'ਜਨਤਾ ਦੀ ਸੱਥ' 'ਚ ਵਿਧਾਇਕ ਦਲਵੀਰ ਗੋਲਡੀ ਨਾਲ ਪੰਜਾਬ ਦੇ ਭੱਖਦੇ ਮੁੱਦਿਆਂ 'ਤੇ ਖਾਸ ਗੱਲਬਾਤ

Saturday, Aug 03, 2019 - 12:48 PM (IST)

'ਜਨਤਾ ਦੀ ਸੱਥ' 'ਚ ਵਿਧਾਇਕ ਦਲਵੀਰ ਗੋਲਡੀ ਨਾਲ ਪੰਜਾਬ ਦੇ ਭੱਖਦੇ ਮੁੱਦਿਆਂ 'ਤੇ ਖਾਸ ਗੱਲਬਾਤ

ਸੰਗਰੂਰ : 'ਜਗ ਬਾਣੀ' ਟੀ. ਵੀ. ਵੱਲੋਂ ਆਪਣੇ ਸ਼ੋਅ 'ਜਨਤਾ ਦੀ ਸੱਥ ਵਿਚ' ਧੂਰੀ ਤੋਂ ਕਾਂਗਰਸ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਨਾਲ ਵਿਸਥਾਰਤ ਗੱਲਬਾਤ ਕੀਤੀ ਗਈ। ਇਸ ਦੌਰਾਨ ਜਨਤਾ ਵਿਚਕਾਰ ਬੈਠੇ ਦਲਵੀਰ ਸਿੰਘ ਗੋਲਡੀ ਤੋਂ 'ਜਗਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਪੰਜਾਬ ਦੇ ਭੱਖਦੇ ਮੁੱਦਿਆਂ ਦੇ ਨਾਲ-ਨਾਲ ਪਿੰਡ ਦੇ ਵਿਕਾਸ ਸਬੰਧੀ ਕਈ ਸਮੱਸਿਆਵਾਂ 'ਤੇ ਜਵਾਬਦੇਹੀ ਮੰਗੀ ਗਈ। 

ਇਸ ਦੌਰਾਨ ਵਿਧਾਇਕ ਗੋਲਡੀ ਨੇ ਸੀ.ਬੀ.ਆਈ. ਵੱਲੋਂ ਬੇਅਦਬੀ ਮਾਮਲੇ ਨੂੰ ਬੰਦ ਕਰਨ ਨੂੰ ਲੈ ਕੇ ਕਿਹਾ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ, ਉਨ੍ਹਾਂ ਨੂੰ ਕਦੇ ਚੈਨ ਦੀ ਨਹੀਂ ਆਏਗੀ। ਉਨ੍ਹਾਂ ਨੂੰ ਕਾਨੂੰਨ ਸਜ਼ਾ ਜ਼ਰੂਰ ਦਿਵਾਏਗਾ। ਉਥੇ ਹੀ ਮਾਨ ਵੱਲੋਂ ਅਕਾਲੀਆਂ ਅਤੇ ਕਾਂਗਰਸੀਆਂ ਵਿਚ ਮੈਚ ਫਿਕਸਿੰਗ ਵਾਲੇ ਦਿੱਤੇ ਬਿਆਨ 'ਤੇ ਗੋਲਡੀ ਨੇ ਕਿਹਾ ਕਿ ਵਿਰੋਧੀਆਂ ਦਾ ਕੰਮ ਤਾਂ ਬੋਲਣਾ ਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਵਾਲੇ ਕਹਿੰਦੇ ਸਨ ਕਿ 'ਆਪ' ਅਤੇ ਕਾਂਗਰਸ ਮਿਲੇ ਹੋਏ ਹਨ ਅਤੇ ਅੱਜ ਮਾਨ ਇਹ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਇੰਨੇ ਮਜ਼ਬੂਤ ਸਨ ਤਾਂ 'ਆਪ' ਦੇ ਪੰਜਾਬ ਵਿਚ ਕੀ ਹਾਲਾਤ ਹੋਏ ਪਏ ਹਨ ਇਹ ਤਾਂ ਸਭ ਜਾਣਦੇ ਹਨ। ਉਨ੍ਹਾਂ ਕਿਹਾ ਕਿ 'ਆਪ' ਵਿਚ ਸ਼ਾਮਲ ਸਭ ਆਗੂਆਂ ਨੇ ਵੱਖੋ-ਵੱਖਰੇ ਰਾਹ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਧੂਰੀ ਵਿਚ ਖੜ੍ਹੀ ਕਣਕ ਨੂੰ ਅੱਗ ਲੱਗ ਗਈ ਸੀ, ਉਦੋਂ ਉਨ੍ਹਾਂ ਨੇ ਖੁਦ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਕਣਕ ਇਕੱਠੀ ਕੀਤੀ ਅਤੇ ਜਿਨ੍ਹਾਂ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਸੀ ਉਨ੍ਹਾਂ ਨੂੰ ਕਣਕ ਦਿੱਤੀ ਫਿਰ ਵੋਟਾਂ ਦੌਰਾਨ ਇਕ ਵੀਡੀਓ ਵਾਇਰਲ ਹੋਈ ਸੀ ਕਿ ਭਗਵੰਤ ਮਾਨ ਅੱਗ ਬੁਝਾ ਰਹੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਧੁਰੀ ਵਿਚ ਬੀਤੇ ਦਿਨੀਂ ਬੱਚੀ ਨਾਲ ਦਰਿੰਦਗੀ ਹੋਈ ਅਤੇ ਇਕ ਬੱਚਾ ਬੋਰਵੈਲ ਵਿਚ ਡਿੱਗਾ ਸੀ ਫਿਰ ਉਦੋਂ ਮਾਨ ਕਿੱਥੇ ਗਏ ਸਨ। ਉਨ੍ਹਾਂ ਕਿਹਾ ਕਿ ਮਾਨ ਸਾਬ੍ਹ ਆਉਂਦੇ ਤਾਂ ਹਨ ਪਰ ਵੋਟਾਂ ਲੈਣ ਲਈ ਹੀ ਆਉਂਦੇ ਹਨ। ਇਸ ਦੌਰਾਲ ਸਿੱਧੂ ਦੇ ਮੁੱਦੇ 'ਤੇ ਬੋਲਦੇ ਹੋਏ ਗੋਲਡੀ ਨੇ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਅਤੇ ਉਨ੍ਹਾਂ ਮੁਤਾਬਕ ਇਹ ਜਲਦੀ ਹੀ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਇਕ ਚੰਗੇ ਲੀਡਰ ਹਨ।

