ਗੁਰਪਤਵੰਤ ਸਿੰਘ ਪੰਨੂੰ 'ਤੇ ਸ਼ਿਕੰਜਾ ਕੱਸਣ ਦੀਆਂ ਤਿਆਰੀਆਂ

Thursday, Dec 20, 2018 - 11:38 AM (IST)

ਗੁਰਪਤਵੰਤ ਸਿੰਘ ਪੰਨੂੰ 'ਤੇ ਸ਼ਿਕੰਜਾ ਕੱਸਣ ਦੀਆਂ ਤਿਆਰੀਆਂ

ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 'ਸਿੱਖਸ ਫਾਰ ਜਸਟਿਸ' (ਐੱਸ. ਐੱਫ.ਜੇ.) ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਵਿਰੁੱਧ ਜ਼ੋਰਦਾਰ ਹਮਲਾ ਕਰਨ ਅਤੇ ਪਨੂੰ 'ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦਰਮਿਆਨ ਅੰਦਰੂਨੀ ਗੰਡਸੰਢ ਹੋਣ ਦੇ ਦੋਸ਼ ਲੱਗਣ ਪਿੱਛੋਂ  ਹੁਣ ਪੰਨੂ ਵਿਰੁੱਧ ਭਾਰਤ ਵਿਰੋਧੀ ਸਰਗਰਮੀਆਂ 'ਚ ਸ਼ਾਮਲ ਹੋਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਦੇ ਯਤਨ ਤੇਜ਼ ਕਰ ਦਿੱਤੇ ਹਨ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਰੈੱਡ ਕਾਰਨਰ ਨੋਟਿਸ ਜਦੋਂ ਇੰਟਰਪੋਲ ਵਲੋਂ ਜਾਰੀ ਕਰ ਦਿੱਤਾ ਜਾਂਦਾ ਹੈ ਤਾਂ ਸਬੰਧਿਤ ਵਿਅਕਤੀ ਨੂੰ ਵਿਦੇਸ਼ਾਂ 'ਚ ਗ੍ਰਿਫਤਾਰ ਕਰਨ ਦੇ ਨਿਰਦੇਸ਼ ਸਬੰਧਿਤ ਦੇਸ਼ਾਂ ਦੀਆਂ ਸਰਕਾਰਾਂ ਕੋਲ ਪਹੁੰਚ ਜਾਂਦੇ ਹਨ। ਇਹ ਨੋਟਿਸ ਇਕ ਤਰ੍ਹਾਂ ਨਾਲ ਇੰਟਰਨੈਸ਼ਨਲ ਗ੍ਰਿਫਤਾਰੀ ਵਾਰੰਟ ਹੁੰਦਾ ਹੈ। ਸੂਤਰਾਂ ਨੇ ਦੱਸਿਆ ਕਿ ਪੰਜਾਬ ਪੁਲਸ ਨੇ ਐੱਸ. ਐੱਫ. ਜੇ. ਵਿਚਾਰਧਾਰਾ ਨੂੰ ਪ੍ਰਸਾਰਿਤ ਕਰਨ ਵਾਲੇ ਪਨੂੰ ਦੀ ਹਵਾਲਗੀ ਬਾਰੇ ਵੀ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਪਨੂੰ ਅੰਮ੍ਰਿਤਸਰ ਨਾਲ ਸਬੰਧ ਰੱਖਦਾ ਹੈ ਅਤੇ 1990 ਤੋਂ ਅਮਰੀਕਾ 'ਚ ਰਹਿ ਰਿਹਾ ਹੈ। ਅੱਜਕਲ ਉਹ ਨਿਊਯਾਰਕ ਨੇੜੇ ਕੁਵੀਨਸ ਨਾਮੀ ਥਾਂ ਵਿਖੇ ਰਹਿੰਦਾ ਹੈ।

ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਬੇਨਤੀ 'ਤੇ ਪਨੂੰ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਲਈ ਸੀ. ਬੀ. ਆਈ. ਨੂੰ ਬੇਨਤੀ ਕੀਤੀ ਗਈ ਹੈ। ਪਨੂੰ ਦੇ ਨਾਲ ਹੀ ਕੁਝ ਹੋਰਨਾਂ ਵਿਅਕਤੀਆਂ ਵਿਰੁੱਧ ਮੋਹਾਲੀ 'ਚ ਕੇਸ ਦਰਜ ਹਨ। ਪੰਜਾਬ ਪੁਲਸ ਅਤੇ ਕੇਂਦਰੀ ਏਜੰਸੀਆਂ ਨੇ ਇਸ ਸਾਲ ਸਤੰਬਰ 'ਚ ਭਾਰਤ ਸਰਕਾਰ ਕੋਲ ਪਨੂੰ ਦੇ ਟਵਿਟਰ ਅਕਾਊਂਟ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਸੀ। ਉਸ ਪਿੱਛੋਂ  ਕੇਂਦਰ ਨੇ ਉਸ ਦੇ ਟਵਿਟਰ ਖਾਤੇ ਬੰਦ ਕਰਵਾ ਦਿੱਤੇ ਸਨ।

