ਕਰ ਲੈਣ ’ਤੇ ਪੰਥ ਵਿਚ ਇਸ ਪ੍ਰਤਿ ਗੁੱਸੇ ਦੀ ਲਹਿਰ ਦੌੜ ਗਈ। ਅਕਤੂਬਰ 1748 ਈ. ਵਿਚ ਜਦੋਂ ਦੀਵਾਲੀ ਦੇ ਮੌਕੇ ’ਤੇ ਅੰਮ੍ਰਿਤਸਰ ਵਿਚ ਸਰਬੱਤ ਖ਼ਾਲਸਾ ਜੁੜਿਆ, ਤਾਂ ਲਾਹੌਰ ਦੇ ਸੂਬੇਦਾਰ ਮੀਰ ਮੰਨੂ ਨੇ ਸਿੱਖਾਂ ਨੂੰ ਖਦੇੜਨ ਲਈ ਅੰਮ੍ਰਿਤਸਰ ਉਤੇ ਹਮਲਾ ਕਰ ਦਿੱਤਾ। ਬਹੁਤੇ ਸਿੱਖ ਨੇੜਲੇ ਜੰਗਲ ਵਲ ਖਿਸਕ ਗਏ ਪਰ ਲਗਭਗ 500 ਸਿੱਖਾਂ ਨੇ ਨਵੀਂ ਬਣੀ ਰਾਮ ਰੌਣੀ ਨਾਂ ਦੀ ਕੱਚੀ ਗੜ੍ਹੀ ਵਿਚ ਸ਼ਰਣ ਲੈ ਲਈ। ਮੁਗ਼ਲ ਸੈਨਾ ਨੇ ਚਾਰ ਮਹੀਨੇ ਘੇਰਾ ਪਾਈ ਰਖਿਆ, ਜਿਸ ਵਿਚ ਲਗਭਗ ਦੋ ਸੌ ਸਿੰਘ ਸ਼ਹੀਦ ਹੋ ਗਏ। ਬਾਕੀ ਬਚੇ ਅੰਦਰਲਿਆਂ ਸਿੰਘਾਂ ਨੇ ਸ. ਜੱਸਾ ਸਿੰਘ ਨੂੰ ਮਦਦ ਲਈ ਕਿਹਾ। ਜੱਸਾ ਸਿੰਘ ਨੇ ਅਦੀਨਾ ਬੇਗ ਦੀ ਨੌਕਰੀ ਛਡ ਕੇ ਦੀਵਾਨ ਕੌੜਾ ਮੱਲ ਰਾਹੀਂ ਗੜ੍ਹੀ ਦਾ ਘੇਰਾ ਹਟਵਾਇਆ ਅਤੇ ਪੰਥ ਤੋਂ ਮਾਫ਼ੀ ਮੰਗੀ। ਨਵੰਬਰ, 1753 ਈ. ਵਿਚ ਮੀਰ ਮੰਨੂ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਅਰਾਜਕਤਾ ਪਸਰ ਗਈ। ‘ਰਾਮ ਰੌਣੀ’ ਗੜ੍ਹੀ ਨੂੰ ਫਿਰ ਤੋਂ ਉਸਾਰਨ ਦਾ ਕੰਮ ਜੱਸਾ ਸਿੰਘ ਨੂੰ ਸੌਂਪਿਆ ਗਿਆ। ਇਸ ਨੇ ਗੜ੍ਹੀ ਦਾ ਨਿਰਮਾਣ ਕਰਾ ਕੇ ਉਸ ਦਾ ਨਾਂ ‘ਰਾਮਗੜ੍ਹ’ ਰਖਿਆ। ਉਸ ਦਿਨ ਤੋਂ ਇਸ ਨੂੰ ‘ਰਾਮਗੜ੍ਹੀਆ’ ਕਿਹਾ ਜਾਣ ਲਗਾ ।

