ਪਾਕਿਸਤਾਨ ਨੇ ਕੀਤੀ ਗੋਲੀਬਾਰੀ, ਪੰਜਾਬ ਕੇਸਰੀ ਨੇ ਵੰਡੀ ''ਰਾਹਤ''
Tuesday, Jun 11, 2019 - 05:18 PM (IST)
ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨੀ ਸੈਨਿਕਾਂ ਵੱਲੋਂ ਉਸ ਦਿਨ ਗੋਲੀਬਾਰੀ ਕਰਕੇ ਉਨ੍ਹਾਂ ਪਿੰਡਾਂ 'ਚ ਦਹਿਸ਼ਤ ਫੈਲਾਈ ਗਈ ਸੀ, ਜਿੱਥੇ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਟੀਮ ਨੇ ਰਾਹਤ ਸਮੱਗਰੀ ਵੰਡਣ ਲਈ ਪੁੱਜਣਾ ਸੀ। ਇਹ ਪਿੰਡ ਸੁੰਦਰਬਨੀ ਬਲਾਕ (ਜ਼ਿਲਾ ਰਾਜੌਰੀ) ਦੇ ਸਰਹੱਦੀ ਖੇਤਰਾਂ 'ਚ ਸਥਿਤ ਸਨ। 29 ਮਈ ਵੀਰਵਾਰ ਦਾ ਦਿਨ ਸੀ, ਜਦੋਂ ਸਵੇਰੇ 9-10 ਵਜੇ ਦੇ ਕਰੀਬ ਸਰਹੱਦੀ ਖੇਤਰ ਦੀਆਂ ਪਹਾੜੀਆਂ ਗੋਲੀਆਂ ਦੀ ਆਵਾਜ਼ ਨਾਲ ਗੂੰਜ ਉੱਠੀਆਂ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਪਰ ਪਿੰਡਾਂ 'ਚ ਚੁੱਪ ਵਰਤ ਗਈ ਅਤੇ ਲੋਕ ਸਹਿਮ ਗਏ। ਅਜਿਹੇ ਡਰਾਉਣੇ ਮਾਹੌਲ 'ਚ ਹੀ 5-6 ਪਿੰਡਾਂ ਨਾਲ ਸਬੰਧਤ 300 ਪਰਿਵਾਰਾਂ ਦੇ ਮੈਂਬਰ ਬੈਰੀ ਪੱਤਨ ਖੇਤਰ 'ਚ ਸਥਿਤ ਸਰਕਾਰੀ ਮਿਡਲ ਸਕੂਲ ਚਰੀਆਂ 'ਚ ਪੁੱਜੇ ਸਨ, ਜਿੱਥੇ ਉਨ੍ਹਾਂ ਨੂੰ 514ਵੇਂ ਟਰੱਕ ਦੀ ਸਮੱਗਰੀ ਵੰਡੀ ਗਈ। ਇਸ ਮੌਕੇ 'ਤੇ ਲੋੜਵੰਦਾਂ ਨੂੰ ਲਾਲਾ ਜਗਤ ਨਾਰਾਇਣ ਨਿਸ਼ਕਾਮ ਸੇਵਾ ਸੋਸਾਇਟੀ ਅਤੇ ਸ਼੍ਰੀ ਗਿਆਨ ਸਥਲ ਮੰਦਰ ਸਭਾ ਲੁਧਿਆਣਾ ਵੱਲੋਂ ਭਿਜਵਾਈਆਂ ਰਜਾਈਆਂ ਦਿੱਤੀਆਂ ਗਈਆਂ।
ਇਕੱਤਰ ਹੋਏ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਰਾਹਤ ਟੀਮ ਦੇ ਮੁਖੀ ਯੋਗਾਚਾਰੀਆ ਵਰਿੰਦਰ ਸ਼ਰਮਾ ਨੇ ਕਿਹਾ ਕਿ ਬੇਦੋਸ਼ੇ ਅਤੇ ਨਿਹੱਥੇ ਭਾਰਤੀ ਲੋਕਾਂ 'ਤੇ ਗੋਲੀਬਾਰੀ ਕਰਨਾ ਬੇਹੱਦ ਘਟੀਆ ਅਤੇ ਮਨੁੱਖਤਾ ਵਿਰੋਧੀ ਕਾਰਾ ਹੈ। ਪਾਕਿਸਤਾਨ ਇਸ ਤਰ੍ਹਾਂ ਦੀ ਗੋਲੀਬਾਰੀ ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਤ ਅਫਸੋਸ ਅਤੇ ਚਿੰਤਾ ਦੀ ਗੱਲ ਹੈ ਕਿ ਪਾਕਿਸਤਾਨ ਆਪਣੀਆਂ ਸਾਜ਼ਿਸ਼ੀ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਵਰਿੰਦਰ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਦੀ ਆਰਥਿਕ ਹਾਲਤ ਅਜਿਹੀ ਹੈ ਕਿ ਉਸਦੇ ਲੋਕਾਂ ਕੋਲ ਦੋ-ਵਕਤ ਦੀ ਰੋਟੀ ਨਹੀਂ ਹੈ ਪਰ ਇਸ ਦੇ ਬਾਵਜੂਦ ਉਹ ਭਾਰਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਾਰੇ ਕਰਦਾ ਰਹਿੰਦਾ ਹੈ। ਇਸ ਦੇ ਨਤੀਜੇ ਵਜੋਂ ਪੂਰੇ ਦੇਸ਼ 'ਚ ਅਤੇ ਖਾਸ ਕਰ ਕੇ ਜੰਮੂ -ਕਸ਼ਮੀਰ 'ਚ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਪਾਲੇ ਅੱਤਵਾਦੀ ਅੱਜ ਭਾਰਤ ਦੇ ਨਾਲ- ਨਾਲ ਉਸ ਦੇ ਆਪਣੇ ਨਾਗਰਿਕਾਂ ਲਈ ਵੀ ਦਹਿਸ਼ਤ ਬਣ ਗਏ ਹਨ ਅਤੇ ਨਿੱਤ ਦਿਨ ਲਾਸ਼ਾਂ ਵਿਛਾ ਰਹੇ ਹਨ ਪਰ ਇਹ ਦੇਸ਼ ਅੱਤਵਾਦ ਤੋਂ ਤੌਬਾ ਕਰਨ ਦੇ ਰਾਹ ਨਹੀਂ ਤੁਰਦਾ।
ਯੋਗਾਚਾਰੀਆ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਲੋਕ ਅੱਤਵਾਦ ਅਤੇ ਗੋਲੀਬਾਰੀ ਦੀ ਮਾਰ ਸਹਿਣ ਦੇ ਨਾਲ-ਨਾਲ ਬੇਰੋਜ਼ਗਾਰੀ, ਮਹਿੰਗਾਈ ਅਤੇ ਗਰੀਬੀ ਦਾ ਸਾਹਮਣਾ ਵੀ ਕਰ ਰਹੇ ਹਨ। ਇੰਨੀ ਦਰਦਨਾਕ ਸਥਿਤੀ ਦੇ ਬਾਵਜੂਦ ਉਹ ਆਪਣੇ ਘਰ ਛੱਡਣ ਲਈ ਤਿਆਰ ਨਹੀਂ ਕਿਉਂਕਿ , ਉਨ੍ਹਾਂ ਨੂੰ ਆਪਣੀ ਮਿੱਟੀ ਨਾਲ ਅੰਤਾਂ ਦਾ ਮੋਹ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਸਰਹੱਦੀ ਪਰਿਵਾਰਾਂ ਦਾ ਦਰਦ ਪਛਾਣਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸਹਾਇਤਾ ਲਈ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ।
