ਪੁਲਸ ਹੱਥ ਲੱਗੀ ਵੱਡੀ ਕਾਮਯਾਬੀ, 55 ਕਰੋੜ ਦੀ ਫੜ੍ਹੀ ਹੈਰੋਇਨ

02/28/2020 10:59:29 PM

ਜਲੰਧਰ,(ਸ਼ੋਰੀ, ਭਾਖੜੀ)- ਜਲੰਧਰ ਦਿਹਾਤੀ ਪੁਲਸ ਨੇ ਅੱਜ ਵੱਡੀ ਸਫਲਤਾ ਹਾਸਲ ਕਰਦੇ ਹੋਏ ਹਾਈਟੈੱਕ ਨਾਕੇ ਦੌਰਾਨ 2 ਹੈਰੋਇਨ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਕੋਲੋਂ 11 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਦਿਹਾਤੀ ਪੁਲਸ ਪੂਰੀ ਤਰ੍ਹਾਂ ਸਰਗਰਮ ਹੋ ਕੇ ਕੰਮ ਕਰ ਰਹੀ ਹੈ। ਇਸੇ ਤਹਿਤ ਫਿਲੌਰ 'ਚ ਤਾਇਨਾਤ ਸਬ-ਇੰਸਪੈਕਟਰ ਬਖਸ਼ੀਸ਼ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਨਾਕਾਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।

ਇਸ ਦੌਰਾਨ ਲੁਧਿਆਣਾ ਸਾਈਡ ਤੋਂ ਆ ਰਹੀ ਇਕ ਬੱਸ ਨੂੰ ਚੈਕਿੰਗ ਲਈ ਰੋਕਿਆ ਗਿਆ, ਜਿਸ 'ਚ ਸਵਾਰ 2 ਨੌਜਵਾਨ ਉਤਰ ਗਏ। ਉਕਤ ਨੌਜਵਾਨ ਪੁਲਸ ਨੂੰ ਦੇਖ ਕੇ ਉਥੋਂ ਫਰਾਰ ਹੋਣ ਵਾਲੇ ਸਨ ਕਿ ਪੁਲਸ ਨੇ ਦੋਵਾਂ ਸ਼ੱਕ ਦੇ ਆਧਾਰ 'ਤੇ ਰੋਕਿਆ। ਜਿਨ੍ਹਾਂ 'ਚੋਂ ਇਕ ਨੇ ਆਪਣੀ ਪਛਾਣ ਕੁਲਵਿੰਦਰ ਸਿੰਘ ਉਰਫ ਕਿੰਦੀ (27) ਪੁੱਤਰ ਸਰਵਣ ਸਿੰਘ ਵਾਸੀ ਰਾਈਆਂਵਾਲਾ ਥਾਣਾ ਮਖੂ (ਫਿਰੋਜ਼ਪੁਰ) ਤੇ ਦੂਜੇ ਨੇ ਆਪਣੀ ਪਛਾਣ ਰਮਨ ਕੁਮਾਰ ਉਰਫ ਰਮਨ (31) ਪੁੱਤਰ ਰਾਜ ਕੁਮਾਰ ਵਾਸੀ ਬਸਤੀ ਸ਼ੇਖਾਵਾਲੀ ਥਾਣਾ ਸਿਟੀ ਫਿਰੋਜ਼ਪੁਰ ਦੱਸੀ। ਐੱਸ. ਐੱਸ. ਪੀ. ਮਾਹਲ ਨੇ ਦੱਸਿਆ ਕਿ ਇਸ ਦੌਰਾਨ ਡੀ. ਐੱਸ. ਪੀ. ਫਿਲੌਰ ਦਵਿੰਦਰ ਅੱਤਰੀ ਵੀ ਆ ਮੌਕੇ 'ਤੇ ਪਹੁੰਚ ਗਏ ਤੇ ਜਦ ਉਨ੍ਹਾਂ ਦੀ ਮੌਜੂਦਗੀ 'ਚ ਪੁਲਸ ਨੇ ਨੌਜਵਾਨਾਂ ਕੋਲ ਫੜ੍ਹੇ ਬੈਗ ਦੀ ਤਲਾਸ਼ੀ ਲਈ ਤਾਂ ਉਸ 'ਚੋਂ 11 ਪੈਕਟ ਹੈਰੋਇਨ ਦੇ ਬਰਾਮਤ ਹੋਏ। ਜਿਨ੍ਹਾਂ ਦਾ ਵਜ਼ਨ ਕਰਵਾਉਣ 'ਤੇ ਹੈਰੋਇਨ 11 ਕਿਲੋਗ੍ਰਾਮ ਨਿਕਲੀ।ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 55 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਪੁਲਸ ਨੇ ਐੱਫ. ਆਈ. ਆਰ. ਨੰ. 49 ਐੱਨ. ਡੀ. ਪੀ. ਐੱਸ. ਐਕਟ ਤਹਿਤ ਦੋਵਾਂ ਖਿਲਾਫ ਕੇਸ ਦਰਜ ਕਰ ਲਿਆ। ਕਾਬੂ ਮੁਲਜ਼ਮਾਂ ਨੇ ਪੁੱਛਗਿੱਛ 'ਚ ਦੱਸਿਆ ਕਿ ਉਹ ਲੁਧਿਆਣਾ ਦੇ ਸਮਰਾਲਾ ਚੌਕ ਕੋਲੋਂ ਇਕ ਅਣਪਛਾਤੇ ਵਿਅਕਤੀ ਤੋਂ ਹੈਰੋਇਨ ਲੈ ਕੇ ਆਏ ਸਨ ਤੇ ਇਸ ਦੀ ਡਿਲਿਵਰੀ ਉਨ੍ਹਾਂ ਅੰਮ੍ਰਿਤਸਰ ਬੱਸ ਅੱਡੇ ਨੇੜੇ ਕਰਨੀ ਸੀ। ਪੁਲਸ ਜਾਂਚ 'ਚ ਇਹ ਵੀ ਪਤਾ ਲੱਗਾ ਹੈ ਕਿ ਦੋਵੇਂ ਸਮੱਗਲਰਾਂ ਨੇ ਇਸ ਤੋਂ ਪਹਿਲਾਂ ਵੀ ਚਾਰ ਚੱਕਰ ਲਾਏ ਸਨ ਤੇ ਉਹ ਹੈਰੋਇਨ ਦੀ ਡਲਿਵਰੀ ਕਰ ਚੁੱਕੇ ਹਨ। ਪੁਲਸ ਉਕਤ ਨੌਜਵਾਨਾਂ ਨਾਲ ਜੁੜੇ ਲੋਕਾਂ ਦੀ ਡਿਟੇਲ ਕਢਵਾ ਰਹੀ ਹੈ ਤਾਂ ਜੋ ਬਾਕੀ ਲੋਕਾਂ ਨੂੰ ਵੀ ਕੇਸ 'ਚ ਨਾਮਜ਼ਦ ਕੀਤਾ ਜਾ ਸਕੇ। ਇਸ ਦੌਰਾਨ ਐੱਸ. ਪੀ. (ਡੀ) ਸਰਬਜੀਤ ਸਿੰਘ ਵਾਹੀਆ, ਡੀ. ਐੱਸ. ਪੀ. ਫਿਲੌਰ ਦਵਿੰਦਰ ਸਿੰਘ ਅਤਰੀ, ਐੱਸ. ਐੱਚ. ਓ. ਫਿਲੌਰ ਸੁੱਖਾ ਸਿੰਘ ਆਦਿ ਮੌਜੂਦ ਸਨ।


Related News