ਸਰਹੱਦੀ ਪਿੰਡਾਂ 'ਤੇ ਸੰਘਣੇ ਹੋ ਰਹੇ ਨੇ ਸੰਕਟ ਦੇ ਬੱਦਲ

Saturday, Mar 02, 2019 - 12:51 PM (IST)

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਜੰਮੂ-ਕਸ਼ਮੀਰ ਅਤੇ ਪੰਜਾਬ ਨਾਲ ਸਬੰਧਤ ਸੈਂਕੜੇ ਪਿੰਡ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਕੰਢੇ ਸਥਿਤ ਹਨ। ਦੇਸ਼ ਦੀ ਵੰਡ ਵੇਲੇ ਤੋਂ ਹੀ ਇਨ੍ਹਾਂ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵਾਰ-ਵਾਰ ਇਨ੍ਹਾਂ ਲਈ ਸੰਕਟ ਵਾਲੀ ਸਥਿਤੀ ਬਣ ਜਾਂਦੀ ਹੈ। ਪਿਛਲੇ ਕੁਝ ਦਿਨਾਂ ਤੋਂ ਇਨ੍ਹਾਂ ਪਿੰਡਾਂ 'ਤੇ ਸੰਕਟ ਦੇ ਬੱਦਲ ਫਿਰ ਸੰਘਣੇ ਹੁੰਦੇ ਜਾਪਦੇ ਹਨ। ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ ਲਈ ਤਾਂ ਨਿੱਤ-ਦਿਨ ਖ਼ਤਰਿਆਂ ਨਾਲ ਖੇਡਣ ਵਾਲੀ ਗੱਲ ਬਣ ਗਈ ਹੈ। 

ਪਾਕਿਸਤਾਨੀ ਸੈਨਿਕਾਂ ਵਲੋਂ ਵਾਰ-ਵਾਰ ਕੀਤੀ ਜਾਂਦੀ ਫਾਇਰਿੰਗ ਦਾ ਨਿਸ਼ਾਨਾ ਜਾਂ ਤਾਂ ਮੂਹਰਲੀਆਂ ਸੁਰੱਖਿਆ ਚੌਕੀਆਂ ਦੇ ਜਵਾਨ ਬਣਦੇ ਹਨ ਜਾਂ ਫਿਰ ਸਰਹੱਦੀ ਪੱਟੀ 'ਚ ਸਥਿਤ ਪਿੰਡਾਂ ਦੇ ਲੋਕ। ਆਰ. ਐੱਸ. ਪੁਰਾ ਸੈਕਟਰ ਅਤੇ ਖਾਸ ਕਰ ਕੇ ਅਰਨੀਆ ਖੇਤਰ ਦੇ ਲੋਕਾਂ ਨੇ ਗੋਲੀਬਾਰੀ ਕਾਰਨ ਬਹੁਤ ਨੁਕਸਾਨ ਸਹਿਣ ਕੀਤਾ ਹੈ। ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ ਅਤੇ ਅਨੇਕਾਂ ਦੇ ਘਰ-ਮਕਾਨ ਤਬਾਹ ਹੋ ਗਏ।

ਕਈ ਵਾਰ ਖ਼ਤਰਾ ਇੰਨਾ ਜ਼ਿਆਦਾ ਵਧ ਜਾਂਦਾ ਹੈ ਕਿ ਲੋਕਾਂ ਨੂੰ ਆਪਣੇ ਘਰ-ਘਾਟ ਛੱਡ ਕੇ ਦੌੜਨਾ ਪੈਂਦਾ ਹੈ। ਇਸ ਨਾਲ ਉਨ੍ਹਾਂ ਦੇ ਕੰਮ-ਕਾਰ ਵੀ ਪ੍ਰਭਾਵਿਤ ਹੁੰਦੇ ਹਨ ਅਤੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਵੀ ਹੁੰਦਾ ਹੈ। ਤਰਸਯੋਗ ਹਾਲਤ ਵਿਚ ਗੁਜ਼ਾਰਾ ਕਰ ਰਹੇ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਦਰਦ ਵੰਡਾਉਣ ਲਈ ਪੰਜਾਬ ਕੇਸਰੀ ਪੱਤਰ-ਸਮੂਹ ਵਲੋਂ ਪਿਛਲੇ ਦਿਨੀਂ 498ਵੇਂ ਟਰੱਕ ਦੀ ਰਾਹਤ ਸਮੱਗਰੀ ਅਰਨੀਆ ਵਿਚ ਵੰਡੀ ਗਈ ਸੀ। ਇਹ ਸਮੱਗਰੀ ਅੰਮ੍ਰਿਤਸਰ ਤੋਂ ਸ਼੍ਰੀ ਮਦਨ ਲਾਲ ਮਲਹੋਤਰਾ, ਸ਼੍ਰੀਮਤੀ ਵਿਜੇ ਰਾਣੀ ਮਲਹੋਤਰਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਯਤਨ ਸਦਕਾ ਭਿਜਵਾਈ ਗਈ ਸੀ।

