ਜਲੰਧਰ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਲਾਂਚ ਕੀਤਾ 'ਸਹਿਯੋਗ ਪ੍ਰਾਜੈਕਟ', ਇਕ ਕਲਿੱਕ ਜ਼ਰੀਏ ਹੋ ਸਕੇਗੀ ਸ਼ਿਕਾਇਤ

Sunday, Sep 01, 2024 - 07:08 PM (IST)

ਜਲੰਧਰ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਲਾਂਚ ਕੀਤਾ 'ਸਹਿਯੋਗ ਪ੍ਰਾਜੈਕਟ', ਇਕ ਕਲਿੱਕ ਜ਼ਰੀਏ ਹੋ ਸਕੇਗੀ ਸ਼ਿਕਾਇਤ

ਜਲੰਧਰ (ਵੈੱਬ ਡੈਸਕ, ਸੁਧੀਰ)- ਜਲੰਧਰ ਸ਼ਹਿਰ ਵਿਚ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ 'ਸਹਿਯੋਗ ਪ੍ਰਾਜੈਕਟ' ਲਾਂਚ ਕੀਤਾ ਹੈ। ਇਹ ਪ੍ਰਾਜੈਕਟ ਪਬਲਿਕ ਪਾਰਟਨਰਸ਼ਿਪ ਦੇ ਸੰਬੰਧ ਵਿਚ ਹੈ। ਐੱਮ. ਜੀ. ਐੱਨ. ਸਕੂਲ ਵਿਚ ਪੁਲਸ ਕਮਿਸ਼ਨਰ ਨੇ ਇਸ ਪ੍ਰੋਗਰਾਮ ਦੀ ਸ਼ੁਰੂ ਕੀਤੀ। ਇਸ ਦੌਰਾਨ ਸ਼ਹਿਰ ਦੀਆਂ ਕਈ ਸੁਸਾਇਟੀਆਂ ਦੇ ਨੁਮਾਇੰਦੇ ਵੀ ਪਹੁੰਚੇ। ਇਸ ਮੌਕੇ ਪੁਲਸ ਕਮਿਸ਼ਨਰ ਨੇ ਵਨ-ਟੂ-ਵਨ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸੁਝਾਅ ਵੀ ਮੰਗੇ। 

PunjabKesari

ਇਸ ਮੌਕੇ ਉਨ੍ਹਾਂ ਨਾਲ ਏ. ਡੀ. ਸੀ. ਪੀ. ਸਿਟੀ-1 ਤੇਜਬੀਰ ਸਿੰਘ ਹੁੰਦਲ, ਏ. ਸੀ. ਪੀ. ਸੈਂਟਰਲ ਨਿਰਮਲ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਉਸ ਦਾ ਮਕਸਦ ਸਮਾਜ ’ਚ ਹਾਂ-ਪੱਖੀ ਬਦਲਾਅ ਲਿਆਉਣਾ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਸ਼ਹਿਰ ਵਾਸੀਆਂ ਨੂੰ ਇਲਾਕੇ ’ਚ ਪੈਣ ਵਾਲੇ ਥਾਣਿਆਂ, ਪੁਲਸ ਕਮਿਸ਼ਨਰ ਆਫ਼ਿਸ, ਐੱਸ. ਐੱਸ. ਪੀ. ਆਫ਼ਿਸ ਜਾਂ ਫਿਰ ਪੁਲਸ ਕੰਟਰੋਲ ਰੂਮ ਨੰ. 100 ਤੇ 112 ਬਾਰੇ ਪਤਾ ਹੁੰਦਾ ਹੈ, ਜਦਕਿ ਕਿਸੇ ਵੀ ਵਿਅਕਤੀ ਨੂੰ ਆਪਣੇ-ਆਪਣੇ ਖੇਤਰ ਦੇ ਪੀ. ਸੀ. ਆਰ. ਮੁਲਾਜ਼ਮਾਂ ਦਾ ਨੰਬਰ, ਏ. ਡੀ. ਸੀ. ਪੀ., ਏ. ਸੀ. ਪੀ. ਥਾਣਾ ਇੰਚਾਰਜਾਂ ਦਾ ਨੰਬਰ ਨਹੀਂ ਪਤਾ ਹੁੰਦਾ, ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਉਦਾਹਰਣ ਦੇ ਤੌਰ ’ਤੇ ਜਿਵੇਂ ਲੋਕ ਅਜੇ ਵੀ ਕੋਈ ਸੂਚਨਾ ਦੇਣ ਲਈ ਪੁਲਸ ਦੇ ਕੰਟਰੋਲ ਰੂਮ ਨੰਬਰ 100 ’ਤੇ ਡਾਇਲ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜਦਕਿ 100 ਨੰਬਰ ਨੂੰ ਬੰਦ ਹੋਏ ਕਾਫ਼ੀ ਸਮਾਂ ਹੋ ਚੁੱਕਾ ਹੈ, ਜਿਸ ਦੀ ਥਾਂ ’ਤੇ ਪੰਜਾਬ ਸਰਕਾਰ ਨੇ 112 ਹੈਲਪਲਾਈਨ ਨੰਬਰ ਜਾਰੀ ਕੀਤਾ ਹੋਇਆ ਹੈ। ਅਜਿਹੀਆਂ ਕਈ ਚੀਜ਼ਾਂ ਅਜਿਹੀਆਂ ਹਨ, ਜਿਸ ਦਾ ਆਮ ਪਬਲਿਕ ਨੂੰ ਪਤਾ ਤਕ ਨਹੀਂ।

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਮੇਲੇ ਦੌਰਾਨ ਵੱਡਾ ਹਾਦਸਾ, ਮੱਥਾ ਟੇਕਣ ਆਈ ਬਜ਼ੁਰਗ ਔਰਤ ਦੀ ਤੜਫ਼-ਤੜਫ਼ ਕੇ ਹੋਈ ਮੌਤ

ਉਨ੍ਹਾਂ ਦੱਸਿਆ ਕਿ ਸਹਿਯੋਗ ਪ੍ਰਾਜੈਕਟ ਦੇ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਐਮਰਜੈਂਸੀ 'ਤੇ ਕਿਸ ਨੂੰ ਫੋਨ ਕਰਨਾ ਹੈ ਅਤੇ ਕੀ ਰਿਸਪਾਂਸ ਰਹੇਗਾ। ਪੁਲਸ ਕਮਿਸ਼ਨਰ ਨੇ ਪ੍ਰਤੀਨਿਧੀਆਂ ਨੂੰ ਕਿਹਾ ਕਿ ਉਹ ਸਿੱਧਾ ਐੱਸ. ਐੱਚ. ਓ. ਅਤੇ ਏ. ਸੀ. ਪੀ. ਨੂੰ ਫੋਨ ਕਰਨ। ਜੇਕਰ ਉਹ ਕੋਈ ਐਕਸ਼ਨ ਨਹੀਂ ਲੈਂਦੇ ਤਾਂ ਫਿਰ ਉਨ੍ਹਾਂ ਨੂੰ ਫੋਨ ਕੀਤਾ ਜਾਵੇ। ਉਹ ਲਗਾਤਾਰ ਕਈ ਦਿਨ ਸੁਸਾਇਟੀਆਂ ਨਾਲ ਮਿਲਣਗੇ ਅਤੇ ਸਮੱਸਿਆਵਾਂ ਜਾਣਨਗੇ। ਇਸ ਮੌਕੇ ਏ. ਡੀ. ਸੀ. ਪੀ. ਤੇਜਬੀਰ ਸਿੰਘ ਹੁੰਦਲ ਅਤੇ ਏ. ਸੀ. ਪੀ. ਨਿਰਮਲ ਸਿੰਘ ਮੌਜੂਦ ਸਨ।  ਸੁਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਸ਼ਹਿਰ 'ਚ ਛੋਟੀਆਂ-ਮੋਟੀਆਂ ਵਾਰਦਾਤਾਂ ਅਤੇ ਸਨੈਚਿੰਗ ਨੂੰ ਖ਼ਤਮ ਕਰਨ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਪੁਲਸ ਦੀ ਗਸ਼ਤ ਵਧਾਈ ਜਾਵੇ, ਸਿਵਲ ਵਰਦੀ 'ਚ ਕਰਮਚਾਰੀ ਤਾਇਨਾਤ ਕੀਤੇ ਜਾਣ। ਬਸਤੀ ਖੇਤਰ ਦੇ ਇਕ ਸੁਸਾਇਟੀ ਮੈਂਬਰ ਨੇ ਕਿਹਾ ਕਿ ਇਲਾਕੇ 'ਚ ਸਥਿਤ ਸ਼ਮਸ਼ਾਨਘਾਟ ਵਿੱਚ ਨਸ਼ੇ ਦਾ ਧੰਦਾ ਚੱਲ ਰਿਹਾ ਹੈ, ਜਿਸ ਨੂੰ ਠੱਲ੍ਹ ਪਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਲੋਕਾਂ ਨੇ ਹੋਰ ਸਮੱਸਿਆਵਾਂ ਤੋਂ ਵੀ ਜਾਣੂੰ ਕਰਵਾਇਆ।

ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਜਿਵੇਂ ਕੋਈ ਵਿਅਕਤੀ ਥਾਣੇ ’ਚ ਕੋਈ ਸ਼ਿਕਾਇਤ ਦੇਣ ਜਾਂਦਾ ਹੈ ਤੇ ਜੇਕਰ ਉਸ ਨੂੰ ਥਾਣੇ ’ਚ ਇਨਸਾਫ਼ ਨਹੀਂ ਮਿਲਦਾ ਤਾਂ ਉਸ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਉਸ ਖੇਤਰ ਦਾ ਸੀਨੀ. ਪੁਲਸ ਅਧਿਕਾਰੀ ਏ. ਡੀ. ਸੀ. ਪੀ., ਏ. ਸੀ. ਪੀ. ਰੈਂਕ ਦੇ ਅਧਿਕਾਰੀ ਕਿੱਥੇ ਬੈਠਦੇ ਹਨ ਤੇ ਉਨ੍ਹਾਂ ਦੇ ਮੋਬਾਇਲ ਨੰਬਰ ਕਿਹੜੇ ਹਨ, ਜਿਨ੍ਹਾਂ ਨੂੰ ਮਿਲ ਕੇ ਉਹ ਆਪਣੀਆਂ ਸਮੱਸਿਆਵਾਂ ਨੂੰ ਜਲਦੀ ਦੂਰ ਕਰਵਾ ਸਕੇ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਬਿਹਤਰੀ ਲਈ ਤੇ ਪੁਲਸ-ਪਬਲਿਕ ’ਚ ਤਾਲਮੇਲ ਬਣਾਈ ਰੱਖਣ ਲਈ ‘ਮਿਸ਼ਨ ਸਹਿਯੋਗ’ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ’ਚ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਦੀਆਂ ਲਗਭਗ 850 ਸੰਸਥਾਵਾਂ ਅਤੇ ਉਨ੍ਹਾਂ ਦੇ ਲਗਭਗ 15 ਹਜ਼ਾਰ ਮੈਂਬਰਾਂ ਨਾਲ ਪਿਛਲੇ ਕੁਝ ਸਮੇਂ ਦੌਰਾਨ ਮੀਟਿੰਗ ਕਰ ਕੇ ਤਾਲਮੇਲ ਕਰੇਗੀ। ਸੀ. ਪੀ. ਨੇ ਕਿਹਾ ਕਿ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਦੀ ਬਿਹਤਰੀ ਲਈ 20 ਸੀਨੀ. ਪੁਲਸ ਅਧਿਕਾਰੀਆਂ ਦੀ ਚੋਣ ਕੀਤੀ ਹੈ, ਜੋ ਇਨ੍ਹਾਂ ਸੰਸਥਾਵਾਂ ਦੇ ਪ੍ਰਧਾਨ ਅਤੇ ਸੀਨੀ. ਮੈਂਬਰਾਂ ਦੇ ਨਾਲ ਮੀਟਿੰਗ ਕਰਕੇ ਸ਼ਹਿਰ ਨੂੰ ਬਿਹਤਰੀਨ ਕਰਨ ਲਈ ਆ ਰਹੀਆਂ ਸਮੱਸਿਆਵਾਂ ਨੂੰ ਜਲਦੀ ਦੂਰ ਕਰਨਗੇ। ਇਸ ਲਈ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨੂੰ ਸਬ-ਡਿਵੀਜ਼ਨ ਵਾਈਜ਼ ਸਾਰਾ ਕੰਮ ਸੌਂਪ ਦਿੱਤਾ ਗਿਆ ਹੈ।

