ਜਲੰਧਰ ਪੁਲਸ ਨੇ ਮੋਬਾਈਲ ਅਤੇ ਮੋਟਰਸਾਈਕਲ ਸਮੇਤ ਦੋ ਸਨੈਚਰ ਕੀਤੇ ਕਾਬੂ
Tuesday, Dec 03, 2024 - 04:52 PM (IST)
ਜਲੰਧਰ (ਕੁੰਦਨ, ਪੰਕਜ) : ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਸ਼ਹਿਰ ਵਿਚ ਸਨੈਚਿੰਗ ਦੀਆਂ ਵਾਰਦਾਤਾਂ ਵਿਚ ਸ਼ਾਮਲ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਜੋਤੀ ਮੁਹੰਮਦ ਸਮਾਇਲ, ਪੁੱਤਰ ਮੁਹੰਮਦ ਸ਼ਾਦ, ਵਾਸੀ ਕੁਆਟਰ ਕਲੋਨੀ, ਬਸਤੀ ਪੀਰਜ਼ਾਦ, ਜਲੰਧਰ ਨੇ ਸ਼ਿਕਾਇਤ ਦਿੱਤੀ ਸੀ ਕਿ 25 ਨਵੰਬਰ, 2024 ਨੂੰ ਦੁਪਹਿਰ 2 ਵਜੇ ਦੇ ਕਰੀਬ ਦੋ ਅਣਪਛਾਤੇ ਵਿਅਕਤੀਆਂ ਨੇ ਜਲੰਧਰ ਵਿਚ ਚਮੜਾ ਕੰਪਲੈਕਸ ਦੇ ਨੇੜੇ ਉਸਦਾ ਮੋਬਾਈਲ ਫ਼ੋਨ ਖੋਹ ਲਿਆ। ਸਿੱਟੇ ਵਜੋਂ ਉਨ੍ਹਾਂ ਦੱਸਿਆ ਕਿ 29 ਨਵੰਬਰ, 2024 ਨੂੰ ਥਾਣਾ ਬਸਤੀ ਬਾਵਾ ਖੇਲ, ਜਲੰਧਰ ਵਿਖੇ ਬੀਐੱਨਐੱਸ ਦੀ ਧਾਰਾ 304(2) ਅਤੇ 3(5) ਤਹਿਤ ਐੱਫਆਈਆਰ ਨੰਬਰ 195 ਦਰਜ ਕੀਤੀ ਗਈ ਸੀ।
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਵਿਗਿਆਨਕ ਅਤੇ ਮਨੁੱਖੀ ਸੂਝ-ਬੂਝ ਦੇ ਆਧਾਰ 'ਤੇ ਕੀਤੀ ਗਈ ਤਫ਼ਤੀਸ਼ ਦੌਰਾਨ ਦੋ ਮੁਲਜ਼ਮਾਂ ਦੀ ਪਛਾਣ ਸੌਰਵ ਪੁੱਤਰ ਬਿੱਟੂ, ਵਾਸੀ ਡਬਲਯੂ.ਜੇ.-165, ਲਾਹੌਰੀਆ, ਮੁਹੱਲਾ ਬਸਤੀ ਗੁੱਜਾ, ਜਲੰਧਰ, ਅਤੇ ਪੂਰੀ, ਪੁੱਤਰੀ ਵਿਰਾਸਤੀ, ਵਾਸੀ ਭਈਆ ਮੰਡੀ ਚੌਕ, ਬਸਤੀ ਬਾਵਾ ਖੇਲ, ਜਲੰਧਰ ਵਜੋਂ ਹੋਈ।
ਇਸ ਤੋਂ ਬਾਅਦ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਜਲੰਧਰ ਦੇ ਚਮੜਾ ਕੰਪਲੈਕਸ ਦੇ ਨੇੜੇ ਪਾਣੀ ਦੀ ਟੈਂਕੀ ਦੇ ਨਜ਼ਦੀਕ ਤੋਂ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਕੋਲੋਂ ਇਕ ਚੋਰੀ ਦਾ ਮੋਬਾਈਲ ਫ਼ੋਨ ਅਤੇ ਇਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿਚ ਸਾਂਝੇ ਕੀਤੇ ਜਾਣਗੇ।