ਜਲੰਧਰ ਪੁਲਸ ਦੀ ਵੱਡੀ ਸਫ਼ਲਤਾ, ਲਾਰੈਂਸ ਬਿਸ਼ਨੋਈ ਗੈਂਗ ਦੇ 8 ਗੈਂਗਸਟਰ ਹਥਿਆਰ ਤੇ ਕਾਰਤੂਸ ਸਣੇ ਗ੍ਰਿਫ਼ਤਾਰ

02/08/2024 6:55:04 PM

ਜਲੰਧਰ (ਬਿਊਰੋ, ਸੁਧੀਰ, ਮਹੇਸ਼)- ਜਲੰਧਰ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਕਮਿਸ਼ਨਰੇਟ ਪੁਲਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 8 ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਉਕਤ ਗੈਂਗਸਟਰ ਪੰਜਾਬ ਵਿਚ ਵੱਡੀ ਵਾਰਦਾਤ ਕਰਨ ਦੀ ਫਿਰਾਕ ਵਿਚ ਸਨ। ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਕੋਲੋਂ ਤਿੰਨ ਪਿਸਤੌਲਾਂ, 10 ਕਾਰਤੂਸ ਅਤੇ ਵਾਹਨ ਬਰਾਮਦ ਕੀਤੇ ਗਏ ਹਨ। ਉਕਤ ਗੈਂਗਸਟਰ ਧਮਕੀਆਂ, ਫਿਰੌਤੀ, ਜਬਰੀ ਵਸੂਲੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਸਨ।

ਇਨ੍ਹਾਂ ਗੈਂਗਸਟਰਾਂ ਨੇ ਹੀ ਸਥਾਨਕ ਸ਼ਕਤੀ ਨਗਰ ਵਿਚ ਸਥਿਤ ਕਰਮਾ ਫੈਸ਼ਨ ਸਟੋਰ (ਕੱਪੜਾ ਵਪਾਰੀ) ਦੇ ਮਾਲਕ ਨੂੰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨਾਂ ’ਤੇ ਧਮਕੀ ਭਰੀ ਚਿੱਠੀ ਲਿਖ ਕੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਅੱਜ ਸਾਰੇ 8 ਮੁਲਜ਼ਮਾਂ ਨੂੰ ਕਮਿਸ਼ਨਰੇਟ ਪੁਲਸ ਨੇ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਫਿਲਹਾਲ ਜਾਂਚ ਵਿਚ ਫੜੇ ਗਏ ਮੁਲਜ਼ਮ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਾਂ ਦੀ ਵਰਤੋਂ ਕਰਨ ਵਾਲੇ ਦੱਸੇ ਜਾ ਰਹੇ ਹਨ, ਜਦਕਿ ਜਾਂਚ ਵਿਚ ਉਨ੍ਹਾਂ ਦਾ ਉਕਤ ਗੈਂਗ ਨਾਲ ਕੋਈ ਕੁਨੈਕਸ਼ਨ ਸਾਹਮਣੇ ਨਹੀਂ ਆ ਰਿਹਾ।
 

PunjabKesariਪੁਲਸ ਕਮਿਸ਼ਨਰ ਸਵਪਨ ਸ਼ਰਮਾ ਤੇ ਜੁਆਇੰਟ ਸੀ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁਲਸ ਨੇ 2 ਵਿਦੇਸ਼ੀ ਪਿਸਤੌਲ, ਇਕ ਦੇਸੀ ਕੱਟਾ, 10 ਜ਼ਿੰਦਾ ਕਾਰਤੂਸ, 4 ਮੈਗਜ਼ੀਨ, ਇਕ ਸਪਲੈਂਡਰ ਮੋਟਰਸਾਈਕਲ ਅਤੇ 2 ਐਕਟਿਵਾ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਸੰਜੇ ਬਾਬਾ ਨਿਵਾਸੀ ਮੁਹੱਲਾ ਕਰਾਰ ਖਾਂ, ਦੀਪਕ ਕੁਮਾਰ ਉਰਫ ਦੀਪਕ ਨਿਵਾਸੀ ਰਤਨ ਨਗਰ ਗੁਲਾਬ ਦੇਵੀ ਰੋਡ, ਗਜਿੰਦਰ ਰਾਜਪੂਤ ਉਰਫ ਗੱਜੂ ਨਿਵਾਸੀ ਨਿਊ ਸ਼ਹੀਦ ਬਾਬੂ ਲਾਭ ਸਿੰਘ ਨਗਰ, ਰਾਧੇ ਨਿਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ, ਅਭਿਸ਼ੇਕ ਗਿੱਲ ਨਿਵਾਸੀ ਗੁਰਦੇਵ ਨਗਰ, ਪੱਪੂ ਨਿਵਾਸੀ ਸ਼ਹੀਦ ਬਾਬੂ ਲਾਭ ਿਸੰਘ ਨਗਰ, ਮਨੋਜ ਨਿਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ, ਦੀਪਕ ਨਿਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਜੋਂ ਹੋਈ ਹੈ।

