ਪ੍ਰਧਾਨ ਮੰਤਰੀ ਵਲੋਂ ਜਲਿਆਂਵਾਲਾ ਬਾਗ ਦੇ ਉਦਘਾਟਨੀ ਸਮਾਗਮ ਤੋਂ ਪਹਿਲਾਂ ਕਿਸਾਨਾਂ ਦਾ ਵੱਡਾ ਪ੍ਰਦਰਸ਼ਨ

08/28/2021 6:39:32 PM

ਅੰਮ੍ਰਿਤਸਰ (ਕਮਲ) : ਅੰਮ੍ਰਿਤਸਰ ਸਥਿਤ ਜਲਿਆਂਵਾਲਾ ਬਾਗ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਨਵ-ਨਿਰਮਾਣ ਲਈ ਬੰਦ ਕੀਤਾ ਹੋਇਆ ਸੀ, ਇਥੋਂ ਤਕ ਕਿ 15 ਅਗਸਤ ਨੂੰ ਵੀ ਜਲਿਆਂਵਾਲਾ ਬਾਗ ’ਚ ਤਾਲੇ ਜੜੇ ਰਹੇ ਅਤੇ ਕਈ ਸੰਸਥਾਵਾਂ ਵੀ ਇਥੋਂ ਰੁੱਸ ਕੇ ਵਾਪਸ ਪਰਤ ਗਈਆਂ ਦਾ ਅੱਜ ਪ੍ਰਧਾਨ ਮੰਤਰੀ ਵਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮ 6.25 ’ਤੇ ਉਦਘਾਟਨ ਕੀਤਾ ਜਾਣਾ ਹੈ। ਇਸ ਸਮਾਗਮ ਵਿਚ ਭਾਜਪਾ ਦੇ ਮੁੱਖ ਆਗੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ ਪਰ ਇਸ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਜਲਿਆਂਵਾਲਾ ਬਾਗ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ ਅਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਭਾਜਪਾਈ ਨੂੰ ਜਲਿਆਂਵਾਲਾ ਬਾਗ ਵਿਚ ਦਾਖਲ ਨਹੀਂ ਹੋਣ ਦੇਣਗੇ। ਇਸ ਸਭ ਨੂੰ ਦੇਖਦੇ ਹੋਏ ਉਥੇ ਭਾਰੀ ਪੁਲਸ ਫੋਰਸ ਤਾਇਨਾਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕਾਂਗਰਸ ’ਚ ਵਧੇ ‘ਸਿਆਸੀ ਪਾਰੇ’ ਦਰਮਿਆਨ ਪਰਗਟ ਸਿੰਘ ਦੇ ਘਰ ਪਹੁੰਚੇ ਨਵਜੋਤ ਸਿੱਧੂ

ਪਤਾ ਲੱਗਾ ਹੈ ਕਿ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਪੁਲਸ ਅਫਸਰਾਂ ਦੀ ਟੀਮ ਵੀ ਉਥੇ ਪਹੁੰਚੀ ਹੈ ਪਰ ਕਿਸਾਨ ਕਿਸੇ ਵੀ ਕੀਮਤ ’ਤੇ ਮੰਨਣ ਲਈ ਤਿਆਰ ਨਹੀਂ ਹਨ। ਪੁਲਸ ਅਤੇ ਕਿਸਾਨ ਜਥੇਬੰਦੀਆਂ ਵਿਚ ਖ਼ਬਰ ਲਿਖੇ ਜਾਣ ਤਕ ਵਾਰਤਾ ਜਾਰੀ ਸੀ। ਹਾਲਾਂਕਿ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਤਕ ਪ੍ਰਧਾਨ ਮੰਤਰੀ ਜਲਿਆਂਵਾਲਾ ਬਾਗ ਦੇ ਪ੍ਰੋਗਰਾਮ ਦਾ ਵਰਚੁਅਲ ਤੌਰ ’ਤੇ ਹਿੱਸਾ ਲੈਂਦੇ ਰਹਿਣਗੇ ਉਦੋਂ ਤਕ ਉਹ ਉਥੇ ਧਰਨੇ ’ਤੇ ਬੈਠੇ ਰਹਿਣਗੇ।

ਇਹ ਵੀ ਪੜ੍ਹੋ : ਕਾਂਗਰਸੀ ਆਗੂ ਮਜੀਠੀਆ ’ਤੇ ਜਾਨਲੇਵਾ ਹਮਲਾ, ਚਲਾਈਆਂ ਗੋਲ਼ੀਆਂ

ਇਹ ਵੀ ਦੱਸਣਾ ਬਣਦਾ ਹੈ ਕਿ ਜਲਿਆਂਵਾਲਾ ਬਾਗ ਸਮਾਗਮ ਵਿਚ ਰਾਜ ਸਭਾ ਦੇ ਸੰਸਦ ਮੈਂਬਰ ਸ਼ਵੇਤ ਮਲਿਕ ਦੇ ਜਾਣ ਦਾ ਪ੍ਰੋਗਰਾਮ ਸੀ ਜੋ ਕਿ ਕਿਸਾਨਾਂ ਦੇ ਵਿਰੋਧ ਦੇ ਚੱਲਦੇ ਹੁਣ ਰੱਦ ਕਰ ਦਿੱਤਾ ਗਿਆ ਹੈ। ਉਹ ਵੀ ਹੁਣ ਵਰਚੁਅਲ ਤੌਰ ’ਤੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਗੇ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਇੱਟ ਨਾਲ ਇੱਟ ਖੜਕਾਉਣ ਵਾਲੇ ਬਿਆਨ ’ਤੇ ਮਨੀਸ਼ ਤਿਵਾੜੀ ਦਾ ਤੰਜ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News