ਹਨ੍ਹੇਰੀ ਕਾਰਨ ਜਲੰਧਰ ਵਾਸੀ 9 ਘੰਟੇ ਰਹੇ ‘ਬਲੈਕ ਆਊਟ’’ਚ
Tuesday, Feb 20, 2024 - 03:10 PM (IST)
ਜਲੰਧਰ (ਪੁਨੀਤ) : ਪੰਜਾਬ ’ਚ ਬਾਰਿਸ਼ ਦੇ ਆਸਾਰ ਬਣੇ ਹੋਏ ਹਨ ਅਤੇ ਤੇਜ਼ ਹਨ੍ਹੇਰੀ ਨੇ ਮੌਸਮ ਦਾ ਮਿਜ਼ਾਜ ਬਦਲ ਦਿੱਤਾ ਹੈ, ਜਿਸ ਕਾਰਨ ਵੱਧ ਤੋਂ ਵੱਧ ਤਾਪਮਾਨ ’ਚ ਗਿਰਾਵਟ ਦਰਜ ਹੋਈ ਹੈ। ਰਾਤ ਦੇ ਸਮੇਂ ਤਾਪਮਾਨ 3-4 ਡਿਗਰੀ ਤਕ ਘਟਿਆ ਹੈ, ਜਿਸ ਕਾਰਨ ਇਕਦਮ ਠੰਢਕ ਦਾ ਅਹਿਸਾਸ ਵਧ ਗਿਆ ਹੈ। ਦੂਜੇ ਪਾਸੇ ਤੇਜ਼ ਹਵਾਵਾਂ ਅਤੇ ਹਨ੍ਹੇਰੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਵੀ ਉਠਾਉਣੀਆਂ ਪੈ ਰਹੀਆਂ ਹਨ। ਖ਼ਾਸ ਤੌਰ ’ਤੇ ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਹੋ ਰਿਹਾ ਹੈ। ਸਵੇਰ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਅਤੇ ਹਨ੍ਹੇਰੀ ਕਾਰਨ ਜਲੰਧਰ ਸਰਕਲ ’ਚ 3200 ਤੋਂ ਵੱਧ ਸ਼ਿਕਾਇਤਾਂ ਦਰਜ ਹੋਈਆਂ ਅਤੇ ਵੱਖ-ਵੱਖ ਇਲਾਕਿਆਂ ’ਚ 9 ਘੰਟੇ ਤਕ ‘ਬਲੈਕ ਆਊਟ’ ਰਹਿਣ ਨਾਲ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਵੀ ਦਿੱਕਤਾਂ ਉਠਾਉਣੀਆਂ ਪਈਆਂ। ਜਲੰਧਰ ਸਰਕਲ ਵਿਚ ਪੈਂਦੀਆਂ ਮਾਡਲ ਟਾਊਨ, ਕੈਂਟ, ਈਸਟ, ਵੈਸਟ ਅਤੇ ਫਗਵਾੜਾ ਡਿਵੀਜ਼ਨਾਂ ’ਚ ਆਈਆਂ ਸ਼ਿਕਾਇਤਾਂ ਕਾਰਨ ਬਿਜਲੀ ਕਰਮਚਾਰੀਆਂ ਦਾ ਵਰਕਲੋਡ ਬੇਹੱਦ ਵਧ ਗਿਆ ਅਤੇ ਫੀਲਡ ਸਟਾਫ਼ ਨੂੰ ਦੇਰ ਰਾਤ ਤਕ ਮੁਸ਼ੱਕਤ ਕਰਨੀ ਪਈ। ਰਾਤ 11 ਵਜੇ ਤੋਂ ਬਾਅਦ ਤਕ ਜਲੰਧਰ ਸਰਕਲ ਦੇ ਵੱਖ-ਵੱਖ ਇਲਾਕਿਆਂ ’ਚ ਬਿਜਲੀ ਬੰਦ ਸੀ, ਜਿਸ ਨਾਲ ਖ਼ਪਤਕਾਰਾਂ ਨੂੰ ਕਾਫੀ ਦਿੱਕਤਾਂ ਉਠਾਉਣੀਆਂ ਪੈ ਰਹੀਆਂ ਸਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲ ਦੇ ਆਧਾਰ ’ਤੇ ਬਿਜਲੀ ਦੀ ਰਿਪੇਅਰ ਕਰਵਾਈ ਗਈ, ਜਦਕਿ ਲੋਕਾਂ ਦਾ ਕਹਿਣਾ ਸੀ ਕਿ ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਕਰਮਚਾਰੀ ਮੌਕੇ ’ਤੇ ਨਹੀਂ ਪੁੱਜੇ, ਜਿਸ ਕਾਰਨ ਮੁਸ਼ਕਲਾਂ ’ਚ ਇਜ਼ਾਫਾ ਹੋਇਆ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024 : ਕ੍ਰਿਕਟਰ ਸ਼ੁਭਮਨ ਗਿੱਲ ਨੂੰ ਬਣਾਇਆ ‘ਸਟੇਟ ਆਈਕੋਨ’