PunjabKesari

ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਦੇ ਅਧਿਕਾਰੀ ਪਹਿਲੇ 15 ਦਿਨ ਰੋਜ਼ਾਨਾ ਮੀਟਿੰਗ ਕਰਕੇ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨਗੇ, ਜਿਸ ਤੋਂ ਬਾਅਦ ਪਹਿਲੇ 15 ਦਿਨਾਂ ਦੇ ਲਈ ਫਿਰ ਇਹ ਮੁਹਿੰਮ ਜਾਰੀ ਰਹੇਗੀ। ਸ਼ਹਿਰ ਦੀ ਬਿਹਤਰੀ ਤੇ ਸ਼ਹਿਰ ਨੂੰ ਅਪਰਾਧ ਮੁਕਤ ਬਣਾਉਣ ਲਈ ਸ਼ਹਿਰ ਵਾਸੀਆਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੁਲਸ ਤੇ ਜਨਤਾ ਦੇ ਤਾਲਮੇਲ ਨਾਲ ਹੀ ਸ਼ਹਿਰ ਨੂੰ ਅਪਰਾਧ ਮੁਕਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਅਪਰਾਧੀ ਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਜਾਵੇ।

ਲੋਕਾਂ ’ਚ ਜਾਗਰੂਕਤਾ ਲਿਆਉਣ ਦੀ ਲੋੜ
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਆਮ ਤੌਰ ’ਤੇ ਲੋਕਾਂ ਨੂੰ ਥਾਣਿਆਂ ਜਾਂ ਪੁਲਸ ਕਮਿਸ਼ਨਰਾਂ ਤੇ ਐੱਸ. ਐੱਸ. ਪੀ. ਦਫ਼ਤਰ ਦਾ ਤਾਂ ਪਤਾ ਹੁੰਦਾ ਹੈ ਪਰ ਉਥੇ ਬੈਠਣ ਵਾਲੇ ਅਧਿਕਾਰੀਆਂ ਦੇ ਆਫਿਸ ਦੇ ਲੈਂਡਲਾਈਨ ਨੰਬਰ ਤੇ ਮੋਬਾਇਲ ਨੰਬਰ ਨਹੀਂ ਪਤਾ ਹੁੰਦਾ। ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਕਮਿਸ਼ਨਰੇਟ ਆਫ਼ ਪੁਲਸ ਦੀ ਵੈੱਬਸਾਈਟ ’ਤੇ ਉਨ੍ਹਾਂ ਦੇ ਤੇ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਅਤੇ ਥਾਣਾ ਇੰਚਾਰਾਜਾਂ ਅਤੇ ਥਾਣਿਆਂ ਦੇ ਮੁਨਸ਼ੀ ਤਕ ਦੇ ਮੋਬਾਇਲ ਨੰਬਰ ਅਤੇ ਲੈਂਡ ਲਾਈਨ ਨੰਬਰ ਦਿੱਤੇ ਗਏ ਹਨ। ਕੋਈ ਵੀ ਵਿਅਕਤੀ ਔਖੇ ਸਮੇਂ ਇਨ੍ਹਾਂ ਨੰਬਰਾਂ ਦੀ ਜਾਣਕਾਰੀ ਲੈ ਕੇ ਆਪਣਾ ਕੰਮ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਵੈੱਬਸਾਈਟ ’ਤੇ ਨੰਬਰ ਲੋਡ ਕਰ ਦਿੱਤੇ ਗਏ ਹਨ।

