ਪਾਕਿ ਦੀ ਇਕ ਗੋਲੀ ਦਾ ਜਵਾਬ ਦਸ ਗੋਲੀਆਂ ਨਾਲ ਦਿੱਤਾ ਜਾਵੇਗਾ : ਕਵਿੰਦਰ ਗੁਪਤਾ

Monday, Jun 11, 2018 - 06:47 AM (IST)

ਪਾਕਿ ਦੀ ਇਕ ਗੋਲੀ ਦਾ ਜਵਾਬ ਦਸ ਗੋਲੀਆਂ ਨਾਲ ਦਿੱਤਾ ਜਾਵੇਗਾ : ਕਵਿੰਦਰ ਗੁਪਤਾ

ਲੁਧਿਆਣਾ (ਵਰਮਾ) - ਜੰਮੂ-ਕਸ਼ਮੀਰ ਦੇ ਉਪ ਮੁੱਖ ਮੰਤਰੀ ਕਵਿੰਦਰ ਗੁਪਤਾ ਲੁਧਿਆਣਾ ਦੇ ਊਧਮ ਸਿੰਘ ਨਗਰ ਸਥਿਤ ਲਾਇਨਜ਼ ਭਵਨ 'ਚ ਅਖਿਲ ਭਾਰਤੀ ਮਹਾਜਨ ਸ਼੍ਰੋਮਣੀ ਸਭਾ ਕਾਨਫਰੰਸ-2018 ਵਿਚ ਵਿਸ਼ੇਸ਼ ਰੂਪ 'ਚ ਸ਼ਾਮਲ ਹੋਏ।ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਜੰਮੂ-ਕਸ਼ਮੀਰ ਦੇ 22 ਜ਼ਿਲਿਆਂ 'ਚੋਂ 20 ਦੇ ਹਾਲਾਤ ਤਕਰੀਬਨ ਬਰਾਬਰ ਹਨ। ਕੇਵਲ 2 ਜ਼ਿਲਿਆਂ 'ਚ ਹੀ ਅੱਤਵਾਦ ਦਾ ਜ਼ੋਰ ਹੈ। ਸਰਕਾਰ ਉਸ 'ਤੇ ਵੀ ਨੁਕੇਲ ਕੱਸ ਰਹੀ ਹੈ। ਉਨ੍ਹਾਂ ਕਿਹਾ ਕਿ ਰਮਜ਼ਾਨ ਦੇ ਮਹੀਨੇ 'ਚ ਵੱਖਵਾਦੀਆਂ ਨੂੰ ਸੁਧਰਨ ਦਾ ਮੌਕਾ ਦਿੱਤਾ ਗਿਆ। ਬੀਤੇ ਦਿਨੀਂ ਕੁੱਝ ਭੜਕੇ ਹੋਏ ਨੌਜਵਾਨ ਗਲਤ ਰਸਤੇ ਵੱਲ ਚੱਲ ਪਏ ਸਨ। ਉਨ੍ਹਾਂ ਦੀ ਹੌਲੀ-ਹੌਲੀ ਘਰ ਵਾਪਸੀ ਹੋ ਰਹੀ ਹੈ। ਪੱਥਰਬਾਜ਼ਾਂ ਬਾਰੇ ਉਨ੍ਹਾਂ ਕਿਹਾ ਕਿ ਇਸ 'ਚ ਪਹਿਲਾਂ ਦੇ ਮੁਕਾਬਲੇ ਬਹੁਤ ਕਮੀ ਆਈ ਹੈ। ਇਸ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਜਾਂਦਾ ਹੈ। ਅਮਰਨਾਥ ਯਾਤਰਾ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਇਸ ਯਾਤਰਾ ਨੂੰ ਲੈ ਕੇ ਕਾਫੀ ਗੰਭੀਰ ਹੈ ਅਤੇ ਯਾਤਰਾ ਮਾਰਗ ਨੂੰ ਪੂਰੀ ਤਰ੍ਹਾਂ ਸੁਰੱਖਿਆ ਬਲਾਂ ਦੇ ਹਵਾਲੇ ਕੀਤਾ ਗਿਆ ਹੈ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਯਾਤਰਾ ਵਿਚ ਵਿਘਨ ਨਾ ਪਾ ਸਕੇ। ਪਾਕਿਸਤਾਨ ਦੇ ਨਾਲ ਹੋਏ ਸੀਜ਼ ਫਾਇਰ ਸਮਝੌਤੇ ਦੌਰਾਨ ਪਾਕਿਸਤਾਨ ਵਲੋਂ ਵਾਰ-ਵਾਰ ਬਾਰਡਰ ਇਲਾਕੇ 'ਤੇ ਸੁਰੱਖਿਆ ਬਲਾਂ ਅਤੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਵਿਚ ਨਿਰਦੋਸ਼ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਸੀਜ਼ ਫਾਇਰ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਮੂੰਹ-ਤੋੜ ਜਵਾਬ ਸਾਡੇ ਸੁਰੱਖਿਆ ਬਲਾਂ ਵਲੋਂ ਦਿੱਤਾ ਜਾਂਦਾ ਹੈ। ਜੇਕਰ ਫਿਰ ਵੀ ਪਾਕਿਸਤਾਨ ਵਾਰ-ਵਾਰ ਸੀਜ਼ ਫਾਇਰ ਦੀ ਉਲੰਘਣਾ ਕਰਨ ਤੋਂ ਬਾਜ਼ ਨਹੀਂ ਆਇਆ ਤਾਂ ਪਾਕਿਸਤਾਨ ਵਲੋਂ ਆਈ 1 ਗੋਲੀ ਦਾ ਜਵਾਬ ਸਾਡੇ ਸੁਰੱਖਿਆ ਬਲਾਂ ਵਲੋਂ 10 ਗੋਲੀਆਂ ਨਾਲ ਦਿੱਤਾ ਜਾਵੇਗਾ। ਕਸ਼ਮੀਰ ਦਾ ਮਸਲਾ ਤਦ ਤੱਕ ਹੱਲ ਨਹੀਂ ਹੋ ਸਕਦਾ, ਜਦ ਤੱਕ ਮਕਬੂਜ਼ਾ ਕਸ਼ਮੀਰ ਦਾ ਹਿੱਸਾ ਭਾਰਤ ਦੇ ਜੰਮੂ-ਕਸ਼ਮੀਰ ਦੇ ਖੇਤਰ ਵਿਚ ਸ਼ਾਮਲ ਨਹੀਂ ਹੋ ਜਾਂਦਾ।


Related News