ਸਮਾਰਟ ਸਿਟੀ ਦਾ ਪੈਸਾ ਖਾਣ ਵਾਲੇ ਅਫ਼ਸਰਾਂ ਨੇ ਜਲੰਧਰ ਤੋਂ ਇਲਾਵਾ ਚੰਡੀਗੜ੍ਹ, ਮੋਹਾਲੀ ਤੇ ਕਪੂਰਥਲਾ ’ਚ ਖ਼ਰੀਦੀਆਂ ਬੇਨਾਮੀ ਜ਼ਮੀਨਾਂ

Saturday, Nov 26, 2022 - 12:07 PM (IST)

ਜਲੰਧਰ (ਖੁਰਾਣਾ)–ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਜ਼ਾਨੇ ਤੋਂ ਸਮਾਰਟ ਸਿਟੀ ਜਲੰਧਰ ਨੂੰ ਆਏ ਕਰੋੜਾਂ ਰੁਪਿਆਂ ਵਿਚ ਘਪਲਾ ਕਰਨ ਅਤੇ ਕਮੀਸ਼ਨਬਾਜ਼ੀ ਦੀ ਖੇਡ ਖੇਡਣ ਵਾਲੇ ਕੁਝ ਅਫ਼ਸਰਾਂ ਨੇ ਇਸ ਪੈਸੇ ਨਾਲ ਨਾ ਸਿਰਫ਼ ਜਲੰਧਰ, ਸਗੋਂ ਚੰਡੀਗੜ੍ਹ ਅਤੇ ਮੋਹਾਲੀ ਵਰਗੇ ਵੱਡੇ ਸ਼ਹਿਰਾਂ ਅਤੇ ਕਪੂਰਥਲਾ ਵਰਗੇ ਛੋਟੇ ਕਸਬਿਆਂ ਆਦਿ ਵਿਚ ਵੀ ਜ਼ਮੀਨਾਂ ਦੀ ਖ਼ਰੀਦ ਕੀਤੀ। ਚਰਚਾ ਹੈ ਕਿ ਕੀਮਤੀ ਜ਼ਮੀਨਾਂ ਦੇ ਵਧੇਰੇ ਸੌਦੇ ਬੇਨਾਮੀ ਹੋਏ ਪਰ ਕੁਝ ਸੌਦੇ ਇਨ੍ਹਾਂ ਅਫ਼ਸਰਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ ਵੀ ਹਨ। ਜਲੰਧਰ ਦੀ ਗੱਲ ਕਰੀਏ ਤਾਂ ਜੁਡੀਸ਼ੀਅਲ ਕੰਪਲੈਕਸ ਅਤੇ ਕੇਸਰ ਪੈਟਰੋਲ ਪੰਪ ਦੇ ਨੇੜੇ ਕਮਰਸ਼ੀਅਲ ਡੀਲ ਕਰਨ ਤੋਂ ਇਲਾਵਾ ਪਿਛਲੇ 2-3 ਸਾਲਾਂ ਦੌਰਾਨ 66 ਫੁੱਟੀ ਰੋਡ ’ਤੇ ਕਈ ਫਲੈਟਾਂ, ਸੁਭਾਨਾ ਰੇਲਵੇ ਲਾਈਨ ਨੇੜੇ ਖੇਤੀ ਯੋਗ ਜ਼ਮੀਨ, ਵਿਨੇ ਮੰਦਿਰ ਨੇੜੇ ਬੇਸ਼ਕੀਮਤੀ ਪਲਾਟਾਂ ਅਤੇ ਭੀਮ ਜੀ ਪੈਲੇਸ ਜਲੰਧਰ ਕੈਂਟ ਨੇੜੇ ਪਾਸ਼ ਕਾਲੋਨੀਆਂ ਵਿਚ ਕਈ ਪਲਾਟਾਂ ਆਦਿ ਦੀ ਖ਼ਰੀਦਦਾਰੀ ਹੋਈ।