ਪਿੰਡ ਭਜਵਾਲ ਦੇ ਸਰਪੰਚ ਅਰੁਣ ਸ਼ਰਮਾ ਨੇ ਕਿਹਾ ਪਹਾੜੀ ਖੇਤਰਾਂ ਦੇ ਲੋਕ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਅਤੇ ਮੁਸੀਬਤਾਂ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਕੋਲ ਆਵਾਜਾਈ ਦੇ ਸਾਧਨ ਨਹੀਂ ਹਨ, ਜਿਸ ਕਾਰਣ ਹਰ ਜਗ੍ਹਾ ਪੈਦਲ ਹੀ ਜਾਣਾ ਪੈਂਦਾ ਹੈ। ਨਤੀਜੇ ਵਜੋਂ ਉਨ੍ਹਾਂ ਦਾ ਬਹੁਤਾ ਸਮਾਂ ਆਉਣ- ਜਾਣ 'ਤੇ ਹੀ ਬੀਤ ਜਾਂਦਾ ਹੈ। ਸਰਪੰਚ ਸ਼ਰਮਾ ਨੇ ਕਿਹਾ ਕਿ ਅੱਜ ਦੇ ਰਾਹਤ- ਆਯੋਜਨ ਵਿਚ ਵੀ ਲੋਕ 10-12 ਕਿਲੋਮੀਟਰ ਤੋਂ ਪੈਦਲ ਚੱਲ ਕੇ ਆਏ ਹਨ। ਉਨ੍ਹਾਂ ਇਸ ਗੱਲ 'ਤੇ ਤਸੱਲੀ ਜ਼ਾਹਰ ਕੀਤੀ ਕਿ ਪੰਜਾਬ ਕੇਸਰੀ ਪਰਿਵਾਰ ਨੇ ਇਨ੍ਹਾਂ ਗਰੀਬ ਲੋਕਾਂ ਦੀ ਬਾਂਹ ਫੜੀ ਹੈ ਅਤੇ ਰਾਹਤ ਸਮੱਗਰੀ ਭਿਜਵਾਈ ਹੈ।
ਬੁਨਿਆਦੀ ਸਹੂਲਤਾਂ ਦੀ ਵੱੱਡੀ ਘਾਟ: ਬਲਰਾਮ ਸੈਣੀ
ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ ਨੇ ਇਲਾਕੇ ਦੀ ਤਰਸਯੋਗ ਹਾਲਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਖੇਤਰ 'ਚ ਬੁਨਿਆਦੀ ਸਹੂਲਤਾਂ ਦੀ ਵੱਡੀ ਘਾਟ ਹੈ। ਸਿਹਤ ਅਤੇ ਸਿੱਖਿਆ ਦੇ ਪੱਖ ਤੋਂ ਕੁਝ ਵੀ ਵਿਸ਼ੇਸ਼ ਨਜ਼ਰ ਨਹੀਂ ਆਉਂਦਾ। ਇਥੋਂ ਤਕ ਕਿ ਲੋਕਾਂ ਕੋਲ ਪੀਣ ਵਾਲਾ ਪਾਣੀ ਵੀ ਨਹੀਂ ਹੈ। ਕਈ ਹਾਲਤਾਂ 'ਚ ਦੂਰ-ਦੂਰ ਤੋਂ ਪਾਣੀ ਲਿਆਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਹੀ ਵਾਂਝੇ ਰਹਿਣਗੇ ਤਾਂ ਦੇਸ਼ ਤਰੱਕੀ ਦੀਆਂ ਮੰਜ਼ਿਲਾਂ ਕਿਵੇਂ ਤਹਿ ਕਰ ਸਕੇਗਾ। ਲੋਕ ਚੇਤਨਾ ਮੰਚ ਫਿਰੋਜ਼ਪੁਰ ਦੇ ਪ੍ਰਧਾਨ ਸ. ਜਸਵੀਰ ਸਿੰਘ ਜੋਸਨ ਨੇ ਕਿਹਾ ਕਿ ਜੇ ਸਾਰੇ ਸਮਰੱਥ ਲੋਕ ਲੋੜਵੰਦਾਂ ਦੀ ਮਦਦ ਕਰਨ ਦੇ ਰਾਹ ਤੁਰ ਪੈਣ ਤਾਂ ਬਹੁਤੇ ਮਾਮਲਿਆਂ 'ਚ ਸਰਕਾਰੀ ਸਹਾਇਤਾ ਲਈ ਹੱਥ ਫੈਲਾਉਣ ਦੀ ਲੋੜ ਹੀ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਸਰਹੱਦੀ ਖੇਤਰਾਂ ਦੇ ਪੀੜਤਾਂ ਲਈ ਜੋ ਰਾਹਤ-ਮੁਹਿੰਮ ਚਲਾਈ ਜਾ ਰਹੀ ਹੈ, ਉਸ 'ਚ ਵਧ-ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ।