PunjabKesari

ਅਧਿਕਾਰੀਆਂ ਦੇ ਬੈਠਣ ਦੇ ਸਥਾਨ ਕੀਤੇ ਨਿਧਾਰਿਤ
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਆਮ ਤੌਰ ’ਤੇ ਕਈ ਲੋਕਾਂ ਨੂੰ ਅਜੇ ਤਕ ਇਹ ਨਹੀਂ ਪਤਾ ਕਿ ਕਿਹੜਾ ਅਧਿਕਾਰੀ ਕਿੱਥੇ ਬੈਠਦਾ ਹੈ? ਜਿਸ ਕਾਰਨ ਲੋਕ ਅਾਮ ਤੌਰ ’ਤੇ ਸੀਨੀ. ਅਧਿਕਾਰੀਆਂ ਨੂੰ ਮਿਲਣ ਲਈ ਪੁਲਸ ਕਮਿਸ਼ਨਰ ਆਫ਼ਿਸ ਆ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਤੇ ਪਬਲਿਕ ’ਚ ਤਾਲਮੇਲ ਬਣਾਈ ਰੱਖਣ ਲਈ ਉਨ੍ਹਾਂ ਨੇ ਤਕਰੀਬਨ ਕਈ ਅਧਿਕਾਰੀਆਂ ਦੇ ਦਫ਼ਤਰ ਥਾਣਿਆਂ ’ਚ ਅਤੇ ਉਨ੍ਹਾਂ ਦੇ ਆਲੇ-ਦੁਆਲੇ ਬਣਾ ਦਿੱਤੇ ਹਨ ਤਾਂ ਕਿ ਲੋਕਾਂ ਨੂੰ ਲੋੜ ਪੈਣ ’ਤੇ ਬਿਹਤਰ ਸਹੂਲਤ ਮਿਲ ਸਕੇ ਤੇ ਉਨ੍ਹਾਂ ਨੂੰ ਵਾਰ-ਵਾਰ ਪੁਲਸ ਕਮਿਸ਼ਨਰ ਦਫ਼ਤਰ ’ਚ ਨਾ ਆਉਣਾ ਪਵੇ। ਉਨ੍ਹਾਂ ਦੱਸਿਆ ਏ. ਡੀ. ਸੀ. ਪੀ. ਸਿਟੀ-1 ਤੇਜਬੀਰ ਸਿੰਘ ਹੁੰਦਲ ਦਾ ਆਫ਼ਿਸ ਸਰਕਟ ਹਾਊਸ ਦੇ ਨਾਲ, ਏ. ਡੀ. ਸੀ. ਪੀ. ਸਿਟੀ-2 ਆਦਿੱਤਿਆ ਕੁਮਾਰ ਦਾ ਆਫ਼ਿਸ ਥਾਣਾ ਨੰ. 5, ਏ. ਡੀ. ਸੀ. ਪੀ. ਹੈੱਡਕੁਆਰਟਰ ਸੁਖਵਿੰਦਰ ਸਿੰਘ ਏ. ਡੀ. ਸੀ. ਪੀ. ਟ੍ਰੈਫਿਕ ਅਮਨਦੀਪ ਕੌਰ, ਏ. ਡੀ. ਸੀ. ਪੀ. ਆਪ੍ਰੇਸ਼ਨ ਐਂਡ ਸਕਿਓਰਿਟੀ ਚੰਦ ਸਿੰਘ ਪੁਲਸ ਕਮਿਸ਼ਨਰ ਆਫ਼ਿਸ।

