ਜਲੰਧਰ ਨਿਗਮ ਚੋਣਾਂ ਲੜਨ ਵਾਲੇ ਹੋ ਜਾਣ ਤਿਆਰ, ਬਣਨ ਲੱਗਾ ਨਵੀਂ ਵਾਰਡਬੰਦੀ ਦਾ ਨਕਸ਼ਾ

Friday, Feb 10, 2023 - 11:02 AM (IST)

ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਦੇ ਕੌਂਸਲਰ ਹਾਊਸ ਦੀ ਮਿਆਦ 24 ਜਨਵਰੀ ਨੂੰ ਖ਼ਤਮ ਹੋ ਚੁੱਕੀ ਹੈ। ਅਜਿਹੀ ਹਾਲਤ ਵਿਚ ਨਵੀਂ ਨਗਰ ਨਿਗਮ ਦੀਆਂ ਚੋਣਾਂ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਇਸ ਪ੍ਰਕਿਰਿਆ ਤਹਿਤ ਪੂਰੇ ਸ਼ਹਿਰ ਦਾ ਪਾਪੂਲੇਸ਼ਨ ਸਰਵੇ ਪੂਰਾ ਕੀਤਾ ਜਾ ਚੁੱਕਾ ਹੈ ਅਤੇ ਇਸ ਨਾਲ ਸਬੰਧਤ ਸਾਰਾ ਡਾਟਾ ਵੀ ਚੰਡੀਗੜ੍ਹ ਵਿਚ ਲੋਕਲ ਬਾਡੀਜ਼ ਵਿਭਾਗ ਦੇ ਇਲੈਕਸ਼ਨ ਸੈੱਲ ਕੋਲ ਪਹੁੰਚ ਚੁੱਕਾ ਹੈ, ਜਿੱਥੇ ਅਗਲੀਆਂ ਚੋਣਾਂ ਲਈ ਫਾਰਮੂਲਾ ਤਿਆਰ ਕਰਨ ਦਾ ਕੰਮ ਚੱਲ ਰਿਹਾ ਹੈ। ਪਾਪੂਲੇਸ਼ਨ ਸਰਵੇ ਦਾ ਕੰਮ ਪੂਰਾ ਹੋਣ ਤੋਂ ਬਾਅਦ ਜਿਸ ਤਰ੍ਹਾਂ ਨਿਗਮ ਦੇ ਸਬੰਧਤ ਅਧਿਕਾਰੀਆਂ ਨੇ ਮੌਜੂਦਾ ਵਾਰਡਾਂ ਨਾਲ ਸਬੰਧਤ ਨਕਸ਼ਾ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਉਸ ਤੋਂ ਮੰਨਿਆ ਜਾ ਰਿਹਾ ਹੈ ਕਿ ਹੁਣ ਅਗਲੀਆਂ ਨਿਗਮ ਚੋਣਾਂ ਲੜਨ ਦੇ ਇੱਛੁਕ ਲੋਕਾਂ ਨੂੰ ਤਿਆਰ ਹੋ ਜਾਣਾ ਚਾਹੀਦਾ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿਚ ਇਸੇ ਨਕਸ਼ੇ ਦੇ ਆਧਾਰ ’ਤੇ ਵਾਰਡਾਂ ਦੀ ਛਾਂਟੀ ਦਾ ਕੰਮ ਹੋਵੇਗਾ ਅਤੇ ਨਵੇਂ-ਪੁਰਾਣੇ ਵਾਰਡਾਂ ਨੂੰ ਮਿਲਾ ਕੇ ਸ਼ਹਿਰ ਨੂੰ 85 ਹਿੱਸਿਆਂ ਵਿਚ ਵੰਡਿਆ ਜਾਵੇਗਾ। ਇਸ ਦੇ ਲਈ ਜਲਦ ਡੀਲਿਮੀਟੇਸ਼ਨ ਬੋਰਡ ਦੀ ਮੀਟਿੰਗ ਬੁਲਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਨਵੀਂ ਵਾਰਡਬੰਦੀ ਤਹਿਤ ਜਿੱਥੇ ਇਕ ਵਾਰਡ ਵਿਚ 15 ਹਜ਼ਾਰ ਦੇ ਲਗਭਗ ਜਨਸੰਖਿਆ ਹੋਵੇਗੀ, ਉਥੇ ਇਕ ਵਾਰਡ ਵਿਚ ਵੋਟਰਾਂ ਦੀ ਗਿਣਤੀ 10 ਹਜ਼ਾਰ ਦੇ ਲਗਭਗ ਰੱਖੀ ਜਾ ਸਕਦੀ ਹੈ।