ਅਰਨੀਆ ਵਿਚ ਵੱਖ-ਵੱਖ ਪਿੰਡਾਂ ਤੋਂ ਇਕੱਠੇ ਹੋਏ 250 ਦੇ ਕਰੀਬ ਪ੍ਰਭਾਵਿਤ ਪਰਿਵਾਰਾਂ ਨੂੰ ਆਟਾ, ਚਾਵਲ ਅਤੇ ਕੰਬਲ ਵੰਡੇ ਗਏ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਸਮਾਜ ਸੇਵੀ ਬਸੰਤ ਸਿੰਘ ਸੈਣੀ ਨੇ ਕਿਹਾ ਕਿ ਪਾਕਿਸਤਾਨ ਦੀਆਂ ਹਰਕਤਾਂ ਕਾਰਨ ਇਸ ਇਲਾਕੇ ਦੇ ਕੰਮ-ਧੰਦੇ ਅਤੇ ਕਾਰੋਬਾਰ ਤਬਾਹ ਹੋ ਗਏ ਹਨ। ਕਿਸਾਨ ਆਪਣੇ ਖੇਤਾਂ 'ਚ ਕੰਮ ਕਰਨ ਤੋਂ ਵੀ ਡਰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਖੇਤੀਬਾੜੀ ਨੂੰ ਭਾਰੀ ਸੱਟ ਵੱਜੀ ਹੈ। 
ਸ. ਸੈਣੀ ਨੇ ਕਿਹਾ ਕਿ ਗੋਲੀਬਾਰੀ ਕਾਰਨ ਲੋਕਾਂ ਦੀਆਂ ਜਾਇਦਾਦਾਂ ਅਤੇ ਘਰਾਂ-ਮਕਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ, ਜਿਸ ਦੀ ਪੂਰਤੀ ਲਈ ਸਰਕਾਰ ਵਲੋਂ ਇਕ ਪੈਸਾ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਹੱਦੀ ਪੱਟੀ ਦੇ ਲੋਕ ਅਜਿਹੀ ਸਥਿਤੀ 'ਚ ਫਸ ਗਏ ਹਨ, ਜਿਸ ਵਿਚ ਉਹ ਨਾ ਸੁੱਖ-ਸ਼ਾਂਤੀ ਨਾਲ ਆਪਣੇ ਘਰਾਂ 'ਚ ਰਹਿ ਸਕਦੇ ਹਨ ਅਤੇ ਨਾ ਹੀ ਪੱਕੇ ਤੌਰ 'ਤੇ ਕਿਸੇ ਹੋਰ ਜਗ੍ਹਾ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਲੋਕਾਂ ਦੀ ਸਹਾਇਤਾ ਅਤੇ ਭਲਾਈ ਲਈ ਸਰਕਾਰ ਨੂੰ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ। 

