ਗ੍ਰਿਫ਼ਤਾਰ ਕੀਤੇ ਗਏ 4 ਗੈਂਗਸਟਰਾਂ ਬਾਰੇ ਜਲੰਧਰ ਪੁਲਸ ਦਾ ਵੱਡਾ ਖ਼ੁਲਾਸਾ, 4 ਲੋਕਾਂ ਦਾ ਕਰਨਾ ਸੀ ਕਤਲ

Friday, Aug 04, 2023 - 12:16 PM (IST)

ਗ੍ਰਿਫ਼ਤਾਰ ਕੀਤੇ ਗਏ 4 ਗੈਂਗਸਟਰਾਂ ਬਾਰੇ ਜਲੰਧਰ ਪੁਲਸ ਦਾ ਵੱਡਾ ਖ਼ੁਲਾਸਾ, 4 ਲੋਕਾਂ ਦਾ ਕਰਨਾ ਸੀ ਕਤਲ

ਜਲੰਧਰ (ਸ਼ੋਰੀ, ਦਿਲਬਾਗੀ)- ਕੁਝ ਦਿਨ ਪਹਿਲਾਂ ਆਦਮਪੁਰ ਦੇ ਪਿੰਡ ਪਧਿਆਣਾ ’ਚ ਨੌਜਵਾਨ ਨੂੰ ਮਾਰਨ ਦੀ ਨੀਅਤ ਨਾਲ ਗੋਲ਼ੀਆਂ ਚਲਾ ਕੇ ਦਹਿਸ਼ਤ ਫੈਲਾਉਣ ਵਾਲੇ 4 ਗੈਂਗਸਟਰਾਂ ਨੂੰ ਦਿਹਾਤੀ ਪੁਲਸ ਨੇ ਆਖ਼ਰਕਾਰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ 3 ਪਿਸਤੌਲ 32 ਬੋਰ ਅਤੇ 13 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਪੁਲਸ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਲ ਕਰੇਗੀ ਤਾਂ ਜੋ ਉਨ੍ਹਾਂ ਦੇ ਕਿਹੜੇ-ਕਿਹੜੇ ਲੋਕਾਂ ਨਾਲ ਸਬੰਧ ਹਨ ਅਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਬਾਰੇ ਪਤਾ ਲੱਗ ਸਕੇ। 

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ 30 ਜੁਲਾਈ 2023 ਨੂੰ ਮਹਾਵੀਰ ਸਿੰਘ ਉਰਫ਼ ਕੋਕਾ ਪੁੱਤਰ ਤ੍ਰਿਲੋਚਨ ਸਿੰਘ ਵਾਸੀ ਪਿੰਡ ਡਮੁੰਡਾ ਥਾਣਾ ਆਦਮਪੁਰ, ਜੋਕਿ ਪਿੰਡ ਡਮੁੰਡਾ ਵਿਖੇ ਬਰਗਰ ਖਾਣ ਜਾ ਰਿਹਾ ਸੀ, ’ਤੇ ਕੁਝ ਨੌਜਵਾਨਾਂ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। 4 ਗੋਲ਼ੀਆਂ ਲੱਗਣ ਨਾਲ ਮਹਾਵੀਰ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਸਮੇਂ ਸਿਰ ਉਸ ਦਾ ਆਪ੍ਰੇਸ਼ਨ ਕਰ ਕੇ ਉਸ ਦੀ ਜਾਨ ਬਚਾਈ। ਉੱਥੇ ਹੀ ਇਸ ਮਾਮਲੇ ’ਚ ਥਾਣਾ ਆਦਮਪੁਰ ਦੀ ਪੁਲਸ ਨੇ ਕਤਲ ਦੀ ਕੋਸ਼ਿਸ਼ ਅਤੇ ਹੋਰ ਗੰਭੀਰ ਧਾਰਾਵਾਂ ਦਾ ਮਾਮਲਾ ਦਰਜ ਕਰ ਲਿਆ ਹੈ। 2 ਅਗਸਤ ਖ਼ੁਫ਼ੀਆ ਸੂਚਨਾ ਦੇ ਆਧਾਰ ’ਤੇ ਪੁਲਸ ਪਾਰਟੀ ਪੁਲ ਨਗਰ ਕਾਲੜਾ ਨੇੜੇ ਮੌਜੂਦ ਸੀ ਕਿ 3 ਨੌਜਵਾਨ 1 ਮੋਟਰਸਾਈਕਲ ’ਤੇ ਆਉਂਦੇ ਵੇਖੇ ਗਏ। ਪੁਲਸ ਨੂੰ ਵੇਖ ਕੇ ਜਦੋਂ ਉਹ ਘਬਰਾ ਕੇ ਮੋਟਰਸਾਈਕਲ ਨੂੰ ਮੋੜਨ ਲੱਗੇ ਤਾਂ ਤਿੰਨੋਂ ਜ਼ਮੀਨ ’ਤੇ ਡਿੱਗ ਗਏ, ਜਿਸ ਕਾਰਨ ਇਕ ਨੌਜਵਾਨ ਦੇ ਪੈਰ ’ਚ ਸੱਟ ਲੱਗ ਗਈ। ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਨੇ ਦੱਸਿਆ ਕਿ ਤਿੰਨਾਂ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਦੇ ਡੱਬ ’ਚੋਂ 3 ਪਿਸਤੌਲ ਬਰਾਮਦ ਹੋਏ।

ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਵਾਰਦਾਤ, ਦਿਨ ਚੜ੍ਹਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਮੁਲਜ਼ਮਾਂ ਦੀ ਪਛਾਣ ਅਮਨਪ੍ਰੀਤ ਸਿੰਘ ਅਮਨ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਰਿਹਾਣਾ ਜੱਟਾਂ ਕਪੂਰਥਲਾ, ਸੌਰਵ ਉਰਫ਼ ਗੌਰੀ ਪੁੱਤਰ ਵਿਜੇ ਕੁਮਾਰ ਵਾਸੀ ਪਿੰਡ ਰਿਹਾਣਾ ਜੱਟਾਂ, ਕੁਲਵੰਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਾਂਛਟਾ ਕਪੂਰਥਲਾ ਵਜੋਂ ਹੋਈ ਹੈ। ਜਸਪ੍ਰੀਤ ਸਿੰਘ ਜੱਸਾ ਪੁੱਤਰ ਪਰਮਜੀਤ ਸਿੰਘ ਵਾਸੀ ਰਿਹਾਣਾ ਜੱਟਾਂ ਤੇ ਚਰਨਜੋਤ ਸਿੰਘ ਜੇਤ ਪੁੱਤਰ ਗੁਰਮੁਖ ਸਿੰਘ ਵਾਸੀ ਮਲਕਪੁਰ ਕਪੂਰਥਲਾ ਨੇ ਗੋਲੀਆਂ ਚਲਾਉਣ ਤੋਂ ਪਹਿਲਾਂ ਮਹਾਵੀਰ ਸਿੰਘ ਦੀ ਰੇਕੀ ਕੀਤੀ ਸੀ। ਇਸ ਮਾਮਲੇ ’ਚ ਜਸਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਪੁਲਸ ਚਰਨਜੀਤ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਹੈ।

ਸਮੇਂ ਸਿਰ ਗੈਂਗਸਟਰ ਨਾ ਫੜੇ ਜਾਂਦੇ ਤਾਂ 4 ਹੋਰ ਕਤਲ ਹੋਣੇ ਸਨ: ਐੱਸ. ਐੱਸ. ਪੀ.
ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਸ ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਪਿੰਡ ਸੈਦਪੁਰ ਹੁਸ਼ਿਆਰਪੁਰ ਤੋਂ ਮਨਪ੍ਰੀਤ ਸਿੰਘ ਨੂੰ 1 ਲੱਖ 50 ਹਜ਼ਾਰ ’ਚ ਅਸਲਾ ਖਰੀਦਿਆ ਸੀ। ਮਨਪ੍ਰੀਤ ਸਿੰਘ ਨੂੰ ਕੁਝ ਸਮਾਂ ਪਹਿਲਾਂ ਐੱਸ. ਟੀ. ਐੱਫ਼. ਪੁਲਸ ਨੇ ਨਸ਼ਾ ਤਸਕਰੀ ਦੇ ਇਕ ਕੇਸ ’ਚ ਗ੍ਰਿਫ਼ਤਾਰ ਕੀਤਾ ਸੀ। ਉਹ ਹੁਣ ਕਪੂਰਥਲਾ ਜੇਲ੍ਹ ’ਚ ਬੰਦ ਹੈ। ਪੁਲਸ ਉਸ ਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਜੇਲ ਤੋਂ ਲਿਆ ਕੇ ਪੁੱਛਗਿੱਛ ਕਰੇਗੀ। ਐੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਕੁਲਵੰਤ ਸਿੰਘ ਆਪਣੀ ਵਿਰੋਧੀ ਪਾਰਟੀ ’ਤੇ ਹਮਲਾ ਕਰਨ ਤੋਂ ਪਹਿਲਾਂ ਫੇਸਬੁੱਕ ’ਤੇ ਪੋਸਟ ਕਰਦਾ ਸੀ ਅਤੇ ਘਟਨਾ ਤੋਂ ਬਾਅਦ ਵੀ ਫੇਸਬੁੱਕ ’ਤੇ ਪੋਸਟਾਂ ਪਾ ਕੇ ਦਹਿਸ਼ਤ ਫੈਲਾਉਂਦਾ ਸੀ। ਕੁਲਵੰਤ, ਅਮਨਪ੍ਰੀਤ ਅਤੇ ਸੌਰਵ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ ਤੇ ਤਿੰਨੋਂ ਕਈ ਮਾਮਲਿਆਂ ’ਚ ਭਗੌੜੇ ਸਨ, ਜੇਕਰ ਪੁਲਸ ਨੇ ਸਮੇਂ ਸਿਰ ਇਨ੍ਹਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਹੁੰਦਾ ਤਾਂ ਤਿੰਨਾਂ ਨੇ ਮਿਲ ਕੇ ਆਉਣ ਵਾਲੇ ਦਿਨਾਂ ’ਚ 4 ਲੋਕਾਂ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਦੀ ਟੀਮ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਸਾਰਿਆਂ ਨੂੰ ਕਾਬੂ ਕਰ ਲਿਆ। ਡੀ. ਜੀ. ਪੀ. ਗੌਰਵ ਯਾਦਵ ਦੇ ਹੁਕਮਾਂ ’ਤੇ ਹਰ ਹਾਲਤ ’ਚ ਕਾਨੂੰਨ ਵਿਵਸਥਾ ਬਣਾਈ ਰੱਖੀ ਜਾਵੇਗੀ।

ਇਹ ਵੀ ਪੜ੍ਹੋ- ਜਲੰਧਰ: ਅਧਿਆਪਕ ਨੇ ਨਾਬਾਲਗ ਵਿਦਿਆਰਥਣ ਨਾਲ ਕੀਤਾ ਜਬਰ-ਜ਼ਿਨਾਹ, ਗਰਭਵਤੀ ਹੋਣ 'ਤੇ ਖੁੱਲ੍ਹਿਆ ਭੇਤ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News