ਸੁਖਪਾਲ ਖਹਿਰਾ ਦਾ ਵੱਡਾ ਬਿਆਨ, 'ਬਾਹਰੀ ਵਿਅਕਤੀ ਪੰਜਾਬ 'ਚ ਜ਼ਮੀਨ ਦਾ ਮਾਲਕ ਨਾ ਬਣੇ, ਪੇਸ਼ ਕਰਾਂਗਾ ਬਿੱਲ'

ਡਿਜੀਟਲ ਦੇ ਨਾਲ-ਨਾਲ ਵਾਰਡਾਂ ਦੀ ਹੋਵੇਗੀ ਮੈਨੂਅਲ ਕਟਿੰਗ
ਇਸ ਵਾਰ ਸੰਭਾਵੀ ਤੌਰ ’ਤੇ ਮਈ ਮਹੀਨੇ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਲਈ ਹਾਲ ਹੀ ਵਿਚ ਜੋ ਪਾਪੂਲੇਸ਼ਨ ਸਰਵੇ ਹੋਇਆ ਹੈ, ਉਸ ਤਹਿਤ ਵਿਸ਼ੇਸ਼ ਐਪ ਜ਼ਰੀਏ ਜਲੰਧਰ ਦੇ ਸਾਰੇ ਵਾਰਡਾਂ ਦਾ ਡਿਜੀਟਲ ਮੈਪ ਤਿਆਰ ਕੀਤਾ ਜਾ ਚੁੱਕਾ ਹੈ ਅਤੇ ਹੁਣ ਕੱਪੜੇ ਦੇ ਇਕ ਵੱਡੇ ਸਾਰੇ ਟੁਕੜੇ ’ਤੇ ਮੈਨੂਅਲ ਢੰਗ ਨਾਲ ਨਕਸ਼ਾ ਬਣ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਇਸ ਨਕਸ਼ੇ ਨੂੰ ਤਿਆਰ ਕਰਕੇ ਚੰਡੀਗੜ੍ਹ ਭੇਜ ਦਿੱਤਾ ਜਾਵੇਗਾ, ਜਿੱਥੇ ਡਿਜੀਟਲ ਪ੍ਰਕਿਰਿਆ ਦੇ ਨਾਲ-ਨਾਲ ਮੈਨੂਅਲ ਢੰਗ ਨਾਲ ਵੀ ਵਾਰਡਾਂ ਦੀ ਛਾਂਟੀ ਹੋਵੇਗੀ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਚੋਣਾਂ ਲੜਨ ਦੇ ਉਮੀਦਵਾਰ ਇਹ ਇੱਛਾ ਰੱਖਦੇ ਹਨ ਕਿ ਉਨ੍ਹਾਂ ਦੇ ਵਾਰਡ ਵਿਚੋਂ ਫਲਾਣਾ ਇਲਾਕਾ ਕੱਟ ਦਿੱਤਾ ਜਾਵੇ ਜਾਂ ਦੂਜਾ ਜੋੜ ਦਿੱਤਾ ਜਾਵੇ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੀ ਵਾਰਡਬੰਦੀ ਦੀ ਪ੍ਰਕਿਰਿਆ ਵਿਚ ਨਵੇਂ ਵਾਰਡਾਂ ਨਾਲ ਛੇੜਛਾੜ ਸੰਭਾਵਿਤ ਹੈ। ਜਲੰਧਰ ਕੈਂਟ ਦੇ ਜੋ 12 ਪਿੰਡ ਨਿਗਮ ਦੀ ਹੱਦ ਵਿਚ ਜੋੜੇ ਗਏ ਹਨ, ਉਥੇ ਬਿਲਕੁਲ ਹੀ ਨਵੇਂ ਵਾਰਡ ਬਣਾਏ ਜਾਣਗੇ। ਪਿੰਡਾਂ ਦੇ ਕੁਝ ਹਿੱਸਿਆਂ ਨੂੰ ਛਾਉਣੀ ਇਲਾਕੇ ਦੇ ਵਾਰਡਾਂ ਨਾਲ ਵੀ ਜੋੜਿਆ ਜਾ ਸਕਦਾ ਹੈ।