ਇਸ ਤੋਂ ਇਲਾਵਾ ਚੰਡੀਗੜ੍ਹ ਦੀ ਇਕ ਵੱਡੀ ਮਾਰਕੀਟ ਵਿਚ ਸ਼ੋਅਰੂਮ, ਮੋਹਾਲੀ ਵਿਚ ਕਮਰਸ਼ੀਅਲ ਮਾਲ ਅਤੇ ਕਪੂਰਥਲਾ ਵਿਚ ਵੀ ਜ਼ਮੀਨੀ ਸੌਦੇ ਕੀਤੇ ਗਏ। ਸ਼ਹਿਰ ਵਿਚ ਆਮ ਚਰਚਾ ਹੈ ਕਿ ਵਧੇਰੇ ਜ਼ਮੀਨੀ ਸੌਦਿਆਂ ਵਿਚ ਅਫ਼ਸਰਾਂ ਦਾ ਇਕ ਅਜਿਹਾ ਨੇੜਲਾ ਦੋਸਤ ਸ਼ਾਮਲ ਰਿਹਾ, ਜਿਹੜਾ ਨਰਿੰਦਰ ਸਿਨੇਮਾ ਨੇੜੇ ਟੂਰਿਜ਼ਮ ਦੇ ਕਾਰੋਬਾਰ ਵਿਚ ਹੈ ਪਰ ਬੇਨਾਮੀ ਸੌਦਿਆਂ ਦਾ ਮਾਹਿਰ ਹੈ। ਜਿਸ ਤਰ੍ਹਾਂ ਇਸ ਮਾਮਲੇ ਵਿਚ ਸਾਰੇ ਭੇਤ ਖੁੱਲ੍ਹਦੇ ਜਾ ਰਹੇ ਹਨ, ਮੰਨਿਆ ਇਹ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਜਿੱਥੇ ਸਮਾਰਟ ਸਿਟੀ ਵਿਚ ਰਹੇ ਅਫ਼ਸਰਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ ਅਤੇ ਕਮੀਸ਼ਨਬਾਜ਼ੀ ਨਾਲ ਸਬੰਧਤ ਸਕੈਂਡਲ ਦੀ ਜਾਂਚ ਹੋਵੇਗੀ, ਉਥੇ ਹੀ ਪ੍ਰਾਪਰਟੀ ਦੀ ਖ਼ਰੀਦੋ-ਫਰੋਖਤ ਵਿਚ ਰਹੇ ਕਾਰੋਬਾਰੀ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਵਿਖੇ ਦੋ ਭਰਾਵਾਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਚੱਲੇ ਤੇਜ਼ਧਾਰ ਹਥਿਆਰ, ਘਰ 'ਚ ਰੱਖਿਆ ਧੀ ਦਾ ਵਿਆਹ

ਇਕ ਠੇਕੇਦਾਰ ਕੋਲੋਂ ਰੈਨੋਵੇਟ ਕਰਵਾਇਆ ਗਿਆ ਆਪਣਾ ਪੁਸ਼ਤੈਨੀ ਘਰ
ਨਿਗਮ ਅਤੇ ਜਲੰਧਰ ਸਮਾਰਟ ਸਿਟੀ ਵਿਚ ਪਿਛਲੇ ਸਮੇਂ ਦੌਰਾਨ ਰਹੇ ਉੱਚ ਅਧਿਕਾਰੀਆਂ ਨੇ ਨਾ ਸਿਰਫ਼ ਸਰਕਾਰੀ ਪੈਸਿਆਂ ਨੂੰ ਲੈ ਕੇ ਲੁੱਟ ਮਚਾਈ ਅਤੇ ਠੇਕੇਦਾਰਾਂ ਕੋਲੋਂ ਕਮੀਸ਼ਨ ਵਜੋਂ ਕਰੋੜਾਂ ਰੁਪਏ ਬਟੋਰੇ, ਉਥੇ ਹੀ ਨਿਗਮ ਅਤੇ ਸਮਾਰਟ ਸਿਟੀ ਨਾਲ ਸਬੰਧਤ ਰਹੇ ਠੇਕੇਦਾਰਾਂ ਨੂੰ ਕਈ ਤਰ੍ਹਾਂ ਦੀਆਂ ‘ਵਗਾਰਾਂ’ਤੱਕ ਪਾਈਆਂ ਗਈਆਂ।
ਪਤਾ ਲੱਗਾ ਹੈ ਕਿ ਇਕ ਵੱਡੇ ਅਫ਼ਸਰ ਨੇ ਤਾਂ ਇਕ ਠੇਕੇਦਾਰ ਤੋਂ ਆਪਣਾ ਪੁਸ਼ਤੈਨੀ ਘਰ ਤੱਕ ਰੈਨੋਵੇਟ ਕਰਵਾਇਆ ਅਤੇ ਉਸ ’ਤੇ ਲੱਖਾਂ ਰੁਪਏ ਲੁਆ ਲਏ। ਇਹ ਪੁਸ਼ਤੈਨੀ ਘਰ ਦਰਜਨਾਂ ਕਮਰਿਆਂ ਵਾਲਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਕ ਕਾਲੋਨਾਈਜ਼ਰ ਨੂੰ ਸਰਪ੍ਰਸਤੀ ਦੇਣ ਬਦਲੇ ਨਾ ਸਿਰਫ਼ ਉਸ ਕੋਲੋਂ ਕਈ ਪਲਾਟ ਲਏ ਗਏ, ਸਗੋਂ ਇਕ ਹੋਰ ਕੇਸ ਵਿਚ ਮੁਫ਼ਤ ਵਿਚ ਹੀ ਕੁਝ ਫਲੈਟ ਵੀ ਆਪਣੇ ਨਾਂ ਕਰਵਾਏ ਗਏ। ਜੇਕਰ ਕਿਤੇ ਵਿਜੀਲੈਂਸ ਨੇ ਇਸ ਸਾਰੀ ਖੇਡ ਨੂੰ ਬੇਨਕਾਬ ਕਰਨਾ ਸ਼ੁਰੂ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਕਈ ਖੁਲਾਸੇ ਹੋ ਸਕਦੇ ਹਨ।