PunjabKesari

ਜੱਸਾ ਸਿੰਘ ਰਾਮਗੜ੍ਹੀਆ ਨੇ ਪਹਿਲੀ ਲੜਾਈ 14 ਸਾਲ ਦੀ ਉਮਰ ਵਿਚ ਆਪਣੇ ਪਿਤਾ ਭਗਵਾਨ ਸਿੰਘ ਨਾਲ ਨਾਦਰ ਸ਼ਾਹ ਦੇ ਨਾਲ ਲੜੀ। ਇਸ ਲੜਾਈ ਵਿਚ 14 ਸਾਲਾ ਸ: ਜੱਸਾ ਸਿੰਘ ਰਾਮਗੜ੍ਹੀਏ ਨੇ ਯੁੱਧ ਕਲਾ ਦੇ ਉਹ ਜ਼ੋਹਰ ਦਿਖਾਏ, ਜਿਸਨੂੰ ਵੇਖ ਕੇ ਵੱਡੇ-ਵੱਡੇ ਜਰਨੈਲ ਹੈਰਾਨ ਰਹਿ ਗਏ ਪਰ ਇਸ ਲੜਾਈ ਵਿਚ ਉਨ੍ਹਾਂ ਦੇ ਪਿਤਾ ਸ: ਭਗਵਾਨ ਸਿੰਘ ਸ਼ਹੀਦ ਹੋ ਗਾਏ। ਗਿਆਨੀ ਭਗਵਾਨ ਸਿੰਘ ਦੀ ਕੁਰਬਾਨੀ ਤੇ ਜੱਸਾ ਸਿੰਘ ਦੀ ਬਹਾਦੁਰੀ ਤੋਂ ਖੁਸ਼ ਹੋ ਕੇ ਜਕਰੀਆ ਖਾਨ ਨੇ ਉਨ੍ਹਾਂ ਦੇ ਪੁਤਰ ਜੱਸਾ ਸਿੰਘ ਤੇ ਉਸਦੇ ਭਰਾਵਾਂ ਨੂੰ ਪੰਜ ਪਿੰਡ, ਵੱਲਾ, ਚੱਬਾ, ਤੁੰਗ, ਸੁਲਤਾਨਵਿੰਡ ਤੇ ਵੇਰਕਾ, ਜਗੀਰ ਵਜੋਂ ਦਿੱਤੇ।

ਤਰਨ ਤਾਰਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਵੇਲੇ ਸਰੋਵਰ ਦੀ ਪਰਕਰਮਾ ਨੂੰ ਪੱਕਾ ਕਰਨ ਲਈ ਇੱਟਾਂ ਤਿਆਰ ਕੀਤੀਆਂ ਗਈਆਂ ਸਨ ਪਰ ਇਨ੍ਹਾਂ ਇਟਾਂ ਨੂੰ ਨੂਰਦੀਨ ਦਾ ਪੁੱਤਰ ਅਮੀਰਦੀਨ ਜਬਰਦਸਤੀ ਚੁੱਕ ਕੇ ਲੈ ਗਿਆ ਤੇ ਨੂਰਦੀਨ ਦੀ ਸਰਾਂ ਬਣਵਾਈ। ਉਸ ਵਲੇ ਸਿੱਖਾਂ ਨੇ ਜਦ ਗੁਰੂ ਸਾਹਿਬ ਨੂੰ ਸ਼ਿਕਾਇਤ ਕੀਤੀ ਤਾਂ ਗੁਰੂ ਜੀ ਨੇ ਗੁਰਵਾਕ ਕੀਤਾ ਸੀ ਕਿ ਸਮਾਂ ਆਉਣ ’ਤੇ ਇਹ ਇੱਟਾਂ ਮੁੜਕੇ ਇਸ ਸਰੋਵਰ ’ਤੇ ਹੀ ਲਗਣਗੀਆਂ।