ਵਾਰਡਬੰਦੀ ’ਚ ਜਿਸ ਦੀ ਚੱਲ ਗਈ, ਉਸ ਦੇ ਚਾਂਸ ਜ਼ਿਆਦਾ ਹੋਣਗੇ
2017 ਵਿਚ ਹੋਈਆਂ ਨਿਗਮ ਚੋਣਾਂ ਲਈ ਉਸ ਸਾਲ ਚੰਡੀਗੜ੍ਹ ਵਿਚ ਜਲੰਧਰ ਨਿਗਮ ਦੀ ਜਿਹੜੀ ਨਵੀਂ ਵਾਰਡਬੰਦੀ ਹੋਈ ਸੀ, ਉਸ ਵਿਚ ਕਾਂਗਰਸੀ ਆਗੂਆਂ ਨੇ ਪੂਰੀ ਮਿਹਨਤ ਨਾਲ ਹਿੱਸਾ ਲਿਆ ਸੀ ਅਤੇ ਚੰਡੀਗੜ੍ਹ ਵਿਚ ਦਿਨ-ਰਾਤ ਲਾ ਕੇ ਵਧੇਰੇ ਵਾਰਡਾਂ ਵਿਚ ਛਾਂਟੀ ਕਰ ਲਈ ਸੀ, ਜਿਸ ਕਾਰਨ ਕਾਂਗਰਸ ਪਾਰਟੀ 80 ਵਿਚੋਂ 65 ਸੀਟਾਂ ਜਿੱਤਣ ਵਿਚ ਕਾਮਯਾਬ ਰਹੀ।

ਇਹ ਵੀ ਪੜ੍ਹੋ : ਦੇਹ ਵਪਾਰ ਦੇ ਅੱਡਿਆਂ ਦਾ ਗੜ੍ਹ ਬਣ ਚੁੱਕਿਐ ਜਲੰਧਰ ਦਾ ਵੈਸਟ ਹਲਕਾ, ਇਨ੍ਹਾਂ ਮੁਹੱਲਿਆਂ ’ਚ ਚੱਲ ਰਿਹੈ ਗਲਤ ਕੰਮ

ਉਦੋਂ ਚਾਰੋਂ ਵਿਧਾਇਕ ਸੁਸ਼ੀਲ ਰਿੰਕੂ, ਰਾਜਿੰਦਰ ਬੇਰੀ, ਬਾਵਾ ਹੈਨਰੀ ਅਤੇ ਪਰਗਟ ਸਿੰਘ ਤੋਂ ਇਲਾਵਾ ਕਈ ਕਾਂਗਰਸੀ ਆਗੂਆਂ ਬਲਰਾਜ ਠਾਕੁਰ, ਮਨੋਜ ਅਰੋੜਾ (ਹੁਣ ਸਵਰਗੀ), ਰੋਹਨ ਸਹਿਗਲ, ਜਗਦੀਸ਼ ਰਾਜਾ, ਕੌਂਸਲਰ ਗਿਆਨ ਚੰਦ ਆਦਿ ਨੇ ਸਰਗਰਮੀ ਨਾਲ ਹਿੱਸਾ ਲਿਆ ਸੀ ਅਤੇ ਕਾਂਗਰਸ ਦੇ ਮੁਤਾਬਕ ਵਾਰਡ ਬਣਵਾਏ ਸਨ। ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਸਿਆਸਤ ਵਿਚ ਨਵੇਂ-ਨਵੇਂ ਆਏ ਵਿਧਾਇਕ ਰਮਨ ਅਰੋੜਾ ਵਾਰਡਬੰਦੀ ਵਿਚ ਐਕਟਿਵ ਭੂਮਿਕਾ ਨਿਭਾ ਪਾਉਂਦੇ ਹਨ ਜਾਂ ਨਹੀਂ। ਇਸੇ ਤਰ੍ਹਾਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਲਈ ਵੀ ਨਵੀਂ ਵਾਰਡਬੰਦੀ ਇਕ ਚੈਲੇਂਜ ਸਾਬਿਤ ਹੋਵੇਗੀ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਨਵੀਂ ਵਾਰਡਬੰਦੀ ਵਿਚ ਜਿਸ ਦੀ ਚੱਲ ਗਈ, ਉਸ ਦੇ ਜਿੱਤਣ ਦੇ ਚਾਂਸ ਜ਼ਿਆਦਾ ਹੋਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News