ਬਿਜਲੀ ਸਮੇਂ ’ਤੇ ਸ਼ੁਰੂ ਨਾ ਹੋਣ ਦਾ ਕਾਰਨ ਸਟਾਫ਼ ਦੀ ਸ਼ਾਰਟੇਜ ਦੱਸਿਆ ਜਾ ਰਿਹਾ ਹੈ। ਇਸੇ ਕ੍ਰਮ ’ਚ ਵੈਸਟ ਡਵੀਜ਼ਨ ਅਧੀਨ ਪੈਂਦੇ ਰਾਜ ਨਗਰ ਅਤੇ ਨੇੜਲੇ ਵੱਖ-ਵੱਖ ਇਲਾਕਿਆਂ ’ਚ ਦੁਪਹਿਰ ਸਮੇਂ ਬੰਦ ਹੋਈ ਬਿਜਲੀ 7-8 ਵਜੇ ਤਕ ਚਾਲੂ ਨਹੀਂ ਹੋ ਸਕੀ ਸੀ। ਇਸੇ ਤਰ੍ਹਾਂ ਕੈਂਟ ਡਵੀਜ਼ਨ ਅਧੀਨ ਪੈਂਦੇ ਲੱਧੇਵਾਲੀ ਦੇ ਪਾਰਕ ਐਵੇਨਿਊ ਦੇ ਲੋਕਾਂ ਨੂੰ 8-9 ਘੰਟੇ ਬਿਨਾਂ ਬਿਜਲੀ ਦੇ ਕਾਫੀ ਦਿੱਕਤਾਂ ਉਠਾਉਣੀਆਂ ਪਈਆਂ। ਦੂਜੇ ਪਾਸੇ ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਵੱਖ-ਵੱਖ ਥਾਵਾਂ ’ਤੇ ਫਾਲਟ ਨਿਪਟਾਉਣ ਲਈ ਕਰਮਚਾਰੀਆਂ ਨੂੰ ਕਈ ਘੰਟੇ ਜੱਦੋ-ਜਹਿਦ ਕਰਨੀ ਪਈ। ਉਨ੍ਹਾਂ ਕਿਹਾ ਕਿ ਖ਼ਪਤਕਾਰ ਚਾਹੁੰਦਾ ਹੈ ਕਿ ਸ਼ਿਕਾਇਤ ਲਿਖਵਾਉਣ ਦੇ ਤੁਰੰਤ ਬਾਅਦ ਕਰਮਚਾਰੀ ਮੌਕੇ ’ਤੇ ਪਹੁੰਚ ਜਾਣ ਪਰ ਕਈ ਵਾਰ ਅਜਿਹਾ ਸੰਭਵ ਨਹੀਂ ਹੋ ਪਾਉਂਦਾ। ਇਸ ਲਈ ਲੋਕਾਂ ਨੂੰ ਉਡੀਕ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ ਤੇ ਅਨਮੋਲ ਗਗਨ ਮਾਨ ਨੂੰ ਵਾਅਦੇ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ਦੇਣਾ ਚਾਹੀਦਾ : ਬਾਜਵਾ
1912 ਮਿਲਦਾ ਨਹੀਂ, ਦਫਤਰਾਂ ’ਚ ਲਟਕੇ ਹਨ ਤਾਲੇ
ਦੂਜੇ ਪਾਸੇ ਲੋਕਾਂ ਦਾ ਕਹਿਣਾ ਸੀ ਕਿ ਪਾਵਰ ਨਿਗਮ ਦਾ ਸ਼ਿਕਾਇਤ ਕੇਂਦਰ ਨੰਬਰ 1912 ਵਧੇਰੇ ਬਿਜ਼ੀ ਰਹਿੰਦਾ ਹੈ, ਜਿਸ ਕਾਰਨ ਨੇੜਲੇ ਸ਼ਿਕਾਇਤ ਕੇਂਦਰ ’ਤੇ ਜਾਂਦੇ ਹਨ ਪਰ ਉਥੇ ਵੀ ਤਾਲਾ ਲਟਕਿਆ ਹੁੰਦਾ ਹੈ, ਜਿਸ ਕਾਰਨ ਉਹ ਆਪਣੀ ਸ਼ਿਕਾਇਤ ਦਰਜ ਕਰਵਾਉਣ ’ਚ ਵੀ ਅਸਮਰੱਥ ਰਹਿੰਦੇ ਹਨ।
ਇਹ ਵੀ ਪੜ੍ਹੋ : ਸਰਕਾਰ ਨੇ ਮੀਟਿੰਗ ’ਚ ਮੰਗਾਂ ਦਾ ਹੱਲ ਨਾ ਕੀਤਾ ਤਾਂ ਦਿੱਲੀ ਕੂਚ ਕਰਾਂਗੇ : ਡੱਲੇਵਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e