ਲੋਕ ਬਹਾਦਰੀ ਨਾਲ ਕਰ ਰਹੇ ਨੇ ਗੋਲੀਬਾਰੀ ਦਾ ਸਾਹਮਣਾ : ਵਰਿੰਦਰ ਸ਼ਰਮਾ
ਰਾਹਤ ਮੁਹਿੰਮ ਦੇ ਆਗੂ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਸਮੱਗਰੀ ਲੈਣ ਲਈ ਬੈਠੇ ਪਰਿਵਾਰਾਂ ਨੂੰ ਸੰਬੋਧਨ ਕਰਨ ਸਮੇਂ ਆਖਿਆ ਕਿ ਸਰਹੱਦੀ ਪਿੰਡਾਂ 'ਚ ਰਹਿਣ ਵਾਲੇ ਲੋਕ ਬਿਨਾਂ ਹਥਿਆਰਾਂ ਤੋਂ ਬਹਾਦਰੀ ਨਾਲ ਪਾਕਿਸਤਾਨੀ ਗੋਲੀਬਾਰੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਖੇਤਰ ਦੀ ਪੀੜਾ ਇਸ ਗੱਲ ਤੋਂ ਸਮਝ ਆ ਜਾਂਦੀ ਹੈ ਕਿ ਇਥੇ ਕੋਈ ਘਰ ਅਜਿਹਾ ਨਹੀਂ ਬਚਿਆ, ਜਿਸ ਨੂੰ ਸਰਹੱਦ ਪਾਰ ਦਾ ਸੇਕ ਨਾ ਲੱਗਾ ਹੋਵੇ। ਇਸ ਦੇ ਬਾਵਜੂਦ ਲੋਕ ਹੌਸਲੇ ਨਾਲ ਆਪਣੇ ਟਿਕਾਣਿਆਂ 'ਤੇ ਡਟੇ ਬੈਠੇ ਹਨ। 

ਸ਼੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਦੀ ਟੀਮ ਪੀੜਤ ਪਰਿਵਾਰਾਂ ਦਾ ਦੁੱਖ-ਦਰਦ ਸੁਣਨ ਅਤੇ ਵੰਡਾਉਣ ਲਈ ਆਈ ਹੈ। ਇਹ ਸੇਵਾ-ਕਾਰਜ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਉੱਚੀ ਸੋਚ ਸਦਕਾ ਕੀਤਾ ਜਾ ਰਿਹਾ ਹੈ, ਜਿਹੜੇ ਅੱਜ ਵੀ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਲੋਕਾਂ ਨੂੰ ਇਸ ਗੱਲ ਲਈ ਅਪੀਲ ਕਰਦੇ ਹਨ ਕਿ ਪ੍ਰਭਾਵਿਤ ਪਰਿਵਾਰਾਂ ਲਈ ਵੱਧ ਤੋਂ ਵੱਧ ਮਦਦ ਭਿਜਵਾਈ ਜਾਵੇ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਪਾਕਿਸਤਾਨ ਨੂੰ ਛੇਤੀ ਤੋਂ ਛੇਤੀ ਸੁਮੱਤ ਬਖਸ਼ੇ ਤਾਂ ਜੋ ਇਥੋਂ ਦੇ ਲੋਕ ਅਮਨ-ਚੈਨ ਨਾਲ ਜੀਵਨ ਬਸਰ ਕਰ ਸਕਣ।

ਜਨਹਿੱਤ ਵੈੱਲਫੇਅਰ ਸੋਸਾਇਟੀ ਪੰਜਾਬ ਦੀ ਚੇਅਰਪਰਸਨ ਮੈਡਮ ਡੌਲੀ ਹਾਂਡਾ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਗਿਣੀਆਂ ਨਹੀਂ ਜਾ ਸਕਦੀਆਂ। ਅੱਜ ਇਸ ਖੇਤਰ ਦੇ ਪਰਿਵਾਰਾਂ ਨੂੰ ਪਾਕਿਸਤਾਨ ਦੀਆਂ ਹਰਕਤਾਂ ਕਾਰਨ ਮਾੜੇ ਦਿਨ ਦੇਖਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਦੀਆਂ ਔਰਤਾਂ ਦੀ ਸਥਿਤੀ ਤਾਂ ਹੋਰ ਵੀ ਚਿੰਤਾਜਨਕ ਹੈ, ਜਿਹੜੀਆਂ ਆਪਣੇ ਘਰਾਂ 'ਚ ਕੈਦ ਹੋ ਕੇ ਰਹਿ ਗਈਆਂ ਹਨ। 

ਲੋਕਾਂ ਦੇ ਹੌਸਲੇ ਨੂੰ ਪ੍ਰਣਾਮ: ਸੌਰਭ ਪਰਾਸ਼ਰ
ਆਰ. ਐੱਸ. ਪੁਰਾ ਦੇ ਡੀ. ਐੱਸ. ਪੀ. ਸ਼੍ਰੀ ਸੌਰਭ ਪਰਾਸ਼ਰ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੇਹੱਦ ਚਿੰਤਾਜਨਕ ਹਾਲਾਤ ਦੌਰਾਨ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਦੇ ਹੌਸਲੇ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ। ਬੰਬਾਰੀ ਦੀਆਂ ਖ਼ਬਰਾਂ ਸੁਣ ਕੇ ਹੀ ਲੋਕਾਂ ਦੇ ਸਾਹ ਸੁੱਕ ਜਾਂਦੇ ਹਨ ਪਰ ਇਹ ਲੋਕ ਧੰਨ ਹਨ, ਜਿਹੜੇ ਅਜਿਹੇ ਹਾਲਾਤ ਵਿਚ ਗੁਜ਼ਾਰਾ ਕਰ ਰਹੇ ਹਨ। 
ਸ਼੍ਰੀ ਪਰਾਸ਼ਰ ਨੇ ਕਿਹਾ ਕਿ ਇਥੋਂ ਦੇ ਲੋਕਾਂ ਦਾ ਜੀਵਨ ਕਿਸ ਹੱਦ ਤਕ ਪ੍ਰਭਾਵਿਤ  ਹੁੰਦਾ ਹੈ, ਉਹ ਇਨ੍ਹਾਂ ਦੇ ਘਰਾਂ ਦੀ ਹਾਲਤ ਵੇਖ ਕੇ ਹੀ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸਥਿਤੀ ਵਿਚ ਸੁਰੱਖਿਆ ਫੋਰਸਾਂ ਇਨ੍ਹਾਂ ਦੇ ਜਾਨ-ਮਾਲ ਦੀ ਹਿਫਾਜ਼ਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੀਆਂ।

ਲੁਧਿਆਣਾ ਦੇ ਸਮਾਜ ਸੇਵੀ ਸ. ਹਰਦਿਆਲ ਸਿੰਘ ਅਮਨ ਨੇ ਜਿੱਥੇ ਆਪਣੇ ਹੱਥੀਂ ਪ੍ਰਭਾਵਿਤ ਪਰਿਵਾਰਾਂ ਦੇ ਮੈਂਬਰਾਂ ਨੂੰ ਮਠਿਆਈ ਵੰਡੀ, ਉਥੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਾਸੀਆਂ ਨੂੰ ਜੰਮੂ-ਕਸ਼ਮੀਰ ਦੇ ਪੀੜਤਾਂ ਦੀ ਮਦਦ ਲਈ ਵਧ-ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਕੇਸਰੀ ਪੱਤਰ ਸਮੂਹ ਇਨ੍ਹਾਂ ਪਰਿਵਾਰਾਂ ਦੀ ਮਦਦ ਵਿਚ ਜੁਟਿਆ ਹੋਇਆ ਹੈ, ਉਸੇ ਤਰ੍ਹਾਂ ਹੋਰ ਸੰਸਥਾਵਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। 
ਇਸ ਮੌਕੇ 'ਤੇ ਅੰਮ੍ਰਿਤਸਰ ਦੇ ਸ਼੍ਰੀ ਸੁਰੇਸ਼ ਮਲਹੋਤਰਾ, ਰਾਜੇਸ਼ ਮਲਹੋਤਰਾ, ਸੌਰਭ ਮਲਹੋਤਰਾ, ਗੌਰਵ ਮਲਹੋਤਰਾ, ਵਿਕਰਮ ਮਲਹੋਤਰਾ, ਅਰਨੀਆ ਦੇ ਨਿਹਾਲ ਸਿੰਘ ਮਿਨਹਾਸ, ਵਿਜੇ ਸ਼ਰਮਾ, ਯਸ਼ਪਾਲ, ਕਮਲ ਸੈਣੀ, ਰੂਪ ਲਾਲ ਸੈਣੀ, ਮੋਹਣੀ ਸੈਣੀ, ਆਰ. ਐੱਸ. ਪੁਰਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਮੁਕੇਸ਼ ਕੁਮਾਰ ਅਤੇ ਇਲਾਕੇ ਦੇ ਹੋਰ ਲੋਕ ਵੀ ਮੌਜੂਦ ਸਨ।


Shyna

Content Editor

Related News