ਇਸ ਤੋਂ ਇਲਾਵਾ ਏ. ਸੀ. ਪੀ. ਨਾਰਥ ਸ਼ੀਤਲ ਸਿੰਘ ਥਾਣਾ ਨੰ. 3 ’ਚ ਏ. ਸੀ. ਪੀ. ਵੈਸਟ ਬਲਜਿੰਦਰ ਸਿੰਘ ਥਾਣਾ ਬਸਤੀ ਬਾਵਾ ਖੇਲ, ਏ. ਸੀ. ਪੀ. ਸੈਂਟ੍ਰਲ ਨਿਰਮਲ ਸਿੰਘ ਥਾਣਾ ਨੰ. 4 ’ਚ, ਏ. ਸੀ. ਪੀ. ਮਾਡਲ ਟਾਊਨ ਥਾਣਾ ਨੰ. 7 ’ਚ, ਏ. ਸੀ. ਪੀ. ਕੈਂਟ ਨੇੜੇ ਦੁਸਹਿਰਾ ਗਰਾਊਂਡ ਜਲੰਧਰ ਕੈਂਟ, ਏ. ਸੀ. ਪੀ. ਹੈੱਡਕੁਆਰਟਰ ਮਨਮੋਹਨ ਸਿੰਘ ਪੁਲਸ ਲਾਈਨ, ਏ. ਸੀ. ਪੀ. ਕ੍ਰਾਈਮ ਸੀ. ਆਈ. ਏ. ਸਟਾਫ ਥਾਣਾ ਨੰ. 2, ਏ. ਸੀ. ਪੀ. ਸੀ. ਏ. ਡਬਲਯੂ. ਪੁਲਸ ਕਮਿਸ਼ਨਰ ਆਫਿਸ, ਏ. ਸੀ. ਪੀ. ਪੀ. ਬੀ. ਆਈ., ਐੱਨ. ਡੀ. ਪੀ. ਐੱਸ. ਨਾਰਕੌਟਿਕਸ ਪੁਲਸ ਕਮਿਸ਼ਨਰ ਆਫਿਸ, ਏ. ਸੀ. ਪੀ. ਸਾਈਬਰ ਕ੍ਰਾਈਮ ਓਲਡ ਕੰਟਰੋਲ ਰੂਮ ਪੁਲਸ ਲਾਈਨ, ਏ. ਸੀ. ਪੀ. ਸਕਿਓਰਿਟੀ ਤੇ ਲਾਈਸੈਸਿੰਗ। ਏ. ਸੀ. ਪੀ. ਸਪੈਸ਼ਨ ਕ੍ਰਾਈਮ ਪੁਲਸ ਕਮਿਸ਼ਨਰ ਆਫਿਸ, ਏ. ਸੀ. ਪੀ. ਟ੍ਰੈਫਿਕ ਪੁਲਸ ਲਾਈਨਜ਼ ਨਾਲ ਪੈਂਦੇ ਟ੍ਰੈਫਿਕ ਥਾਣਾ, ਏ. ਸੀ. ਪੀ. ਸਪੈਸ਼ਲ ਬ੍ਰਾਂਚ ਐਂਡ ਕ੍ਰਿਮੀਨਲ ਪੁਲਸ ਕਮਿਸ਼ਨਰ ਦਫਤਰ ’ਚ ਬੈਠਦੇ ਹਨ। ਉਨ੍ਹਾਂ ਦੱਸਿਆ ਕਿ ਇਸ ਨਾਲ ਲੋਕਾਂ ਨੂੰ ਪੁਲਸ ਅਧਿਕਾਰੀਅਾਂ ਨਾਲ ਮਿਲਣ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
 

PunjabKesari

ਪਬਲਿਕ ਦੇ ਨਿਮਰਤਾਪੂਰਵਕ ਬੋਲਣ ਦੇ ਦਿੱਤੇ ਹੁਕਮ
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਅਤੇ ਪਬਲਿਕ ’ਚ ਤਾਲਮੇਲ ਬਣਾਈ ਰੱਖਣ ਦੇ ਮਿਸ਼ਨ ਸਹਿਯੋਗ ਦੀ ਸ਼ੁਰੂਆਤ ਤੋਂ ਪਹਿਲਾਂ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਦੇ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਪਬਲਿਕ ਨਾਲ ਨਿਮਰਤਾਪੂਰਵਕ ਗੱਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਸਾਫ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨਾਲ ਕੋਈ ਵੀ ਮੁਲਾਜ਼ਮ ਗਲਤ ਵਿਵਹਾਰ ਕਰਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