ਲਾਵਾਰਸਾਂ ਵਾਲਾ ਜੀਵਨ ਗੁਜ਼ਾਰ ਰਹੇ ਨੇ ਲੋਕ: ਸੁਸ਼ੀਲ ਸੂਦਨ
ਸਰਪੰਚ ਸੁਸ਼ੀਲ ਸੂਦਨ ਨੇ ਲੋੜਵੰਦਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਹਾੜੀ-ਸਰਹੱਦੀ ਪਿੰਡਾਂ ਦੇ ਲੋਕ ਲਾਵਾਰਸਾਂ ਵਰਗਾ ਜੀਵਨ ਗੁਜ਼ਾਰ ਰਹੇ ਹਨ। ਇਨ੍ਹਾਂ ਪਰਿਵਾਰਾਂ ਦਾ ਦਰਦ ਜਾਂ ਇਨ੍ਹਾਂ ਦੀਆਂ ਲੋੜਾਂ-ਸਹੂਲਤਾਂ ਕਦੇ ਵੀ ਸਰਕਾਰਾਂ ਦੇ ਏਜੰਡੇ 'ਤੇ ਨਹੀਂ ਰਹੀਆਂ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ 'ਚ ਪੀਣ ਵਾਲਾ ਪਾਣੀ ਵੀ ਨਹੀਂ ਅਤੇ ਰੋਜ਼ੀ-ਰੋਟੀ ਦਾ ਕੋਈ ਪ੍ਰਬੰਧ ਨਹੀਂ, ਉਥੇ ਲੋਕ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਹਨ, ਇਹ ਸਮਝਣਾ ਔਖਾ ਨਹੀਂ ਹੈ।
ਫਿਰੋਜ਼ਪੁਰ ਤੋਂ 'ਜਗ ਬਾਣੀ' ਦੇ ਪ੍ਰਤੀਨਿਧੀ ਕੁਲਦੀਪ ਭੁੱਲਰ ਨੇ ਕਿਹਾ ਕਿ ਸਰਹੱਦੀ ਪਰਿਵਾਰਾਂ ਦੇ ਮੁਸ਼ਕਿਲ ਹਾਲਾਤ ਤੋਂ ਅੱਜ ਸਾਰਾ ਦੇਸ਼ ਜਾਣੂ ਹੈ। ਉਨ੍ਹਾਂ ਦੀਆਂ ਤਕਲੀਫਾਂ ਅਤੇ ਚਿੰਤਾਵਾਂ ਨੂੰ ਸਮਝਦਿਆਂ ਹੀ ਵੱਖ ਵੱਖ ਸੂਬਿਆਂ ਦੇ ਦਾਨੀ ਸੱਜਣਾਂ, ਸ਼ਖਸੀਅਤਾਂ ਵੱਲੋਂ ਸੈਂਕੜੇ ਟਰੱਕ ਸਮੱਗਰੀ ਭਿਜਵਾਈ ਜਾ ਚੁੱਕੀ ਹੈ। ਭੁੱਲਰ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ 'ਤੇ ਜ਼ੀਰਾ ਤੋਂ ਜਗ ਬਾਣੀ ਦੇ ਪ੍ਰਤੀਨਿਧੀ ਸ. ਦਵਿੰਦਰ ਸਿੰਘ ਅਕਾਲੀਆਂਵਾਲਾ, ਸਰਪੰਚ ਅਰਸ਼ਦੀਪ ਸਿੰਘ, ਹਰਜਿੰਦਰ ਸਿੰਘ ਘਾਰੂ, ਰਜਿੰਦਰ ਸ਼ਰਮਾ (ਭੋਲਾ ਜੀ), ਸਰਪੰਚ ਅਨਿਲ ਕੁਮਾਰ, ਸਰਪੰਚ ਮੋਹਨ ਸਿੰਘ, ਪੰਚ ਹਰਪ੍ਰੀਤ ਕੌਰ ਅਤੇ ਅਸ਼ੋਕ ਕੁਮਾਰ ਵੀ ਮੌਜੂਦ ਸਨ। ਰਾਹਤ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ, ਚਰੀਆਂ, ਘਈ ਉਪਾਨਿਆਸ, ਅੱਪਰ ਕਾਂਗੜੀ , ਅੰਬ ਖੋੜੀ ਆਦਿ ਪਿੰਡਾਂ ਨਾਲ ਸਬੰਧਤ ਹਨ।