ਸੀ. ਪੀ. ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਨੂੰ ਕਮਿਸ਼ਨਰੇਟ ਪੁਲਸ ਨੇ ਧੋਬੀ ਘਾਟ ਨੇੜਿਓਂ ਗ੍ਰਿਫ਼ਤਾਰ ਕੀਤਾ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਦੀਆਂ ਸਰਗਰਮੀਆਂ ਰਾਸ਼ਟਰੀ ਹੱਦਾਂ ਤੋਂ ਪਰ੍ਹੇ ਫੈਲੀਆਂ ਹੋਈਆਂ ਸਨ, ਜਿਨ੍ਹਾਂ ਦਾ ਸੰਬੰਧ ਮੌਜੂਦਾ ਸਮੇਂ ਇੰਗਲੈਂਡ ਵਿਚ ਰਹਿ ਰਹੇ ਸੂਰਜ ਨਾਂ ਦੇ ਨੌਜਵਾਨ ਨਾਲ ਵੀ ਸੀ, ਜਿਸ ਦੀ ਵੀ ਪੁਲਸ ਜਾਂਚ ਕਰ ਰਹੀ ਹੈ। ਵਰਣਨਯੋਗ ਹੈ ਕਿ ਸ਼ਕਤੀ ਨਗਰ ਵਿਚ ਸਥਿਤ ਕਰਮਾ ਫੈਸ਼ਨ ਸਟੋਰ ਦੇ ਮਾਲਕ ਸ਼ੇਖਰ ਨੂੰ 2 ਦਸੰਬਰ ਨੂੰ ਪਹਿਲਾਂ ਉਸ ਦੇ ਮੋਬਾਇਲ ਫੋਨ ’ਤੇ ਿਵਦੇਸ਼ੀ ਨੰਬਰ ਤੋਂ ਧਮਕੀ ਭਰਿਆ ਮੈਸੇਜ ਆਇਆ। ਇਸ ਤੋਂ ਬਾਅਦ 16 ਜਨਵਰੀ ਨੂੰ ਵਿਦੇਸ਼ੀ ਨੰਬਰ ਤੋਂ ਇਕ ਕਾਲ ਆਈ ਪਰ ਕਿਸੇ ਕਾਰਨ ਉਹ ਰਿਸੀਵ ਨਹੀਂ ਹੋ ਸਕੀ। 27 ਜਨਵਰੀ ਨੂੰ ਕਰਮਾ ਫੈਸ਼ਨ ਸ਼ੋਅ ਦੇ ਬਾਹਰ ਤਾਇਨਾਤ ਸਿਕਿਓਰਿਟੀ ਗਾਰਡ ਨੇ ਇਕ ਧਮਕੀ ਭਰੀ ਚਿੱਠੀ, ਜਿਸ ਦੇ ਨਾਲ ਜ਼ਿੰਦਾ ਕਾਰਤੂਸ ਵੀ ਸੀ, ਸ਼ੋਅਰੂਮ ਦੇ ਮਾਲਕ ਨੂੰ ਦਿੱਤੀ। ਇਸ ਤੋਂ ਬਾਅਦ 28 ਜਨਵਰੀ ਨੂੰ ਇਕ ਹੋਰ ਵਿਦੇਸ਼ੀ ਨੰਬਰ ਤੋਂ ਕਾਲ ਆਈ, ਜਿਸ ਨੂੰ ਸ਼ੋਅਰੂਮ ਮਾਲਕ ਦੀ ਮਾਂ ਨੇ ਚੁੱਕਿਆ, ਜਿਸ ਵਿਚ ਮੁਲਜ਼ਮਾਂ ਨੇ ਉਨ੍ਹਾਂ ਕੋੋਲੋਂ 50 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ। 29 ਜਨਵਰੀ ਨੂੰ ਫਿਰ ਫੋਨ ’ਤੇ ਮੈਸੇਜ ਆਏ।

ਪੀੜਤ ਪਰਿਵਾਰ ਨੇ ਇਸ ਸਬੰਧੀ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਸ਼ਿਕਾਇਤ ਿਦੱਤੀ, ਜਿਸ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਥਾਣਾ ਨੰਬਰ 4 ਵਿਚ ਪੀੜਤ ਧਿਰ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਜਾਂਚ ਵਿਚ ਸਾਹਮਣੇ ਆਇਆ ਕਿ ਸ਼ੋਅਰੂਮ ਦੇ ਬਾਹਰ ਧਮਕੀ ਭਰੀ ਚਿੱਠੀ ਸੁੱਟਣ ਲਈ 2 ਨੌਜਵਾਨ ਮੋਟਰਸਾਈਕਲ ’ਤੇ ਆਏ ਸਨ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਅਤੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ:  ਪੰਜਾਬ ਦੇ ਇਸ ਜ਼ਿਲ੍ਹੇ 'ਚ ਪੈ ਰਹੀ ਹੱਡ ਚੀਰਵੀਂ ਠੰਡ ਨੇ ਠਾਰੇ ਲੋਕ, ਜਾਣੋ ਅਗਲੇ ਦਿਨਾਂ ਦਾ ਹਾਲ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News