ਕਿਸਾਨਾਂ ਦੇ 'ਚੱਕਾ ਜਾਮ' 'ਚ ਪਹੁੰਚੇ ਗਾਇਕ ਜੱਸ ਬਾਜਵਾ, ਪਸੰਦ ਆਇਆ ਕੈਪਟਨ ਦਾ 'ਦਿੱਲੀ ਐਕਸ਼ਨ'

Friday, Nov 06, 2020 - 09:12 AM (IST)

ਕਿਸਾਨਾਂ ਦੇ 'ਚੱਕਾ ਜਾਮ' 'ਚ ਪਹੁੰਚੇ ਗਾਇਕ ਜੱਸ ਬਾਜਵਾ, ਪਸੰਦ ਆਇਆ ਕੈਪਟਨ ਦਾ 'ਦਿੱਲੀ ਐਕਸ਼ਨ'

ਜਲੰਧਰ (ਬਿਊਰੋ) : ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੇ ਖੇਤੀਬਾੜੀ ਬਿੱਲ ਰੱਦ ਕਰਵਾਉਣ ਲਈ ਬੀਤੇ ਦਿਨੀਂ ਸੂਬੇ ਭਰ 'ਚ 'ਚੱਕਾ ਜਾਮ' ਕਰ ਦਿੱਤਾ ਗਿਆ। ਇਸ ਦੌਰਾਨ ਸਮਰਾਲਾ 'ਚ ਲਗਾਏ ਗਏ ਧਰਨੇ 'ਚ ਪੰਜਾਬੀ ਕਲਾਕਾਰ ਜੱਸ ਬਾਜਵਾ ਸ਼ਾਮਲ ਹੋਏ। ਜੱਸ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਐੱਮ. ਐੱਲ. ਏ. ਨੂੰ ਨਾਲ ਲੈ ਕੇ ਯੰਤਰ ਮੰਤਰ 'ਤੇ ਬੈਠੇ ਹਨ, ਜੋ ਬਹੁਤ ਵਧੀਆ ਗੱਲ ਹੈ। ਬਾਜਵਾ ਨੇ ਕਿਹਾ ਕਿ ਉਹ ਮੀਡੀਆ ਰਾਹੀਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਯੰਤਰ ਮੰਤਰ ਅੱਗੇ ਪੱਕੇ ਧਰਨੇ 'ਤੇ ਬੈਠਣ ਅਤੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਨ ਕਿ ਉਥੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨਾਂ ਨੂੰ ਨਾਲ ਲੈ ਕੇ ਦਿੱਲੀ ਬੈਠਣ, ਜਿਸ ਨਾਲ ਮੋਦੀ ਸਰਕਾਰ ਦੇ ਨੱਕ 'ਚ ਦਮ ਹੋ ਜਾਵੇ। ਉਨ੍ਹਾਂ ਕਿਹਾ ਕਿ ਸੰਘਰਸ਼ ਹੋਰ ਤਿੱਖਾ ਕਰਨਾ ਪਵੇਗਾ। ਉਧਰ ਕਿਸਾਨਾਂ ਨੇ ਕੇਂਦਰ ਸਰਕਾਰ 'ਤੇ ਹੱਲਾ ਬੋਲਦੇ ਹੋਏ ਕਿਹਾ ਕਿ ਕੇਂਦਰ ਕਿਸਾਨ ਅੰਦੋਲਨ ਦੀ ਅਹਿਮੀਅਤ ਨੂੰ ਸਮਝਦੇ ਹੋਏ ਖੇਤੀ ਬਿੱਲ ਵਾਪਸ ਲਏ ਜਾਣ ਦਾ ਫ਼ੈਸਲਾ ਲਵੇ।