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਨੂਰਦੀਨ ਦੀ ਸਰਾਂ ਢੁਵਾ ਕੇ ਮੁੜ ਸਰੋਵਰ ਦੀ ਪਰਕਰਮਾਂ ਪੱਕੀ ਕਰਵਾ ਕੇ ਗੁਰਵਾਕ ਨੂੰ ਪੂਰਾ ਕੀਤਾ ਸੀ।ਏਸੇ ਤਰਾਂ ਆਪਨੇ ਗੁਰੂਦੁਆਰਾ ਸ੍ਰੀ ਬਾਬਾ ਅਟੱਲ ਸਾਹਿਬ ਦੀ ਉਸਾਰੀ ਸ਼ੁਰੂ ਕੀਤੀ, ਜਿਸਨੂੰ ਬਾਅਦ ਵਿਚ ਆਪ ਜੀ ਦੇ  ਸਪੁਤੱਰ ਬਾਬਾ ਜੋਧ ਸਿੰਘ ਜੀ ਨੇ ਪੂਰਾ ਕੀਤਾ। ਆਪਨੇ ਛੋਟਾ ਘੱਲੂਘਾਰਾ ਤੇ ਵੱਡਾ ਘੱਲੂਘਾਰਾ ਸਮੇ ਬਾਕੀ ਸਿੱਖ ਸਰਦਾਰਾਂ ਨਾਲ ਮਿਲਕੇ ਮੁਗਲਾਂ ਦੇ ਉਹ ਦੰਦ ਖੱਟੇ ਕੀਤੇ ਕਿ ਉਹ ਕਈ ਪੁਸ਼ਤਾਂ ਤਕ ਯਾਦ ਕਰਦੇ ਰਹੇ ਤੇ ਮੁੜ ਪੰਜਾਬ ਵੱਲ ਮੁੰਹ ਨਹੀਂ ਕੀਤਾ। ਆਪ ਜੀ ਦੀ  ਬਹਾਦਰੀ ਦੇ ਕਿਸੇ ਤਾਂ ਦੁਸ਼ਮਨ ਵੀ ਆਪਣੇ ਇਤਹਾਸ ਵਿਚ ਲਿਖਣਾ ਨਹੀਂ ਭੁੱਲੇ। ਮੁਹਸਿਨ ਫਾਨੀ ਨੇ ਆਪਣੀ ਪੁਸਤਕਜੰਗ ਨਾਮੇ ਵਿਚ ਲਿਖਿਆ ਹੈ ,” ਉਹ (ਸ. ਜੱਸਾ ਸਿੰਘ ਕਲਾਲ) ਦੇ ਨਾਲ ਇਕ ਸ. ਜੱਸਾ ਸਿੰਘ ਠੋਕਾ (ਤਰਖਾਣ) ਵੀ ਸੀ ਜੋ ਉਨ੍ਹਾਂ ਕੁੱਤਿਆਂ (ਸਿੱਖਾਂ) ਦੇ ਵਿਚਕਾਰ ਬਿਫਰੇ ਹੋਏ ਸ਼ੇਰ ਵਾਂਗ ਸੀ।

PunjabKesari

1783 ਨੂੰ ਸਿੱਖ ਫੋਜਾਂ ਨੇ ਦਿੱਲੀ ਤੇ ਹਮਲਾ ਕਰ ਦਿੱਤਾ, ਇਕ ਪਾਸਿਉਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਆਪਣੀਆਂ ਫੌਜਾਂ ਨਾਲ ਤੇ ਦੂਸਰੇ ਪਾਸੇ ਤੋਂ ਸ: ਜੱਸਾ ਸਿੰਘ ਆਹਲੂਵਾਲੀਆ ਤੇ ਸ: ਬਘੇਲ ਸਿੰਘ ਵੀ ਆਪਣੀਆਂ ਫੋਜਾਂ ਸਮੇਤ ਪਹੁੰਚ ਗਏ। ਸਾਰੀਆਂ ਸਿੱਖ ਫੌਜਾਂ 11 ਮਾਰਚ, 1783 ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿਚ ਦਾਖਲ ਹੋ ਕੇ ਕਿਲ੍ਹੇ ’ਤੇ ਕਬਜ਼ਾ ਕਰ ਲਿਆ ਅਤੇ ਇਸ ਉਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਸਿੱਖਾਂ ਦੀਆਂ ਜਿੱਤਾਂ ਦੇ ਝੰਡੇ ਗੱਡ ਦਿੱਤੇ।
ਇਸ ਲਈ ਉਸ ਨੇ ਸਿੱਖਾਂ ਦਾ ਸੁਆਗਤ ਕੀਤਾ ਅਤੇ ਕੀਮਤੀ ਤੋਹਫ਼ੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਦਿੱਤੇ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਮੁਗਲ ਸਾਮਰਾਜ ਦਾ ਤਖਤ ਪੁੱਟ ਕੇ ਗੁਰੂ ਰਾਮ ਦਾਸ ਜੀ ਦੇ ਸਥਾਨ 'ਤੇ ਸ੍ਰੀ ਅੰਮ੍ਰਿਤਸਰ ਵਿਖੇ ਲਿਆ ਕੇ ਰੱਖ ਦਿੱਤਾ ਸੀ ।