ਕੈਪਟਨ ਵੱਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਸੂਬੇ ਵਿਚੋਂ ਨਸ਼ਾ ਖਤਮ ਕਰਨ ਦੀ ਖਾਦੀ ਸਹੁੰ ਦੇ ਬਾਵਜੂਦ ਸੂਬੇ ਵਿਚ ਨਸ਼ੇ ਦੀ ਹੋ ਰਹੀ ਹੋਮ ਡਿਲੀਵਰੀ 'ਤੇ ਬੋਲਦੇ ਹੋਏ ਗੋਲਡੀ ਨੇ ਕਿਹਾ ਕਿ ਕਿਸੇ 'ਤੇ ਉਂਗਲ ਚੁੱਕਣੀ ਸੌਖੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਪਏਗਾ। ਉਨ੍ਹਾਂ ਕਿਹਾ ਉਹ ਜਦੋਂ ਵੀ ਕਿਸੇ ਪਿੰਡ ਵਿਚ ਜਾਂਦੇ ਹਨ ਤਾਂ ਉਹ ਪਿੰਡ ਵਾਸੀਆਂ ਨੂੰ ਕਹਿੰਦੇ ਹਨ ਕਿ ਜੇਕਰ ਉਨ੍ਹਾਂ ਕੋਲ ਕਿਤੇ ਨਸ਼ਾ ਵਿਕਣ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਬਿਨ੍ਹਾਂ ਕਿਸੇ ਡਰ ਦੇ ਉਨ੍ਹਾਂ ਨੂੰ ਦੱਸਣ ਫਿਰ ਉਹ ਖੁਦ ਉਨ੍ਹਾਂ ਨੂੰ ਥਾਣੇ ਵਿਚ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਵਿਚ ਸਾਥ ਦੇਣ ਦੀ ਜ਼ਰੂਰਤ ਹੈ।

ਬੇਰੁਜ਼ਗਾਰੀ ਦੇ ਮੁੱਦੇ 'ਤੇ ਵਿਧਾਇਕ ਗੋਲਡੀ ਨੇ ਕਿਹਾ ਕਿ ਇਹ ਸੱਚ ਵਿਚ ਬਹੁਤ ਵੱਡੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਸਮੱਸਿਆ ਨੂੰ ਹੱਲ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੀ.ਐਮ. ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਇਕ ਮੀਟਿੰਗ ਕੀਤੀ ਗਈ ਸੀ, ਜਿਸ ਵਿਚ ਹਰ ਇਕ ਡਿਪਾਰਟਮੈਂਟ ਤੋਂ ਡਾਟਾ ਮੰਗਵਾਇਆ ਹੈ ਕਿ ਜਿਸ ਵੀ ਵਿਭਾਗ ਵਿਚ ਖਾਲ੍ਹੀ ਆਸਾਮੀਆਂ ਪਈਆਂ ਹਨ ਉਨ੍ਹਾਂ ਬਾਰੇ ਜਲਦ ਤੋਂ ਜਲਦ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਲਦੀ ਹੀ ਇਹ ਸਮੱਸਿਆ ਹੱਲ ਹੋ ਜਾਵੇਗੀ।


author

cherry

Content Editor

Related News