ਕਿਹਾ- ਨਗਰ ਨਿਗਮ ਦੇ ਅਧਿਕਾਰੀਆਂ ਨਾਲ ਹੋਵੇਗੀ ਜਲਦ ਮੀਟਿੰਗ
‘ਮਿਸ਼ਨ ਸਹਿਯੋਗ’ ਦੀ ਸ਼ੁਰੂਆਤ ਦੌਰਾਨ ਕਈ ਪਤਵੰਤੇ ਲੋਕਾਂ ਨੇ ਪੁਲਸ ਕਮਿਸ਼ਨਰ ਨੂੰ ਸ਼ਹਿਰ ’ਚ ਰਾਤ ਦੇ ਹਨੇਰੇ ’ਚ ਵਧ ਰਹੇ ਅਪਰਾਧ ਦੀਆਂ ਵਾਰਦਾਤਾਂ ’ਤੇ ਰੋਕ ਲਾਉਣ ਅਤੇ ਜਲਦ ਲਾਈਟਾਂ ਲਾਉਣ ਦੀ ਗੱਲ ਕਹੀ ਤੇ ਇਸ ਲਈ ਮੀਟਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲਸ ਸ਼ਹਿਰ ਨੂੰ ਅਪਰਾਧ ਮੁਕਤ ਬਣਾਉਣ ਲਈ ਪੂਰਾ ਯਤਨ ਕਰ ਰਹੀ ਹੈ ਉਨ੍ਹਾਂ ਪਿਛਲੇ ਕੁਝ ਸਮੇਂ ’ਚ ਕਈ ਮਾਮਲਿਆਂ ਨੂੰ ਟਰੇਸ ਕਰ ਕੇ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਅਾਮ ਤੌਰ ’ਤੇ ਦੇਖਣ ਨੂੰ ਮਿਲਿਆ ਹੈ ਕਿ ਸ਼ਹਿਰ ’ਚ ਕਈ ਥਾਵਾਂ ’ਤੇ ਸਟ੍ਰੀਟ ਲਾਈਟਾਂ ਬੰਦ ਰਹਿੰਦੀਆਂ ਹਨ।

ਪੁਰਾਣੇ ਮੋਬਾਇਲ ਖ਼ਰੀਦਣ ਤੇ ਵੇਚਣ ਵਾਲਿਆਂ ਨੂੰ ਦਿੱਤੀ ਚਿਤਾਵਨੀ
ਪੁਲਸ ਕਮਿਸ਼ਨਰ ਨੇ ਸ਼ਹਿਰ ਦੇ ਮੋਬਾਇਲ ਵਿਕ੍ਰੇਤਾਵਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੁਰਾਣੇ ਮੋਬਾਈਲ ਖਰੀਦਣ ਤੇ ਵੇਚਣ ਵਾਲੇ ਸਾਵਧਾਨ ਹੋ ਜਾਣ। ਉਨ੍ਹਾਂ ਨੇ ਦੱਸਿਆ ਕਿ ਆਮ ਤੌਰ ’ਤੇ ਕਈ ਮਾਮਲਿਆਂ ’ਚ ਵੇਖਿਆ ਗਿਆ ਹੈ ਕਿ ਕਈ ਲੁਟੇਰੇ ਮੋਬਾਇਲ ਸਨੈਚ ਕਰਕੇ ਦੁਾਨਦਾਰਾਂ ਨੂੰ ਸਸਤੇ ਰੇਟਾਂ ’ਚ ਵੇਚ ਜਾਂਦੇ ਹਨ, ਜਦਕਿ ਉਹ ਮੋਬਾਇਲ ਖ਼ਰੀਦਦੇ ਸਮੇਂ ਉਕਤ ਵਿਅਕਤੀ ਦਾ ਕੋਈ ਆਈ. ਡੀ. ਪਰੂਫ ਤਕ ਨਹੀਂ ਲੈਂਦੇ। ਉਨ੍ਹਾਂ ਸਾਫ ਕਿਹਾ ਕਿ ਪੁਰਾਣਾ ਮੋਬਾਇਲ ਖ਼ਰੀਦਣ ਅਤੇ ਵੇਚਣ ਵਾਲੇ ਦੇ ਆਈ. ਡੀ. ਪਰੂਫ਼ ਅਤੇ ਮੋਬਾਇਲ ਫੋਨ ਦਾ ਬਿੱਲ ਲੈਣਾ ਵੀ ਜ਼ਰੂਰੀ ਹੋਵੇਗਾ ਨਹੀਂ ਤਾਂ ਜਾਂਚ ਦੌਰਾਨ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਪੁਲਸ ਉਸ ਵਿਰੁੱਧ ਸਖ਼ਤ ਕਾਰਵਾਈ ਕਰੇਗੀ।

