ਜੱਸਾ ਹੱਤਿਆ ਕਾਂਡ: 32 ਬੋਰ, 315 ਬੋਰ ਦਾ ਦੇਸੀ ਕੱਟਾ ਤੇ 10 ਜ਼ਿੰਦਾ ਰੌਂਦ ਬਰਾਮਦ
Sunday, Mar 17, 2019 - 02:30 PM (IST)
ਜਲੰਧਰ (ਸੁਧੀਰ) - ਸਥਾਨਕ ਸੰਗਤ ਸਿੰਘ ਨਗਰ ਵਿਚ ਹੋਏ ਜੱਸਾ ਹੱਤਿਆ ਕਾਂਡ 'ਚ ਫੜੇ ਗਏ ਮੁਲਜ਼ਮਾਂ ਕੋਲੋਂ ਪੁਲਸ ਨੇ ਇਕ 32 ਬੋਰ ਦੀ ਨਾਜਾਇਜ਼ ਪਿਸਤੌਲ, 5 ਜ਼ਿੰਦਾ ਰੌਂਦ, ਇਕ ਦੇਸੀ ਕੱਟਾ ਤੇ 5 ਹੋਰ ਰੌਂਦ ਬਰਾਮਦ ਕੀਤੇ ਹਨ। ਇਸ ਸਬੰਧੀ ਡੀ. ਸੀ. ਪੀ. ਗੁਰਮੀਤ ਸਿੰਘ ਤੇ ਏ. ਡੀ. ਸੀ. ਪੀ.-1 ਡੀ. ਸੂਡਰਵਿਜੀ ਨੇ ਦੱਸਿਆ ਕਿ ਪੁਲਸ ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਫੜੇ ਗਏ ਮੁਲਜ਼ਮਾਂ ਨੇ ਬਿਹਾਰ ਤੋਂ 1 ਨਹੀਂ ਸਗੋਂ 3 ਨਾਜਾਇਜ਼ ਹਥਿਆਰ ਖਰੀਦੇ ਸਨ, ਜਿਸ ਵਿਚੋਂ ਇਕ ਤੋਂ ਉਨ੍ਹਾਂ ਨੇ ਜੱਸਾ 'ਤੇ ਫਾਇਰਿੰਗ ਕਰ ਕੇ ਉਸ ਦੀ ਹੱਤਿਆ ਕੀਤੀ ਸੀ। ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਨਾਲ ਹੀ ਪੁਲਸ ਨੇ ਵਾਰਦਾਤ ਵਿਚ ਇਸਤੇਮਾਲ ਕੀਤਾ ਗਿਆ ਹਥਿਆਰ ਬਰਾਮਦ ਕਰ ਲਿਆ ਸੀ, ਜਿਸ ਤੋਂ ਬਾਅਦ ਪੁਲਸ ਨੇ ਦੋਵਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।
ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਅਜੇ ਮਸੀਹ ਉਰਫ ਕਾਲੂ ਤੇ ਉਸ ਦੇ ਭਰਾ ਵਿਜੇ ਮਸੀਹ ਨੇ ਦੱਸਿਆ ਕਿ ਉਨ੍ਹਾਂ ਨੇ ਨਵੰਬਰ ਮਹੀਨੇ ਵਿਚ ਬਿਹਾਰ ਤੋਂ 3 ਨਾਜਾਇਜ਼ ਹਥਿਆਰ ਖਰੀਦੇ ਸਨ, ਜਿਸ ਵਿਚੋਂ ਉਨ੍ਹਾਂ ਨੇ ਇਕ ਜੱਸਾ ਦੀ ਹੱਤਿਆ ਲਈ ਇਸਤੇਮਾਲ ਕੀਤਾ ਸੀ, ਜਦਕਿ 2 ਹੋਰ ਨਾਜਾਇਜ਼ ਹਥਿਆਰ ਤੇ 10 ਜ਼ਿੰਦਾ ਕਾਰਤੂਸ ਪੁਲਸ ਨੇ ਉਨ੍ਹਾਂ ਦੇ ਘਰ 'ਚੋਂ ਬਰਾਮਦ ਕੀਤੇ। ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੇ ਮੁਲਜ਼ਮਾਂ ਦੇ ਖਿਲਾਫ ਇਕ ਹੋਰ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਦਾ ਪੁਲਸ ਰਿਮਾਂਡ ਖਤਮ ਹੋਣ ਦੇ ਬਾਅਦ ਉਨ੍ਹਾਂ ਨੂੰ ਇਸ ਮਾਮਲੇ ਵਿਚ ਵੀ ਗ੍ਰਿਫਤਾਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਥਾਨਕ ਸੰਗਤ ਸਿੰਘ ਨਗਰ 'ਚ ਆਪਣੇ ਭਰਾ ਦੇ ਨਾਲ ਆ ਰਹੇ ਜੱਸਾ ਨਾਂ ਦੇ ਨੌਜਵਾਨ ਦੀ ਉਸ ਦੇ ਜਿਗਰੀ ਦੋਸਤ ਅਤੇ ਉਸ ਦੇ ਭਰਾ ਨੇ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ, ਜਿਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਜੱਸਾ ਦੇ ਭਰਾ ਦੇ ਬਿਆਨਾਂ 'ਤੇ ਕਰੀਬ 9 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਵਾਰਦਾਤ ਵਿਚ ਇਸਤੇਮਾਲ ਕੀਤਾ ਗਿਆ ਨਾਜਾਇਜ਼ ਹਥਿਆਰ ਬਰਾਮਦ ਕਰ ਲਿਆ ਸੀ, ਜਦਕਿ ਹੋਰ ਕਿਸੇ ਵੀ ਮੁਲਜ਼ਮ ਨੂੰ ਪੁਲਸ ਨੇ ਗ੍ਰਿਫਤਾਰ ਨਹੀਂ ਕੀਤਾ ਸੀ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਇਸ ਮਾਮਲੇ ਵਿਚ ਹੋਰ ਲੋਕਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।