ਦਿੱਲੀ ਦੇ ਆਸ-ਪਾਸ ਦੇ ਮੁਸਲਮਾਨ ਨਵਾਬ ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਰਨ ਵਿਚ ਆਏ। ਮੇਰਠ ਦੇ ਨਵਾਬ ਨੇ ਜੱਸਾ ਸਿੰਘ ਨੂੰ 10,000 ਰੁਪਏ ਨਜ਼ਰਾਨੇ ਵਿਚ ਦਿੱਤੇ, ਜਿਸ ਦੇ ਇਵਜ਼ ਵਿਚ ਜੱਸਾ ਸਿੰਘ ਨੇ ਉਸ ਦੇ ਇਲਾਕੇ ਉਸ ਨੂੰ ਵਾਪਸ ਦੇ ਦਿੱਤੇ। 1783 ਵਿਚ ਜੱਸਾ ਸਿੰਘ ਆਹਲੂਵਾਲੀਆ ਦੀ ਮੌਤ ਹੋ ਗਈ। ਜੱਸਾ ਸਿੰਘ ਰਾਮਗੜ੍ਹੀਆ ਪੰਜਾਬ ਵਾਪਸ ਆ ਗਿਆ ਅਤੇ ਆਪਣੇ ਖੁਸੇ ਹੋਏ ਇਲਾਕਿਆਂ 'ਤੇ ਦੋਬਾਰਾ ਕਬਜ਼ਾ ਕਰ ਲਿਆ। ਹੁਣ ਜੱਸਾ ਸਿੰਘ ਰਾਮਗੜ੍ਹੀਆ ਨੇ ਸ਼ੁਕਰਚਕੀਆ ਮਿਸਲ ਵੱਲ ਦੋਸਤੀ ਦਾ ਹੱਥ ਵਧਾਇਆ ਤੇ ਦੋਹਾਂ ਨੇ ਮਿਲ ਕੇ ਕਨ੍ਹਈਆ ਮਿਸਲ ਦੀ ਤਾਕਤ ਦਾ ਖ਼ਾਤਮਾ ਕਰ ਦਿੱਤਾ। ਰਾਮਗੜ੍ਹੀਆ ਕੋਲ ਆਪਣੀ ਚੜ੍ਹਤ ਦੇ ਦਿਨਾ ਵਿਚ ਬਾਰੀ ਦੋਆਬ ਵਿਚ ਬਟਾਲਾ, ਕਲਾਨੌਰ, ਦੀਨਾਨਗਰ, ਸ੍ਰੀ ਹਰਗੋਬਿੰਦਪੁਰ, ਸ਼ਾਹਪੁਰ ਕੰਡੀ, ਗੁਰਦਾਸਪੁਰ, ਕਾਦੀਆਂ, ਘੁਮਾਨ, ਮੱਤੇਵਾਲ, ਅਤੇ ਜਲੰਧਰ ਵਿਚ ਉੜਮੁੜ ਟਾਂਡਾ, ਮਿਆਣੀ, ਗੜ੍ਹਦੀਵਾਲ ਅਤੇ ਜ਼ਹੂਰਾ ਸਨ। ਪਹਾੜੀ ਇਲਾਕਿਆਂ ਵਿਚ ਇਸ ਮਿਸਲ ਕੋਲ ਕਾਂਗੜਾ, ਨੂਰਪੁਰ, ਮੰਡੀ ਸਨ ਅਤੇ ਚੰਬਾ ਦਾ ਹਿੰਦੂ ਰਾਜ ਉਸ ਨੂੰ ਨਜ਼ਰਾਨਾ ਪੇਸ਼ ਕਰਦਾ ਸੀ। 80 ਸਾਲ ਦੀ ਉਮਰ ਵਿਚ ਜੱਸਾ ਸਿੰਘ ਰਾਮਗੜ੍ਹੀਆ ਦਾ 1803 ਵਿਚ ਦੇਹਾਂਤ ਹੋ ਗਿਆ।

PunjabKesari

ਡਾਕਟਰ ਭੁਪਿੰਦਰ ਸਿੰਘ

ਨਿਊ ਅੰਮ੍ਰਿਤਸਰ

9814353428


rajwinder kaur

Content Editor

Related News