ਜੌਲੀ ਬੇਦੀ ਨੇ ਜਾਗਰੂਕਤਾ ਕੈਂਪ ਲਾਉਣ ਦਾ ਦਿੱਤਾ ਸੁਝਾਅ
ਕੁਲਵਿੰਦਰ ਸਿੰਘ ਜੌਲੀ ਬੇਦੀ, ਫਾਊਂਡਰ ਪ੍ਰੈਜ਼ੀਡੈਂਟ ‘ਬਦਲਾਅ ਦਿ ਚੇਂਜ’ ਤੇ ਗਵਰਨਰ ਰੋਟਰੀ ਇੰਟਰਨੈਸ਼ਨਲ ਜਲੰਧਰ ਜ਼ੋਨ ਨੇ ਪੁਲਸ ਕਮਿਸ਼ਨਰ ਨਾਲ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਪਹਿਲਾਂ ਤੇ ਹੁਣ ਦੀ ਪੁਲਸ ’ਚ ਕਾਫੀ ਬਦਲਾਅ ਹੋ ਚੁੱਕਾ ਹੈ। ਉਨ੍ਹਾਂ ਪੁਲਸ ਕਮਿਸ਼ਨਰ ਨੂੰ ਅਪੀਲ ਕਰਦਿਆਂ ਹੋਏ ਕਿਹਾ ਕਿ ਪੁਲਸ ਤੇ ਪਬਲਿਕ ਦਰਮਿਆਨ ਹੋਰ ਤਾਲਮੇਲ ਮਜ਼ਬੂਤ ਕਰਨ ਲਈ ਹਰ ਖੇਤਰ ’ਚ ਜਾਗਰੂਕਤਾ ਕੈਂਪ ਲਗਾਏ ਜਾਣ ਤਾਂ ਕਿ ਹਰ ਕਿਸੇ ਨੂੰ ਪੁਲਸ ਦੇ ਰਵੱਈਏ ਦਾ ਪਤਾ ਲੱਗ ਸਕੇ ਤੇ ਕਿਸੇ ਦੇ ਮਨ ’ਚ ਕਿਸੇ ਤਰ੍ਹਾਂ ਦਾ ਪੁਲਸ ਪ੍ਰਤੀ ਕੋਈ ਭਰਮ ਨਾ ਰਹੇ।

66 ਫੁੱਟ ਰੋਡ ਨੂੰ ਟ੍ਰੈਫਿਕ ਤੋਂ ਨਿਜ਼ਾਤ ਪਾਉਣ ਦੀ ਅਪੀਲ
ਇਸ ਦੌਰਾਨ ਅਜੇਪਾਲ ਸਿੰਘ ਬਾਕਸਰ ਨੇ ਪੁਲਸ ਕਮਿਸ਼ਨਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਮਿਸ਼ਨਰੇਟ ਪੁਲਸ ਨੇ ਸ਼ਹਿਰ ’ਚ ਟ੍ਰੈਫਿਕ ਵਿਵਸਥਾ ’ਚ ਕਾਫ਼ੀ ਸੁਧਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ 66 ਫੁੱਟ ਰੋਡ ’ਤੇ ਸ਼ਾਮ ਨੂੰ 5 ਵਜੇ ਤੋਂ ਬਾਅਦ ਅਜਿਹੀਆਂ ਲੰਬਆਂ ਲਾਈਨਾਂ ਜਾਮ ਦੀਅਾਂ ਲੱਗਦੀਅਾਂ ਹਨ ਕਿ ਲੋਕਾਂ ਨੂੰ ਉਸ ਜਾਮ ’ਚੋਂ ਨਿਕਲਣ ਲਈ ਲੱਗਭਗ 1-1 ਘੰਟੇ ਖੜਾ ਹੋਣਾ ਪੈਂਦਾ ਹੈ। ਉਨ੍ਹਾਂ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਾਮ ਨੂੰ ਲੱਗਭਗ 5 ਤੋਂ ਰਾਤ 9 ਵਜੇ ਤੱਕ ਉਥੇ ਟਰੈਫਿਕ ਮੁਲਾਜ਼ਮ ਤਾਇਨਾਤ ਕੀਤੇ ਜਾਣ ਤਾਂ ਕਿ ਉੱਥੇ ਆਉਣ ਵਾਲੇ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਮਿਲ ਸਕੇ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਭਰੋਸਾ ਦਿੱਤਾ ਕਿ ਇਸ ਸਮੱਸਿਆ ਨੂੰ ਜਲਦੀ ਦੂਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ-ਵੱਡੀ ਖ਼ਬਰ: ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦਿੱਤਾ ਸਪਸ਼ਟੀਕਰਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News