ਜਲੰਧਰ ਤੋਂ ਵੱਡੀ ਖ਼ਬਰ, ਪ੍ਰਾਚੀਨ ਸ਼ਿਵ ਮੰਦਿਰ ’ਚ ਵਾਪਰੀ ਬੇਅਦਬੀ ਦੀ ਘਟਨਾ
Friday, Dec 31, 2021 - 02:38 PM (IST)
ਜਲੰਧਰ (ਮਹੇਸ਼)— ਪੰਜਾਬ ’ਚ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਬੇਅਦਬੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਜਲੰਧਰ ਕੈਂਟ ’ਚੋਂ ਸਾਹਮਣੇ ਆਇਆ ਹੈ, ਜਿੱਥੇ ਅਣਪਾਛਤਿਆਂ ਵੱਲੋਂ ਸ਼ਿਵ ਮੰਦਿਰ ਵਿਖੇ ਬੇਅਦਬੀ ਕੀਤੀ ਗਈ। ਜਾਣਕਾਰੀ ਮੁਤਾਬਕ ਰਾਮ ਬਾਗ ਰਹਿਮਾਨਪੁਰ ਦੇ ਪ੍ਰਾਚੀਨ ਸ਼ਿਵ ਮੰਦਿਰ ’ਚ ਸ਼ਿਵਲਿੰਗ ਦੀ ਬੇਅਦਬੀ ਕੀਤੀ ਗਈ ਹੈ। ਕੁਝ ਅਣਪਛਾਤੇ ਵਿਅਕਤੀ ਸ਼ਿਵ ਮੰਦਿਰ ਵਿਚੋਂ ਸ਼ਿਵਲਿੰਗ ਹੀ ਚੁੱਕ ਕੇ ਲੈ ਗਏ ਹਨ। ਇਸ ਘਟਨਾ ਨਾਲ ਹਿੰਦੂ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਪੁਲਸ ਨੂੰ ਦਿੱਤੀ ਗਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਪ੍ਰਾਚੀਨ ਮੰਦਿਰ ਰਾਮ ਬਾਗ ਰਹਿਮਾਨਪੁਰ ਵਿਖੇ ਬਤੌਰ ਕੈਸ਼ੀਅਰ ਹਨ ਅਤੇ ਮੰਦਿਰ ਦੇ ਦੇਖਭਾਲ ਕਰਨ ਦੇ ਨਾਲ-ਨਾਲ ਮੁੱਖ ਸੇਵਾਦਾਰ ਵੀ ਹਨ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਵਾਂਗ ਬੀਤੀ ਰਾਤ ਨੂੰ ਵੀ ਉਹ ਮੰਦਿਰ ਤੋਂ ਆਪਣੇ ਘਰ ਚਲੇ ਗਏ ਸਨ ਅਤੇ ਮੰਦਿਰ ਰਾਤ ਦੇ ਸਮੇਂ ਵੀ ਖੁੱਲ੍ਹਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਮੰਦਿਰ ’ਚ ਕੋਈ ਤਾਲਾ ਨਹੀਂ ਲੱਗਾ ਸੀ। ਸਵੇਰੇ ਜਦੋਂ 5.30 ਦੇ ਕਰੀਬ ਮੰਦਿਰ ਪੁੱਜੇ ਤਾਂ ਵੇਖਿਆ ਕਿ ਮੰਦਿਰ ਦੇ ਅੰਦਰੋਂ ਸ਼ਿਵਲਿੰਗ ਸਮੇਤ ਚਾਂਦੀ ਦੇ ਗਹਿਣੇ ਚੋਰੀ ਕੀਤੇ ਗਏ ਹਨ। ਕੋਈ ਅਣਪਛਾਤੇ ਵਿਅਕਤੀਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਥੇ ਹੀ ਉਨ੍ਹਾਂ ਨੇ ਇਸ ਮਾਮਲੇ ’ਚ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਇਥੇ ਦੱਸਣਯੋਗ ਹੈ ਕਿ ਇਹ ਮੰਦਿਰ ਰਾਮ ਬਾਗ ਵਿਖੇ ਬਣੇ ਸ਼ਮਸ਼ਾਨਘਾਟ ’ਚ ਬਣਿਆ ਹੋਇਆ ਹੈ। ਮੰਦਿਰ ਦੇ ਪ੍ਰਬੰਧਕਾਂ ਵੱਲੋਂ ਵੱਡਾ ਐਲਾਨ ਕਰਦੇ ਹੋਏ ਕਿਹਾ ਗਿਆ ਹੈ ਕਿ ਸ਼ਮਸ਼ਾਨਘਾਟ ’ਚ ਸਥਿਤ ਇਸ ਮੰਦਿਰ ’ਚ ਹੋਈ ਬੇਅਦਬੀ ਦੇ ਮੁਲਜ਼ਮ ਦੀ ਭਾਲ ਪੁਲਸ ਵੱਲੋਂ ਜਦੋਂ ਤੱਕ ਨਹੀਂ ਕੀਤੀ ਜਾਂਦੀ, ਉਦੋਂ ਤੱਕ ਉਕਤ ਸ਼ਮਸ਼ਾਨਘਾਟ ’ਚ ਕਿਸੇ ਵੀ ਮਿ੍ਰਤਕ ਵਿਅਕਤੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਫਿਲਹਾਲ ਮੰਦਿਰ ਦੇ ਪ੍ਰਬੰਧਕਾਂ ਵੱਲੋਂ ਸ਼ਿਵਲਿੰਗ ਵਾਲੇ ਸਥਾਨ ’ਤੇ ਅਸਥਾਈ ਤੌਰ ’ਤੇ ਇਕ ਸ਼ਿਵਲਿੰਗ ਸਥਾਪਿਤ ਕੀਤਾ ਗਿਆ ਹੈ। ਉਥੇ ਹੀ ਪ੍ਰਬੰਧਕਾਂ ਵੱਲੋਂ ਰੋਡ ਜਾਮ ਕਰਨ ਦੀ ਵੀ ਚਿਤਾਵਨੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਰਿਵਾਰ ਸਮੇਤ ਮਾਂ ਬਗਲਾਮੁਖੀ ਮੰਦਿਰ ਹੋਏ ਨਤਮਸਤਕ
ਮੌਕੇ ’ਤੇ ਪਹੁੰਚੇ ਏ. ਸੀ. ਪੀ. ਰਵਿੰਦਰ ਸਿੰਘ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਪਰਾਗਪੁਰ ਕੈਂਟ ਵਿਖੇ 141 ਨੰਬਰ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਥੇ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਦੀ ਘਟਨਾ ਸਾਹਮਣੇ ਆਈ ਸੀ ਅਤੇ ਭੀੜ ਵੱਲੋਂ ਮੁਲਜ਼ਮ ਦੀ ਕੁੱਟਮਾਰ ਕਰਕੇ ਮੌਤੇ ਦੇ ਘਾਟ ਉਤਾਰ ਦਿੱਤਾ ਗਿਆ। ਇਸ ਤੋਂ ਇਲਾਵਾ ਅਜਿਹੀ ਹੀ ਵਾਰਦਾਤ ਕਪੂਰਥਲਾ ਵਿਖੇ ਵੀ ਵੇਖਣ ਨੂੰ ਮਿਲੀ, ਜਿੱਥੇ ਬੇਅਦਬੀ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਭੀੜ ਵੱਲੋਂ ਮੁਲਜ਼ਮ ਦਾ ਕਤਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਸੁਨੀਲ ਜਾਖੜ ਦੇ ਬੇਬਾਕ ਬੋਲ, ਕਿਹਾ- ਕਾਂਗਰਸ ਲਈ ਸਾਰੇ ਵਰਗ ਇਕ ਬਰਾਬਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