ਸਾਵਧਾਨ! ਅਸੀਂ ਹੋਰ ਨਹੀਂ ਸਹਿ ਸਕਦੇ ਆਪਣਿਆਂ ਤੋਂ ਵਿਛੜਨ ਦਾ ਗਮ
Wednesday, Jun 17, 2020 - 09:58 AM (IST)
ਜਲੰਧਰ (ਵਿਸ਼ੇਸ਼) : ਖ਼ਬਰ ਦਾ ਸਿਰਲੇਖ ਤੁਹਾਨੂੰ ਡਰਾਉਣ ਲਈ ਨਹੀਂ ਹੈ ਸਗੋਂ ਤੁਹਾਨੂੰ ਸਾਵਧਾਨ ਕਰਨ ਲਈ ਹੈ ਕਿਉਂਕਿ ਪਿਛਲੇ 16 ਦਿਨਾਂ 'ਚ ਸਾਡੀ ਲਾਪਰਵਾਹੀ ਸਾਡੇ ਆਪਣਿਆਂ ਦੇ ਵਿਛੜਨ ਦਾ ਕਾਰਣ ਬਣੀ ਹੈ ਅਤੇ ਅਸੀਂ 37 ਅਜਿਹੇ ਆਪਣਿਆਂ ਤੋਂ ਵਿੱਛੜ ਚੁੱਕੇ ਹਾਂ ਜਿਨ੍ਹਾਂ ਦਾ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਯੋਗਦਾਨ ਰਿਹਾ ਹੈ। 31 ਮਈ ਨੂੰ ਪੰਜਾਬ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 45 ਸੀ ਜੋ ਹੁਣ ਵਧ ਕੇ 82 ਹੋ ਗਈ ਹੈ। ਇਸ ਦੌਰਾਨ ਕੋਰੋਨਾ ਦੇ ਰੋਗੀਆਂ ਦੀ ਗਿਣਤੀ 2301 ਤੋਂ ਵਧ ਕੇ 3409 ਹੋ ਗਈ ਹੈ। ਪਿਛਲੇ 16 ਦਿਨਾਂ 'ਚ ਪੰਜਾਬ 'ਚ ਕੋਰੋਨਾ ਦੇ 1100 ਤੋਂ ਵੱਧ ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। 37 ਆਪਣਿਆਂ ਨੂੰ ਗੁਆਉਣ ਦੇ ਬਾਵਜੂਦ ਇਹ ਸੰਕਟ ਸਾਡੇ 'ਤੇ ਬਣਿਆ ਹੋਇਆ ਹੈ ਅਤੇ 11 ਲੋਕ ਵੈਂਟੀਲੇਟਰ 'ਤੇ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ।
16 ਦਿਨ 37 ਮੌਤਾਂ
ਪੰਜਾਬ 'ਚ 74 ਦਿਨਾਂ 'ਚ ਹੋਈਆਂ 45 ਮੌਤਾਂ, ਹੁਣ ਵਧੀ ਰਫਤਾਰ
ਮਿਤੀ | ਮੌਤਾਂ |
1 ਜੂਨ | 1 |
3 ਜੂਨ | 2 |
4 ਜੂਨ | 1 |
5 ਜੂਨ | 1 |
7 ਜੂਨ | 2 |
9 ਜੂਨ | 4 |
10 ਜੂਨ | 2 |
11 ਜੂਨ | 4 |
12 ਜੂਨ | 1 |
13 ਜੂਨ | 8 |
14 ਜੂਨ | 3 |
15 ਜੂਨ | 1 |
16 ਜੂਨ | 7 |
ਪੰਜਾਬ 'ਚ ਕੋਰੋਨਾ ਨਾਲ ਪਹਿਲੀ ਮੌਤ 19 ਮਾਰਚ ਨੂੰ ਹੋਈ ਸੀ ਅਤੇ 31 ਮਈ ਤੱਕ 74 ਦਿਨਾਂ 'ਚ ਪੰਜਾਬ 'ਚ 45 ਮੌਤਾਂ ਹੋਈਆਂ ਸਨ ਪਰ ਜੂਨ ਮਹੀਨੇ ਦੇ ਪਹਿਲੇ 16 ਦਿਨ 'ਚ ਹੀ ਕੋਰੋਨਾ ਕਾਰਣ 37 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਸ ਤਰੀਕੇ ਨਾਲ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵਧ ਰਹੀ ਹੈ ਅਤੇ ਗੰਭੀਰ ਰੋਗੀਆਂ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਹੈ, ਉਸ ਨੂੰ ਦੇਖ ਕੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਮੌਤਾਂ ਦਾ ਇਹ ਅੰਕੜਾ ਵਧ ਸਕਦਾ ਹੈ ਅਤੇ ਪਹਿਲੇ 74 ਦਿਨ 'ਚ ਹੋਈਆਂ 45 ਮੌਤਾਂ ਦੇ ਬਰਾਬਰ ਜਾ ਸਕਦਾ ਹੈ।
ਇਸ ਜੰਗ 'ਚ ਸਾਵਧਾਨੀ ਹੀ ਸਭ ਤੋਂ ਵੱਡਾ ਹਥਿਆਰ
ਪੰਜਾਬ ਲਈ ਹਰ ਜ਼ਿੰਦਗੀ ਕੀਮਤੀ ਹੈ। ਸਾਡੇ ਤੋਂ ਵਿਛੜਨ ਵਾਲਾ ਹਰ ਵਿਅਕਤੀ ਸਾਡੇ ਅਤੇ ਤੁਹਾਡੇ ਲਈ ਅਹਿਮ ਹੈ। ਲਿਹਾਜਾ ਕੋਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਇਸ ਮਾਮਲੇ 'ਚ ਕੋਈ ਵੀ ਲਾਪਰਵਾਹੀ ਨਾ ਕੀਤੀ ਜਾਵੇ। ਕਿਉਂਕਿ ਲਾਕਡਾਊਨ ਦੇ ਨਿਯਮਾਂ 'ਚ ਢਿੱਲ ਤੋਂ ਬਾਅਦ ਸਾਡਾ ਰਵੱਈਆ ਵੀ ਥੋੜਾ ਲਾਪਰਵਾਹੀ ਹੋਇਆ ਹੈ ਅਤੇ ਅਸੀਂ ਇਸ ਦੀ ਕੀਮਤ ਵੀ ਅਦਾ ਕਰ ਰਹੇ ਹਾਂ। ਲਿਹਾਜਾ ਇਸ ਬੀਮਾਰੀ ਨੂੰ ਗੰਭੀਰਤਾ ਨਾਲ ਲਿਆ ਜਾਵੇ ਕਿਉਂਕਿ ਸੀ ਅਤੇ ਤੁਹਾਡੀ ਸਾਵਧਾਨੀ ਹੀ ਕੋਰੋਨਾ ਨਾਲ ਇਸ ਜੰਗ 'ਚ ਸਭ ਤੋਂ ਵੱਡਾ ਹਥਿਆਰ ਹੈ।