ਬੰਗਲਾਦੇਸ਼ ਵਾਂਗ ਪੰਜਾਬ ਨੂੰ 'ਆਜ਼ਾਦ' ਕਰਵਾਉਣ ਦੀ ਮੰਗ
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪਨੂੰ ਨੇ ਜਿਸ ਤਰ੍ਹਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਲੋਂ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਸਹਿਯੋਗ ਮੰਗਿਆ ਹੈ ਅਤੇ 2019 'ਚ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕਨਵੈਨਸ਼ਨ ਕਰਨ ਦਾ ਫੈਸਲਾ ਕੀਤਾ ਹੈ, ਤੋਂ ਬਾਅਦ ਉਸ ਦੀਆਂ ਸਰਗਰਮੀਆਂ ਏਜੰਸੀਆਂ ਦੇ ਰਡਾਰ 'ਤੇ ਮੁੜ ਤੋਂ ਆ ਗਈਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਪਨੂੰ ਨੂੰ ਆਧਾਰ ਬਣਾਉਂਦੇ ਹੋਏ ਪਾਕਿ ਸਰਕਾਰ ਅਤੇ ਉਥੋਂ ਦੀ ਫੌਜ 'ਤੇ ਹਮਲਾ ਬੋਲਿਆ ਹੈ। ਪਨੂੰ ਪੰਜਾਬ ਨੂੰ 'ਆਜ਼ਾਦ' ਕਰਵਾਉਣ ਦੀ ਗੱਲ ਕਹਿਣ ਦੇ ਪਿੱਛੇ ਇਹ ਦਲੀਲ ਦੇ ਰਿਹਾ ਹੈ ਕਿ ਦਸੰਬਰ 1971 'ਚ ਭਾਰਤੀ ਫੌਜ ਦੇ ਦਖਲ ਪਿੱਛੋਂ ਬੰਗਲਾਦੇਸ਼ ਹੋਂਦ 'ਚ ਆਇਆ ਸੀ। ਪਾਕਿ ਸਰਕਾਰ ਅਤੇ ਫੌਜ ਨੇ ਭਾਵੇਂ ਇਸ ਮੁੱਦੇ 'ਤੇ ਚੁੱਪ ਧਾਰੀ ਹੋਈ ਹੈ ਪਰ ਪੰਜਾਬ ਸਰਕਾਰ ਅਤੇ ਸੂਬਾਈ ਪੁਲਸ ਨੂੰ ਡਰ ਹੈ ਕਿ ਪਾਕਿ ਦੀ ਖੁੱਲ੍ਹੀ ਹਮਾਇਤ ਕਰਨ ਕਾਰਨ ਹੀ ਸਿੱਖਸ ਫਾਰ ਜਸਟਿਸ ਵਲੋਂ ਆਪਣੀਆਂ ਸਰਗਰਮੀਆਂ ਦਾ ਪਸਾਰ ਪਾਕਿਸਤਾਨ ਤਕ ਕੀਤਾ ਗਿਆ ਹੈ।

ਕੈਨੇਡਾ 'ਚ ਖਾਲਿਸਤਾਨੀਆਂ ਨੂੰ ਪਹਿਲੀ ਵਾਰ ਆਈ. ਐੱਸ. ਨਾਲ ਜੋੜਿਆ ਗਿਆ
ਦੁਨੀਆ 'ਚ ਸਭ ਤੋਂ ਖਤਰਨਾਕ ਅੱਤਵਾਦੀ ਸੰਗਠਨ ਆਈ. ਐੱਸ. ਨਾਲ ਖਾਲਿਸਤਾਨੀਆਂ ਨੂੰ ਕੈਨੇਡਾ ਸਰਕਾਰ ਨੇ ਜੋੜ ਦਿੱਤਾ ਹੈ। ਕੈਨੇਡਾ ਦੀ ਸਰਕਾਰ ਨੇ ਆਪਣੀ ਸਾਲਾਨਾ ਰਿਪੋਰਟ ਇਸ ਸਾਲ ਤਿਆਰ ਕੀਤੀ ਹੈ। ਇਸ ਵਿਚ ਦੇਸ਼ 'ਚ ਅੱਤਵਾਦ ਦੇ ਵਧ ਰਹੇ ਖਤਰੇ ਬਾਰੇ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਨੂੰ ਕੈਨੇਡਾ ਦੇ ਜਨਤਕ ਸੁਰੱਖਿਆ ਬਾਰੇ ਮੰਤਰੀ ਰਾਲਫ ਗੋਡਲੇ ਨੇ ਤਿਆਰ ਕੀਤਾ ਹੈ। ਇਸ ਵਿਚ ਸਰਕਾਰ ਨੇ ਸ਼ੀਆ ਅਤੇ ਖਾਲਿਸਤਾਨੀ ਅੱਤਵਾਦ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਮੰਨਿਆ ਹੈ।


author

Baljeet Kaur

Content Editor

Related News