ਗਣਤੰਤਰ ਦਿਵਸ ਦੇ ਮੱਦੇਨਜ਼ਰ 'ਡ੍ਰੋਨ' ਦੀ ਵਰਤੋਂ 'ਤੇ ਲੱਗੀ ਪਾਬੰਦੀ

Friday, Jan 24, 2020 - 11:56 AM (IST)

ਗਣਤੰਤਰ ਦਿਵਸ ਦੇ ਮੱਦੇਨਜ਼ਰ 'ਡ੍ਰੋਨ' ਦੀ ਵਰਤੋਂ 'ਤੇ ਲੱਗੀ ਪਾਬੰਦੀ

ਜਲੰਧਰ (ਸ਼ੋਰੀ) : ਗਣਤੰਤਰ ਦਿਵਸ ਨੂੰ ਵੇਖਦਿਆਂ ਕਮਿਸ਼ਨਰੇਟ ਪੁਲਸ ਜਲੰਧਰ ਨੇ ਆਪਣੇ ਅਧਿਕਾਰ ਖੇਤਰ ਵਿਚ ਅਮਨ ਤੇ ਸ਼ਾਂਤੀ ਬਣਾਈ ਰੱਖਣ ਦੇ ਉਦੇਸ਼ ਨਾਲ 26 ਜਨਵਰੀ 2020 ਤੱਕ ਡ੍ਰੋਨ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ। ਇਹ ਹੁਕਮ ਤਤਕਾਲ ਪ੍ਰਭਾਵ ਨਾਲ ਕੱਲ ਤੋਂ ਲਾਗੂ ਹੋ ਜਾਣਗੇ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਹੁਕਮਾਂ 'ਤੇ ਡਿਪਟੀ ਕਮਿਸ਼ਨਰ ਆਫ ਪੁਲਸ (ਲਾਅ ਐਂਡ ਆਰਡਰ) ਬਲਕਾਰ ਸਿੰਘ ਨੇ ਧਾਰਾ 144 ਦੇ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਪਾਬੰਦੀਆਂ ਲਾਗੂ ਕੀਤੀਆਂ ਹਨ।

PunjabKesari

ਡੀ. ਸੀ. ਪੀ. ਬਲਕਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਇਹ ਗੱਲ ਆਈ ਹੈ ਕਿ ਅੱਜ ਕਲ ਵਿਆਹ ਸ਼ਾਦੀਆਂ ਅਤੇ ਹੋਰ ਧਾਰਮਿਕ, ਸਮਾਜਿਕ ਪ੍ਰੋਗਰਾਮਾਂ ਵਿਚ ਵੀਡੀਓਗ੍ਰਾਫੀ ਲਈ ਜਾਂ ਕਿਸੇ ਹੋਰ ਉਦੇਸ਼ ਲਈ ਡ੍ਰੋਨ ਆਦਿ ਦੀ ਕਾਫੀ ਵਰਤੋਂ ਕੀਤੀ ਜਾ ਰਹੀ ਹੈ। ਇੰਟੈਲੀਜੈਂਸ ਏਜੰਸੀਆਂ ਅਤੇ ਹੋਰ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗਣਤੰਤਰ ਦਿਵਸ ਮੌਕੇ ਸੁਰੱਖਿਆ ਅਤੇ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਡ੍ਰੋਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਕਮਿਸ਼ਨਰੇਟ ਜਲੰਧਰ ਦੇ ਅਧਿਕਾਰ ਖੇਤਰ ਵਿਚ ਡ੍ਰੋਨ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਜ਼ਿਕਰਯੋਗ ਹੈ ਕਿ ਬੀ. ਐੱਸ. ਐੱਫ. ਦੇ ਨਾਲ ਮਿਲ ਕੇ ਸਰਹੱਦੀ ਇਲਾਕਿਆਂ ਵਿਚ ਅਨੇਕਾਂ ਡ੍ਰੋਨ ਬਰਾਮਦ ਵੀ ਕੀਤੇ ਗਏ ਸਨ ਜੋ ਕਿ ਸਰਹੱਦ ਪਾਰ ਤੋਂ ਭੇਜੇ ਗਏ ਸਨ।

PunjabKesari

ਡੀ. ਸੀ. ਪੀ. ਬਲਕਾਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਇਹ ਹੁਕਮ ਇਕਤਰਫਾ ਪਾਸ ਕੀਤੇ ਗਏ ਹਨ ਅਤੇ ਆਮ ਜਨਤਾ ਨੂੰ ਵੀ ਇਨ੍ਹਾਂ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਹੁਕਮਾਂ ਦੀ ਉਲੰਘਣਾ ਕਰੇਗਾ, ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਡੀ. ਸੀ. ਪੀ. ਵਲੋਂ ਜਾਰੀ ਕੀਤੇ ਗਏ ਹੁਕਮਾਂ ਦੀਆਂ ਕਾਪੀਆਂ ਮੁੱਖ ਸਕੱਤਰ, ਗ੍ਰਹਿ ਸਕੱਤਰ, ਡੀ. ਜੀ. ਪੀ. ਪੰਜਾਬ, ਏ. ਡੀ. ਜੀ. ਪੀ. (ਲਾਅ ਐਂਡ ਆਰਡਰ), ਜ਼ਿਲਾ ਤੇ ਸੈਸ਼ਨ ਜੱਜ ਜਲੰਧਰ, ਡਿਪਟੀ ਕਮਿਸ਼ਨਰ ਜਲੰਧਰ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਭੇਜੀਆਂ ਗਈਅ ਹਨ। ਦਿਲਚਸਪ ਗੱਲ ਹੈ ਕਿ ਗਣਤੰਤਰ ਦਿਵਸ ਨੂੰ ਵੇਖਦਿਆਂ ਹੁਣ ਸ਼ਹਿਰ ਵਿਚ ਡ੍ਰੋਨ ਦੀ ਵਰਤੋਂ ਬਿਲਕੁਲ ਨਹੀਂ ਹੋ ਸਕੇਗੀ।


author

cherry

Content Editor

Related News