ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 478ਵੇਂ ਟਰੱਕ ਦੀ ਸਮੱਗਰੀ

Wednesday, Aug 29, 2018 - 11:18 AM (IST)

ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 478ਵੇਂ ਟਰੱਕ ਦੀ ਸਮੱਗਰੀ

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਦੇ ਸਿਰ 'ਤੇ ਹਮੇਸ਼ਾ ਖਤਰੇ ਦੀ ਤਲਵਾਰ ਲਟਕਦੀ ਰਹਿੰਦੀ ਹੈ। ਹੱਸਦੇ-ਵੱਸਦੇ ਘਰਾਂ ਨੂੰ ਛੱਡ ਕੇ ਕਿਸ ਵੇਲੇ ਦੌੜਨਾ ਪਵੇ, ਇਹ ਪਤਾ ਉਦੋਂ ਹੀ ਲੱਗਦਾ ਹੈ, ਜਿਸ ਵੇਲੇ ਪਾਕਿਸਤਾਨ ਵੱਲੋਂ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ। ਇਹ ਸਿਲਸਿਲਾ ਕਦੋਂ ਬੰਦ ਹੋਵੇਗਾ, ਇਸ ਬਾਰੇ ਸੰਕਟ ਭੋਗਣ ਵਾਲੇ ਲੋਕ ਕੁਝ ਨਹੀਂ ਜਾਣਦੇ। 

ਉਨ੍ਹਾਂ ਨੂੰ ਤਾਂ ਸਿਰਫ ਇੰਨਾ ਪਤਾ ਹੈ ਕਿ ਹਰ ਵਾਰ ਦੀ ਗੋਲੀਬਾਰੀ ਕਈ ਪਰਿਵਾਰਾਂ ਨੂੰ ਕਦੇ ਨਾ ਭੁੱਲਣ ਵਾਲੇ ਜ਼ਖਮ ਦੇ ਜਾਂਦੀ ਹੈ ਅਤੇ ਥੋੜ੍ਹਾ-ਬਹੁਤ ਨੁਕਸਾਨ ਤਾਂ ਸਾਰੇ ਸਰਹੱਦੀ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਇਸ ਨੁਕਸਾਨ ਦੀ ਪੂਰਤੀ ਲਈ ਸਰਕਾਰ ਕੋਲ ਕੋਈ ਖਾਸ ਨੀਤੀ ਜਾਂ ਪ੍ਰੋਗਰਾਮ ਨਹੀਂ ਹੈ। ਆਪਣੇ ਘਰ-ਘਾਟ ਛੱਡ ਕੇ ਵਾਰ-ਵਾਰ ਉਜੜਨ ਵਾਲੇ ਅਜਿਹੇ ਬੇਵੱਸ ਅਤੇ ਲਾਚਾਰ ਪਰਿਵਾਰਾਂ ਦੀ ਸਹਾਇਤਾ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਪਿਛਲੇ ਦਿਨੀਂ 478ਵੇਂ ਟਰੱਕ ਦੀ ਰਾਹਤ ਸਮੱਗਰੀ ਭਿਜਵਾਈ ਗਈ।

ਇਸ ਵਾਰ ਦੀ ਰਾਹਤ ਸਮੱਗਰੀ ਸਾਈਂ ਸੇਵਾ ਫਾਊਂਡੇਸ਼ਨ ਲੁਧਿਆਣਾ ਵੱਲੋਂ ਸੰਸਥਾ ਦੀ ਫਾਊਂਡਰ ਚਿੰਕੀ ਗਾਂਧੀ ਦੇ ਯਤਨਾਂ ਸਦਕਾ ਭਿਜਵਾਈ ਗਈ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ 'ਚ ਫਾਊਂਡੇਸ਼ਨ ਦੀ ਚੇਅਰਪਰਸਨ ਕਿਰਨ ਸੂਦ, ਪ੍ਰਧਾਨ ਰਿਪੂ ਗਿੱਲ ਅਤੇ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਦਿਨੇਸ਼ ਸੋਨੂ ਅਤੇ ਹੋਰ ਮੈਂਬਰਾਂ ਨੇ ਵੀ ਅਹਿਮ ਯੋਗਦਾਨ ਪਾਇਆ। ਜਲੰਧਰ ਤੋਂ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਵੱਲੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿਲੋ ਆਟਾ, 10 ਕਿਲੋ ਚਾਵਲ ਅਤੇ ਇਕ ਕੰਬਲ ਸ਼ਾਮਲ ਸੀ।

ਜੰਮੂ-ਕਸ਼ਮੀਰ ਦੇ ਲੋੜਵੰਦ ਪਰਿਵਾਰਾਂ ਨੂੰ ਸਮੱਗਰੀ ਦੀ ਵੰਡ ਲਈ ਰਾਹਤ ਮੁਹਿੰਮ ਦੇ ਮੋਹਰੀ ਲਾਇਨ ਜੇ. ਬੀ. ਸਿੰਘ ਚੌਧਰੀ ਅੰਬੈਸਡਰ ਆਫ ਗੁਡਵਿਲ ਦੀ ਅਗਵਾਈ ਹੇਠ ਜਾਣ ਵਾਲੀ ਟੀਮ 'ਚ ਫਾਊਂਡੇਸ਼ਨ ਦੇ ਉਪਰੋਕਤ ਅਹੁਦੇਦਾਰਾਂ ਤੋਂ ਇਲਾਵਾ ਆਸ਼ੂ ਮਹਿਰਾ, ਨੀਲੂ ਭਾਰਤੀ, ਕਸ਼ਿਸ਼ ਬਾਠ, ਪੂਨਮ ਗੁਪਤਾ, ਨਿਸ਼ਾ ਕੱਕੜ, ਜਲੰਧਰ ਦੇ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਅਤੇ ਇਕਬਾਲ ਸਿੰਘ ਅਰਨੇਜਾ ਵੀ ਸ਼ਾਮਲ ਸਨ।


Related News