PunjabKesari

ਦੱਸ ਦਈਏ ਕਿ ਕਿਸਾਨ ਜੱਥੇਬੰਦੀਆਂ ਦੇ ਭਾਰਤ ਬੰਦ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬਲਾਕ ਕੋਟਕਪੂਰਾ ਦੇ ਪ੍ਰਧਾਨ ਸੁਖਮੰਦਰ ਸਿੰਘ ਢਿੱਲਵਾਂ ਕਲਾਂ ਦੀ ਅਗਵਾਈ ਹੇਠ ਸਥਾਨਕ ਬਾਜਾਖਾਨਾ ਰੋਡ 'ਤੇ ਕੋਠੇ ਗੱਜਣ ਸਿੰਘ ਵਿਖੇ 'ਚੱਕਾ ਜਾਮ' ਕੀਤਾ ਗਿਆ, ਜਿਸ 'ਚ ਪ੍ਰਸਿੱਧ ਫ਼ਿਲਮੀ ਕਲਾਕਾਰ ਯੋਗਰਾਜ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਧਰਨੇ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਐਡਵੋਕੇਟ ਵਿਨੋਦ ਮੈਨੀ, ਯੁੱਧਵੀਰ ਸੰਧੂ ਤੇ ਰਾਜ ਥਾਪਰ ਦੀ ਮੌਜੂਦਗੀ ਵਿਚ ਉਹ ਸਥਾਨਕ ਮੋਗਾ ਰੋਡ 'ਤੇ ਸਥਿਤ ਸਾਗਰ ਢਾਬਾ ਵਿਖੇ ਪ੍ਰੈਸ ਕਾਂਨਫਰੰਸ ਵਿਚ ਵੀ ਸ਼ਾਮਲ ਹੋਏ।

PunjabKesari
ਬਾਜਾਖਾਨਾ ਰੋਡ 'ਤੇ ਕਿਸਾਨਾਂ ਦੇ ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਯੋਗਰਾਜ ਸਿੰਘ ਨੇ ਕਿਹਾ ਕਿ ਹੱਕਾਂ ਦੀ ਪ੍ਰਾਪਤੀ ਲਈ ਸਾਨੂੰ ਆਪਣੇ ਵੋਟ ਦੀ ਕੀਮਤ ਦਾ ਮੁੱਲ ਸਮਝਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਪਰੰਪਰਾਗਤ ਰਾਜਨੀਤਿਕ ਪਾਰਟੀਆਂ ਦਾ ਖਹਿੜਾ ਛੱਡ ਕੇ ਕੋਈ ਨਵਾਂ ਬਦਲ ਲੱਭਣਾ ਪਵੇਗਾ, ਜੋ ਕਿ ਸਾਡੇ ਹੱਕਾਂ ਦੀ ਰਾਖੀ ਕਰ ਸਕੇ। ਉਨ੍ਹਾਂ ਕਿਹਾ ਕਿ ਪ੍ਰਜਾ ਤੋਂ ਬਿਨਾਂ ਰਾਜਾ ਵੀ ਕਿਸੇ ਕੰਮ ਦਾ ਨਹੀਂ ਅਤੇ ਜੋ ਰਾਜੇ ਪ੍ਰਜਾ ਦਾ ਦੁੱਖ-ਸੁੱਖ ਨਹੀਂ ਸਮਝਦੇ ਰਾਜ ਭਾਗ ਵੀ ਉਨ੍ਹਾਂ ਕੋਲ ਨਹੀਂ ਰਹਿੰਦਾ। ਲੰਮੇਂ ਹੋ ਰਹੇ ਕਿਸਾਨੀ ਸੰਘਰਸ਼ ਸਬੰਧੀ ਉਨ੍ਹਾਂ ਕਿਹਾ ਕਿ ਸਾਨੂੰ ਘਬਰਾਉਣ ਦੀ ਲੋੜ ਨਹੀਂ ਸਗੋਂ ਕਿਸਾਨਾਂ, ਮਜਦੂਰਾਂ, ਵਪਾਰੀਆਂ ਅਤੇ ਸਮਾਜ ਦੇ ਹਰ ਵਰਗ ਨੂੰ ਇੱਕ ਜੁੱਟ ਹੋ ਕੇ ਹੁਕਮਰਾਨਾਂ ਖਿਲਾਫ ਲੜਾਈ ਕਰਨੀ ਪਵੇਗੀ।
 


author

sunita

Content Editor

Related News