ਵਿਜੀਲੈਂਸ ਨੂੰ ਪੀ. ਡਬਲਿਊ. ਡੀ. ਤੋਂ ਮਿਲਣਗੀਆਂ ਟੈਕਨੀਕਲ ਟੀਮਾਂ
ਜਲੰਧਰ ਸਮਾਰਟ ਸਿਟੀ ਦੇ ਸਾਰੇ 64 ਪ੍ਰਾਜੈਕਟਾਂ ਦੀ ਜਾਂਚ ਦਾ ਜ਼ਿੰਮਾ ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਨੂੰ ਸੌਂਪਿਆ ਹੋਇਆ ਹੈ। ਅਧਿਕਾਰੀਆਂ ਦੇ ਤਬਾਦਲਿਆਂ ਅਤੇ ਕਈ ਹੋਰ ਕਾਰਨਾਂ ਕਰ ਕੇ ਅਜੇ ਜਾਂਚ ਦਾ ਕੰਮ ਕਾਫੀ ਢਿੱਲਾ ਚੱਲ ਰਿਹਾ ਹੈ ਪਰ ਵਿਜੀਲੈਂਸ ਅਧਿਕਾਰੀਆਂ ਨੇ ਪੰਜਾਬ ਸਰਕਾਰ ਨੂੰ ਇਕ ਚਿੱਠੀ ਲਿਖ ਕੇ ਟੈਕਨੀਕਲ ਟੀਮਾਂ ਦੀ ਮੰਗ ਕੀਤੀ ਹੈ ਤਾਂ ਕਿ ਸਮਾਰਟ ਸਿਟੀ ਦੇ ਕੰਮਾਂ ਦੀ ਮੌਕੇ ’ਤੇ ਜਾ ਕੇ ਜਾਂਚ ਕਰਵਾਈ ਜਾ ਸਕੇ। ਜਲੰਧਰ ਸਮਾਰਟ ਸਿਟੀ ਵੱਲੋਂ ਕਰਵਾਏ ਗਏ ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ, ਸਮਾਰਟ ਰੋਡਜ਼ ਪ੍ਰਾਜੈਕਟ, ਚੌਕ ਸੁੰਦਰੀਕਰਨ ਪ੍ਰਾਜੈਕਟ, ਪਾਰਕ ਡਿਵੈੱਲਪਮੈਂਟ ਪ੍ਰਾਜੈਕਟ ਦੇ ਨਾਲ-ਨਾਲ ਬਿਸਤ-ਦੋਆਬ ਨਹਿਰ ਦੇ ਸੁਧਾਰ ਸਬੰਧੀ ਪ੍ਰਾਜੈਕਟ ਨੂੰ ਵੀ ਵਿਜੀਲੈਂਸ ਜਾਂਚ ਵਿਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦੀ ਜਾਂਚ ਟੈਕਨੀਕਲ ਟੀਮਾਂ ਵੱਲੋਂ ਆਉਣ ਵਾਲੇ ਦਿਨਾਂ ਵਿਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਟਾਂਡਾ ਵਿਖੇ ਵਿਆਹ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਹੋਈ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News