ਜਲੰਧਰ 'ਚ ਪੁਲਸ ਦੀ ਗੁੰਡਾਗਰਦੀ, ਦੋ ਪੱਤਰਕਾਰਾਂ ਨੂੰ ਬੇਰਹਿਮੀ ਨਾਲ ਕੁੱਟਿਆ (ਤਸਵੀਰਾਂ)
Monday, Jul 01, 2019 - 01:20 PM (IST)

ਜਲੰਧਰ (ਸੋਨੂੰ)— ਆਏ ਦਿਨ ਜਲੰਧਰ 'ਚ ਪੁਲਸ ਦੀ ਗੁੰਡਾਗਰਦੀ ਦੇਖਣ ਨੂੰ ਮਿਲ ਰਹੀ ਹੈ। ਬੀਤੇ ਦਿਨੀਂ ਪੁਲਸ ਨੇ ਰਾਮਾਮੰਡੀ ਇਲਾਕੇ 'ਚ ਇਕ ਰੇਹੜੀ ਵਾਲੇ ਦੀ ਕੁੱਟਮਾਰ ਕਰ ਦਿੱਤੀ ਸੀ। ਹੁਣ ਫਿਰ ਤੋਂ ਤਾਜ਼ਾ ਮਾਮਲਾ ਇਹ ਸਾਹਮਣੇ ਆਇਆ ਹੈ ਕਿ ਪੁਲਸ ਵੱਲੋਂ ਦੋ ਪੱਤਰਕਾਰ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।
ਹਸਪਤਾਲ 'ਚ ਦਾਖਲ ਇਕ ਪੱਤਰਕਾਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਹ ਇਕ ਕਤਲ ਦੀ ਖਬਰ ਕਰਕੇ ਕੁਝ ਪੱਤਰਕਾਰਾਂ ਨਾਲ ਵਾਪਸ ਆਪਣੇ ਘਰ ਜਾ ਰਹੇ ਸਨ ਕਿ ਦੋ ਪੁਲਸ ਮੁਲਾਜ਼ਮ ਏ. ਐੱਸ. ਆਈ. ਬਲਬੀਰ ਸਿੰਘ ਅਤੇ ਏ. ਐੱਸ. ਆਈ. ਰਣਜੀਤ ਨੇ ਮੋਟਰਸਾਈਕਲ 'ਤੇ ਜਾ ਰਹੇ 2 ਪੱਤਰਕਾਰਾਂ ਨੂੰ ਰੋਕਿਆ ਅਤੇ ਪੁੱਛਗਿੱਛ ਦੌਰਾਨ ਬਹਿਸ ਕਰਦੇ ਹੋਏ ਉਨ੍ਹਾਂ ਨਾਲ ਕੁੱਟਮਾਰ ਕਰ ਦਿੱਤੀ।
ਸਾਹਮਣੇ ਆਈ ਵੀਡੀਓ 'ਚ ਪੱਤਰਕਾਰ ਖੁਦ ਆਪਣੀ ਪਛਾਣ ਦੱਸ ਰਹੇ ਹਨ ਪਰ ਦੋਵੇਂ ਪੁਲਸ ਵਾਲਿਆਂ ਨੇ ਉਨ੍ਹਾਂ ਦੀ ਇਕ ਨਾ ਸੁਣੀ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਜਦੋਂ ਬਾਕੀ ਪੱਤਰਕਾਰ ਸਾਥੀਆਂ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨੂੰ ਗਾਲਾਂ ਕੱਢੀਆਂ ਅਤੇ ਚਲੇ ਗਏ। ਉਥੇ ਹੀ ਜਦੋਂ ਇਸ ਸਾਰੀ ਘਟਨਾ ਦੀ ਜਾਣਕਾਰੀ ਦੀ ਗੱਲ ਡੀ. ਐੱਸ. ਪੀ. ਗੁਰਮੀਤ ਸਿੰਘ ਦੇ ਨਾਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾਵੇਗੀ ਅਤੇ ਜਿਸ ਵੀ ਪੁਲਸ ਦੀ ਗਲਤੀ ਹੋਈ ਤਾਂ ਉਸ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।